ਗਿੱਪੀ ਗਰੇਵਾਲ ਗਾਣਿਆਂ ਤੇ ਫ਼ਿਲਮਾਂ ਤੋਂ ਬਾਅਦ ਹੁਣ ਲੈ ਕੇ ਆ ਰਹੇ ਨੇ ਵੈੱਬ ਸੀਰੀਜ਼
ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਦੇਸੀ ਰਾਕਸਟਾਰ ਜਿੰਨ੍ਹਾਂ ਨੇ ਗਾਇਕੀ ਤੋਂ ਸ਼ੁਰੂਆਤ ਕਰਕੇ ਫ਼ਿਲਮਾਂ 'ਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਫ਼ਿਲਮਾਂ 'ਚ ਨਿਰਦੇਸ਼ਨ ਤੋਂ ਕਹਾਣੀਕਾਰ ਅਤੇ ਪ੍ਰੋਡਿਊਸਰ ਦੀ ਹੁਣ ਭੂਮਿਕਾ ਨਿਭਾ ਰਹੇ ਹਨ। ਪਰ ਹੁਣ ਗਿੱਪੀ ਗਰੇਵਾਲ ਕੁਝ ਵੱਖਰਾ ਕਰਨ ਜਾ ਰਹੇ ਹਨ। ਜੀ ਹਾਂ ਬਹੁਤ ਜਲਦ ਗਿੱਪੀ ਗਰੇਵਾਲ ਆਪਣੀ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਵੈੱਬ ਸੀਰੀਜ਼ ਲੈ ਕੇ ਆ ਰਹੇ ਹਨ ਜਿਸ 'ਚ ਕਲਾਕਾਰ ਪ੍ਰਿੰਸ ਕੰਵਲਜੀਤ ਸਿੰਘ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਸ ਵੈੱਬ ਸੀਰੀਜ਼ ਦਾ ਨਾਮ ਹੈ 'ਵਾਰਨਿੰਗ' ਜਿਸ ਨੂੰ ਗਿੱਪੀ ਗਰੇਵਾਲ ਹੋਰਾਂ ਨੇ ਖੁਦ ਲਿਖਿਆ ਹੈ।
ਇਸ ਵੈੱਬ ਸੀਰੀਜ਼ ਨੂੰ ਡਾਇਰੈਕਟ ਕਰ ਰਹੇ ਹਨ ਅਮਰ ਹੁੰਦਲ ਜਿਹੜੇ ਅਰਦਾਸ ਕਰਾਂ, ਮੰਜੇ ਬਿਸਤਰੇ 2, ਸਾਬ੍ਹ ਬਹਾਦਰ, ਸਰਦਾਰ ਜੀ, ਤੂਫ਼ਾਨ ਸਿੰਘ ਵਰਗੀਆਂ ਫ਼ਿਲਮਾਂ 'ਚ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਕੰਮ ਕਰ ਚੁੱਕੇ ਹਨ। ਪੋਸਟਰ ਦੀ ਗੱਲ ਕਰੀਏ ਤਾਂ ਕਾਫੀ ਸ਼ਾਨਦਾਰ ਹੈ ਅਤੇ ਪ੍ਰਿੰਸ ਕੰਵਲਜੀਤ ਸਿੰਘ ਦੀ ਲੁੱਕ ਵੀ ਦਮਦਾਰ ਨਜ਼ਰ ਆ ਰਹੀ ਹੈ। ਹੁਣ ਦੇਖਣਾ ਹੋਵੇਗਾ ਪਰਦੇ 'ਤੇ ਬੁਲੰਦੀਆਂ ਹਾਸਿਲ ਕਰਨ ਤੋਂ ਬਾਅਦ ਡਿਜੀਟਲ ਦੁਨੀਆਂ 'ਚ ਗਿੱਪੀ ਗਰੇਵਾਲ ਦਾ ਇਹ ਕਦਮ ਕਿੰਨ੍ਹਾਂ ਕੁ ਕਾਮਯਾਬ ਹੁੰਦਾ ਹੈ।
ਹੋਰ ਵੇਖੋ : ਅਫਸੋਸ ਕਿ ਮੈਂ ਗੀਤਕਾਰ ਹੀ ਕਿਉਂ ਬਣਿਆ ਜਾਂ ਮੇਰਾ ਏਨਾ ਨਾਮ ਹੀ ਕਿਉ ਹੋਇਆ - ਨਿੰਮਾ ਲੋਹਾਰਕਾ
ਵਰਕ ਫਰੰਟ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਦੀ ਫ਼ਿਲਮ 'ਡਾਕਾ' 1 ਨਵੰਬਰ ਨੂੰ ਪਰਦੇ 'ਤੇ ਦੇਖਣ ਮਿਲੇਗੀ। ਇਸ ਦੇ ਨਾਲ ਹੀ ਹਾਲ ਦੇ ਦਿਨਾਂ 'ਚ ਤਾਂ ਗਿੱਪੀ ਗਰੇਵਾਲ ਦੀ ਫ਼ਿਲਮ ਅਰਦਾਸ ਕਰਾਂ ਹਰ ਪਾਸੇ ਤੋਂ ਤਾਰੀਫਾਂ ਬਟੋਰ ਰਹੀ ਹੈ।