ਜ਼ੋਹਰਾ ਸਹਿਗਲ ਨੂੰ ਗੂਗਲ ਨੇ ਡੂਡਲ ਬਣਾ ਕੇ ਕੀਤਾ ਯਾਦ
ਫ਼ਿਲਮ ਜਗਤ ਦੀ ਮਹਾਨ ਹਸਤੀ ਜ਼ੋਹਰਾ ਸਹਿਗਲ ਨੂੰ ਗੂਗਲ ਨੇ ਡੂਡਲ ਬਣਾ ਕੇ ਯਾਦ ਕੀਤਾ ਹੈ । ਉਤਰ ਪ੍ਰਦੇਸ਼ ਦੇ ਕਸਬਾ ਰਾਮਪੁਰ ਵਿੱਚ ਜਨਮੀ ਜ਼ੋਹਰਾ ਦਾ ਅਸਲ ਨਾਂ ਸਾਹਿਬਜ਼ਾਦੀ ਜ਼ੋਹਰਾ ਮੁਮਤਾਜ਼ੁੱਲਾਹ ਖ਼ਾਨ ਬੇਗ਼ਮ ਸੀ। ਬਚਪਨ ਤੋਂ ਲੜਕਿਆਂ ਵਾਲੇ ਸ਼ੌਕ ਪਾਲਣ ਵਾਲੀ ਤੇ ਸੁਭਾਅ ਦੀ ਅਤਿ ਸ਼ਰਾਰਤੀ ਜ਼ੋਹਰਾ ਦੀ ਪੜ੍ਹਾਈ ਲਿਖਾਈ ਤੇ ਪਾਲਣ ਪੋਸ਼ਣ ਦੇਹਰਾਦੂਨ ਨੇੜਲੇ ਕਸਬਾ ਚਕਾਰਤਾ ਵਿਖੇ ਹੋਇਆ ਸੀ। ਜ਼ੋਹਰਾ ਅਜੇ ਬਹੁਤ ਛੋਟੀ ਸੀ ਕਿ ਉਸਦੀ ਮਾਂ ਦਾ ਦੇਹਾਂਤ ਹੋ ਗਿਆ।
ਮਾਂ ਦੀ ਇੱਛਾ ਅਨੁਸਾਰ ਜ਼ੋਹਰਾ ਅਤੇ ਉਸਦੀ ਭੈਣ ਨੂੰ ਲਾਹੌਰ ਦੇ ਕੁਈਨ ਮੈਰੀ ਕਾਲਜ ਵਿਖੇ ਪੜ੍ਹਨ ਲਈ ਭੇਜਿਆ ਗਿਆ। ਬੀ.ਏ.ਦੀ ਡਿਗਰੀ ਹਾਸਿਲ ਕਰਨ ਉਪਰੰਤ ਜ਼ੋਹਰਾ ਦੇ ਮਾਮੇ ਨੇ ਉਸਨੂੰ ਅਦਾਕਾਰੀ ਦੀ ਕਲਾ ਸਿੱਖਣ ਲਈ ਇੱਕ ਬਰਤਾਨਵੀ ਅਦਾਕਾਰ ਕੋਲ ਭੇਜ ਦਿੱਤਾ। ਸੰਨ 1940 ਵਿੱਚ ਜਦੋਂ ਅਠਾਈ ਸਾਲ ਦੀ ਸੀ ਤਾਂ ਪੰਡਿਤ ਉਦੇ ਸ਼ੰਕਰ ਨੇ ਉਸਨੂੰ ਉੱਤਰ ਪ੍ਰਦੇਸ਼ ਦੇ ਅਲਮੋੜਾ ਵਿਖੇ ਸਥਿਤ ਆਪਣੇ ਸੱਭਿਆਚਾਰਕ ਕੇਂਦਰ ਵਿਖੇ ਅਧਿਆਪਕਾ ਨਿਯੁਕਤ ਕਰ ਦਿੱਤਾ।
ਹੋਰ ਪੜ੍ਹੋ :
ਇੱਥੇ ਹੀ ਜ਼ੋਹਰਾ ਦੀ ਮੁਲਾਕਾਤ ਸ੍ਰੀ ਕਾਮੇਸ਼ਵਰ ਸਹਿਗਲ ਨਾਮਕ ਸ਼ਖ਼ਸ ਨਾਲ ਹੋਈ ਜੋ ਕਿ ਇੱਕ ਸੂਝਵਾਨ ਵਿਗਿਆਨੀ,ਚਿੱਤਰਕਾਰ ਅਤੇ ਅਦਾਕਾਰ ਸੀ। ਜ਼ੋਹਰਾ ਨੂੰ ਛੇਤੀ ਹੀ ਕਾਮੇਸ਼ਵਰ ਨਾਲ ਮੁਹੱਬਤ ਹੋ ਗਈ ਤੇ ਬਾਅਦ ਵਿੱਚ ਦੋਵਾਂ ਨੇ ਸ਼ਾਦੀ ਕਰਵਾ ਲਈ। ਸੰਨ 1945 ਵਿੱਚ ਰੰਗਮੰਚ ਦੀ ਦੀਵਾਨੀ ਜ਼ੋਹਰਾ ਨੇ ਅਦਾਕਾਰ ਪ੍ਰਿਥਵੀ ਰਾਜ ਕਪੂਰ ਦੇ ਪ੍ਰਿਥਵੀ ਥੀਏਟਰ ਗਰੁੱਪ ਵਿੱਚ ਸ਼ਾਮਿਲ ਹੋ ਕੇ ਲਗਪਗ ਪੰਦਰ੍ਹਾਂ ਸਾਲ ਤੱਕ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਨਾਟਕ ਖੇਡੇ ਤੇ ਨਾਲ ਦੀ ਨਾਲ ਉਹ ਨਾਟ ਸੰਸਥਾ ‘ਇਪਟਾ’ ਦਾ ਵੀ ਹਿੱਸਾ ਬਣੀ।
ਇਪਟਾ ਵੱਲੋਂ ਲੇਖਕ-ਨਿਰਦੇਸ਼ਕ ਖ਼ਵਾਜਾ ਅਹਿਮਦ ਅੱਬਾਸ ਦੀ ਅਗਵਾਈ ਵਿੱਚ ਬਣਾਈ ਗਈ ਪਹਿਲੀ ਫ਼ੀਚਰ ਫ਼ਿਲਮ ‘ ਧਰਤੀ ਕੇ ਲਾਲ ‘ ਵਿੱਚ ਵੀ ਜ਼ੋਹਰਾ ਨੇ ਆਪਣੀ ਅਦਾਕਾਰੀ ਤੇ ਨਾਚ ਕਲਾ ਦੇ ਜੌਹਰ ਵਿਖਾਏ ਤੇ ਇਸ ਤੋਂ ਬਾਅਦ ਇਪਟਾ ਦੀ ਦੂਜੀ ਪੇਸ਼ਕਸ਼ ‘ਨੀਚਾ ਨਗਰ’ ਵਿੱਚ ਵੀ ਉਸਨੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਥੀਏਟਰ ਅਤੇ ਫ਼ਿਲਮ ਜਗਤ ਦੀ ਇਸ ਮਹਾਨ ਫ਼ਨਕਾਰ ਨੂੰ ਕਈ ਸਾਰੇ ਇਨਾਮਾਂ-ਸਨਮਾਨਾਂ ਨਾਲ ਨਿਵਾਜਿਆ ਗਿਆ ਸੀ ਜਿਨ੍ਹਾ ਵਿੱਚ ‘ ਸੰਗੀਤ ਨਾਟਕ ਅਕਾਦਮੀ ਪੁਰਸਕਾਰ, ਪਦਮ ਸ੍ਰੀ, ਕਾਲੀਦਾਸ ਸਨਮਾਨ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ’ ਵੀ ਸ਼ਾਮਿਲ ਸਨ। ਹਸਮੁੱਖ ਸੁਭਾਅ ਦੀ ਇਸ ਸੁਲਝੀ ਹੋਈ ਫ਼ਨਕਾਰ ਦਾ 10 ਜੁਲਾਈ, 2014 ਨੂੰ ਦੇਹਾਂਤ ਹੋ ਗਿਆ ਸੀ।