ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲਕੇ ਭਾਵੁਕ ਹੋਏ ਯੋਗਰਾਜ ਸਿੰਘ, ਕਿਹਾ-‘ਮੈਂ ਮਾਪਿਆਂ ਦਾ ਤੇ ਪੰਜਾਬ ਦਾ ਪੁੱਤ ਵਾਪਿਸ ਤਾਂ ਨਹੀਂ ਲੈ ਕੇ ਆ ਸਕਦਾ ਪਰ...’
ਸਿੱਧੂ ਮੂਸੇਵਾਲਾ ਦੀ ਹਵੇਲੀ ਜਿਸ ‘ਚ ਕਿੱਥੇ ਤਾਂ ਸੁਹਾਗ ਦੀਆਂ ਘੋੜੀਆਂ ਗਾਉਣੀਆਂ ਸਨ, ਪਰ ਹੁਣ ਉਸੇ ਹਵੇਲੀ ‘ਚ ਕੀਰਨੇ ਪੈ ਰਹੇ ਹਨ। ਦੱਸ ਦਈਏ ਇਸ ਮਹੀਨੇ ਹੀ ਸਿੱਧੂ ਮੂਸੇਵਾਲਾ ਦਾ ਵਿਆਹ ਹੋਣ ਸੀ, ਪਰ ਸਿੱਧੂ ਮੂਸੇਵਾਲੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਖ਼ਬਰ ਤੋਂ ਬਾਅਦ ਪੰਜਾਬ ਚ ਸੋਗ ਪਸਰਿਆ ਪਿਆ ਹੈ। ਜਿਸ ਕਰਕੇ ਸਿੱਧੂ ਮੂਸੇਵਾਲਾ ਦੇ ਘਰ ਪੰਜਾਬੀ ਕਲਾਕਾਰ ਅਫਸੋਸ ਕਰਨ ਪਹੁੰਚ ਰਹੇ ਹਨ। ਪੰਜਾਬੀ ਦਿੱਗਜ ਕਲਾਕਾਰ ਯੋਗਰਾਜ ਸਿੰਘ ਸਿੱਧੂ ਮੂਸੇਵਾਲਾ ਦੇ ਘਰ ਮਾਪਿਆਂ ਦਾ ਦੁੱਖ ਵੰਡਾਉਣ ਪਹੁੰਚੇ।
ਜੀ ਹਾਂ ਯੋਗਰਾਜ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕਾਰ ਸਿੰਘ ਦੇ ਗਲੇ ਮਿਲਕੇ ਭਾਵੁਕ ਹੁੰਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਪਰਿਵਾਰ ਦੇ ਨਾਲ ਦੁੱਖ ਵੰਡਿਆ। ਯੋਗਰਾਜ ਸਿੰਘ ਦੇ ਨਾਮ ਦੇ ਇੰਸਟਾਗ੍ਰਾਮ ਪੇਜ਼ ਉੱਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ। ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਸਿੱਧੂ ਮੂਸੇਵਾਲਾ…. ਮੈਂ ਮਾਪਿਆਂ ਦਾ ਤੇ ਪੰਜਾਬ ਦਾ ਪੁੱਤ ਵਾਪਿਸ ਤਾ ਨਹੀਂ ਲੈ ਕੇ ਆ ਸਕਦਾ... ਪਰ ਮੇਰੇ ਬਾਬਾ ਦੀਪ ਸਿੰਘ ਜੀ ਮੈਨੂੰ ਹਿੰਮਤ ਬਖਸ਼ਨ ਕੇ ਮੈਂ ਸਿੱਧੂ ਪਰਿਵਾਰ ਨਾਲ ਮੋਢੇ ਨਾਲ ਮੋਢਾ ਲੈ ਕੇ ਖੜ ਸਕਾਂ ਤੇ ਸੁਖ-ਦੁੱਖ ਵੰਡਾ ਸਕਾਂ ।
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਆਪਣੇ ਗੁਰੂਆਂ ਦਾ ਹੁਕਮ ਹੈ, ਅਕਾਲ ਪੁਰਖ ਦੇ ਭਾਣੇ ਵਿਚ ਰਹਿਣਾ ਤੇ ਭਾਣਾ ਮੰਨਣ ਦਾ ਬਲ ਬਖਸ਼ਣਾ.. . ਸਿੱਧੂ ਮੂਸੇਵਾਲੇ ਦੀ ਯਾਦ ਆਪਾਂ ਦਿਲ ਵਿਚ ਲੈ ਕੇ ਜ਼ਿੰਦਗੀ ਬਤੀਤ ਕਰੀਏ । ਵਾਹਿਗੁਰੂ ਜੀ’। ਦੱਸ ਦਈਏ ਸਿੱਧੂ ਮੂਸੇਵਾਲਾ ਦੇ ਘਰ ਲਗਾਤਾਰ ਪੰਜਾਬੀ ਕਲਾਕਾਰ ਪਹੁੰਚ ਕੇ ਇਸ ਮੁਸ਼ਕਿਲ ਸਮੇਂ ‘ਚ ਮਾਪਿਆਂ ਨੂੰ ਹੌਸਲਾ ਦੇ ਰਹੇ ਹਨ। ਪਰਮੀਸ਼ ਵਰਮਾ, ਸੋਨਮ ਬਾਜਵਾ, ਮਾਸਟਰ ਸਲੀਮ, ਹੰਸ ਰਾਜ ਹੰਸ, ਗੁੱਗੂ ਗਿੱਲ ਸਣੇ ਕਈ ਕਲਾਕਾਰ ਇਸ ਦੁੱਖਦਾਇਕ ਸਮੇਂ ‘ਚ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲ ਚੁੱਕੇ ਹਨ।
ਦੱਸ ਦਈਏ ਕਿ 29 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਨੇੜਲੇ ਪਿੰਡ ਜਵਾਹਰਕੇ ਦੇ ਵਿਚ ਹਥਿਆਰਬੰਦ ਲੋਕਾਂ ਵੱਲੋਂ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਦੌਰਾਨ ਸਿੱਧੂ ਦੇ ਨਾਲ ਥਾਰ ਗੱਡੀ ਦੇ ਵਿੱਚ ਮੌਜੂਦ ਉਨ੍ਹਾਂ ਦੇ ਦੋ ਸਾਥੀਆਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਪਰ ਸਿੱਧੂ ਮੂਸੇਵਾਲਾ ਇਸ ਦੁਨੀਆਂ ਤੋਂ ਸਦਾ ਦੇ ਲਈ ਰੁਖ਼ਸਤ ਹੋ ਚੁੱਕੇ ਹਨ।
View this post on Instagram