ਇਹ ਵੀਡੀਓ ਲੈ ਜਾਵੇਗੀ ਬਚਪਨ ਦੀ ਖ਼ੂਬਸੂਰਤ ਯਾਦਾਂ ‘ਚ ਜਦੋਂ ਬੱਚੇ ਫੱਟੀ ‘ਤੇ ਲਿਖਦੇ ਹੁੰਦੇ ਸਨ, ਜਾਣੋ ਫੱਟੀ ਦੀ ਕੀ ਸੀ ਅਹਿਮੀਅਤ
‘ਸੂਰਜਾ-ਸੂਰਜਾ ਫੱਟੀ ਸੁਕਾ, ਨਹੀਂ ਸੁਕਾਉਣੀ ਬੰਬੇ ਜਾ
ਬੰਬੇ ਜਾ ਕੇ ਪੀਂਘਾਂ ਪਾ, ਤੇਰੀ ਪੀਂਘ ਟੁੱਟ ਗਈ, ਸਾਡੀ ਫੱਟੀ ਸੁੱਕ ਗਈ’
ਇਹ ਸਤਰਾਂ ਉਨ੍ਹਾਂ ਲੋਕਾਂ ਦੇ ਜ਼ਹਿਨ ਚ ਅੱਜ ਵੀ ਤਾਜ਼ਾ ਹੈ ਜਿਨ੍ਹਾਂ ਨੇ ਫੱਟੀ ਦਾ ਪ੍ਰਯੋਗ ਕੀਤਾ ਹੋਇਆ ਹੈ। ਫੱਟੀ ਦਾ ਨਾਂਅ ਜ਼ਹਿਨ ਵਿਚ ਆਉਂਦਿਆਂ ਹੀ ਕਈਆਂ ਨੂੰ ਆਪਣਾ ਬਚਪਨ ਤੇ ਉਸ ਬਚਪਨ ਦੀ ਖ਼ੁਸ਼ਬੂ ਯਾਦ ਤਾਜ਼ਾ ਹੋ ਗਈਆਂ ਹੋਣੀਆਂ। ਫੱਟੀ ਮਹਿਜ਼ ਲੱਕੜ ਦਾ ਟੋਟਾ ਨਹੀਂ ਸਗੋਂ ਸਿੱਖਿਆ ਦੀ ਦੁਨੀਆ ਵਿੱਚ ਰੱਖਿਆ ਪਹਿਲਾ ਕਦਮ ਹੁੰਦਾ ਸੀ। ਜਦੋਂ ਕਾਪੀ ਪੈਂਸਲਾਂ ਨਾਲ ਨਾਤਾ ਨਹੀਂ ਜੁੜਿਆ ਸੀ, ਉਦੋਂ ਫੱਟੀ ਤੇ ਕਲਮ ਨਾਲ ਲਿਖਣਾ ਕਿਸੇ ਰੋਮਾਂਚ ਤੋਂ ਘੱਟ ਨਹੀਂ ਹੁੰਦਾ ਸੀ। ਉਸਤੋਂ ਵੀ ਵੱਧ ਮਜੇਦਾਰ ਹੁੰਦਾ ਸੀ ਫੱਟੀ ਨੂੰ ਲਿੱਖਣ ਲਈ ਤਿਆਰ ਕਰਨ ਦਾ ਤਰੀਕਾ, ਜਿਸ ‘ਚ ਗਾਚਨੀ ਮਿੱਟੀ ਨਾਲ ਫੱਟੀ ਪੋਚਣੀ, ਤੇ ਫਿਰ ਧੁੱਪ ਵਿਚ ਹਿਲਾ-ਹਿਲਾ ਕੇ ਸੁਕਾਉਣੀ ਤੇ ਨਾਲ ਹੀ ਗਾਣਾ ਗਾਉਣਾ।
ਆਉ ਤੁਹਾਨੂੰ ਦੱਸਦੇ ਹਾਂ ਫੱਟੀ ਨੂੰ ਲਿੱਖਣ ਲਈ ਤਿਆਰ ਕਰਨ ਦਾ ਤਰੀਕਾ....
ਫੱਟੀ ਉੱਤੇ ਲਿਖਣ ਲਈ ਜਿਹੜੀ ਕਲਮ ਹੁੰਦੀ ਸੀ, ਉਹ ਕਾਨੇ ਦੀ ਹੁੰਦੀ ਸੀ ਜਿਸ ਨੂੰ ਬਲੇਡ ਜਾਂ ਚਾਕੂ ਨਾਲ ਕਲਮ ਦੇ ਰੂਪ ਦਿੱਤਾ ਜਾਂਦਾ ਸੀ। ਕਾਲੀ ਸਿਆਹੀ ਦੇ ਛੋਟੇ-ਛੋਟੇ ਪੈਕਟ ਦਵਾਤ ਵਿੱਚ ਪਾ ਕੇ ਪਾਣੀ ਮਿਲਾ ਕੇ ਸਿਆਹੀ ਤਿਆਰ ਕੀਤੀ ਜਾਂਦੀ ਸੀ।
ਜੇ ਗੱਲ ਕਰੀਏ ਤਾਂ ਫੱਟੀ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ। ਕਹਿੰਦੇ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਪੰਡਤ ਕੋਲ ਪੜ੍ਹਨ ਲਈ ਗਏ ਸਨ, ਤਾਂ ਉਨ੍ਹਾਂ ਓਮ ਦੇ ਅੱਗੇ ਇੱਕ ਲਗਾ ਕੇ ਇੱਕ ਓਂਕਾਰ ਲਿੱਖਿਆ ਸੀ। ਜਿਸਦੇ ਕਈ ਸਤਰਾਂ ਅੱਜ ਵੀ ਪ੍ਰਭਾਤ ਫੇਰੀਆਂ ਵਿੱਚ ਗਾਈਆਂ ਜਾਂਦੀਆਂ ਹਨ। ਪੀਟੀਸੀ ਦੀ ਇਹ ਖ਼ਾਸ ਵੀਡੀਓ ਫੱਟੀ ਨਾਲ ਜੁੜੀਆਂ ਬਹੁਤ ਸਾਰੀਆਂ ਦਿਲਚਸਪ ਗੱਲਾਂ ਤੋਂ ਜਾਣੂ ਕਰਵਾ ਰਹੀ ਹੈ।
ਭਾਵੇਂ ਅੱਜ ਮਹਿੰਗੇ ਤੇ ਸਮਾਰਟ ਮੋਬਾਇਲ ਫੋਨਾਂ ਨੇ ਫੱਟੀ ਤੇ ਸਲੇਟੀ ਵਰਗੇ ਅਣਮੁੱਲੇ ਵਿਰਸੇ ਤੋਂ ਸਾਨੂੰ ਦੂਰ ਕਰ ਦਿੱਤਾ ਹੈ। ਪਰ ਜਿਨ੍ਹਾਂ ਪੰਜਾਬੀਆਂ ਨੇ ਇਸਦਾ ਇਸਤੇਮਾਲ ਕੀਤਾ ਹੈ ਉਨ੍ਹਾਂ ਦੇ ਦਿਲਾਂ ਅਤੇ ਯਾਦਾਂ ‘ਚ ਅੱਜ ਵੀ ਵੱਸਦੀ ਹੈ ਫੱਟੀ। ਸਾਨੂੰ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਵਿਰਸੇ ਤੋਂ ਜ਼ਰੂਰ ਜਾਣੂ ਕਰਵਾਈਏ।