ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇੜੇ ਸਥਿਤ ਹੈਰੀਟੇਜ਼ ਸਟ੍ਰੀਟ 'ਤੇ ਫੋਟੋਸ਼ੂਟ ਕਰਨ 'ਤੇ ਲਗਾਈ ਗਈ ਪਾਬੰਦੀ
Ban on making Reels and Photoshoot on Haritage Street Amritsar : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਥਿਤ ਸਿੱਖਾਂ ਦੇ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਹੀ ਲੱਖਾਂ ਸੰਗਤ ਤੇ ਸੈਲਾਨੀ ਦਰਸ਼ਨਾਂ ਲਈ ਆਉਂਦੇ ਹਨ। ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਗੁਰਦੁਆਰਾ ਸਾਹਿਬ ਦੇ ਨੇੜੇ ਸਥਿਤ ਹੈਰੀਟੇਜ਼ ਸਟ੍ਰੀਟ 'ਤੇ ਰੀਲਾਂ ਬਨਾਉਣ ਤੇ ਪ੍ਰੀ ਵੈਡਿੰਗ ਸ਼ੂਟ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਆਓ ਜਾਣਦੇ ਹਾਂ ਆਓ ਜਾਣਦੇ ਹਾਂ ਕਿਉਂ ?
ਦੱਸਣਯੋਗ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Golden Temple Amritsar) ਵਿਖੇ ਰੋਜ਼ਾਨਾਂ ਵੱਡੀ ਗਿਣਤੀ ਵਿੱਚ ਸੰਗਤ ਆਉਂਦੀ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇੱਥੇ ਦੇਸ਼-ਵਿਦੇਸ਼ ਤੋਂ ਸੈਲਾਨੀ ਘੁੰਮਣ ਆਉਂਦੇ ਹਨ।
ਸ੍ਰੀ ਹਰਿਮੰਦਰ ਸਾਹਿਬ ਨੇੜੇ ਸਥਿਤ ਜਲ੍ਹਿਆਂਵਾਲਾ ਬਾਗ ਅਤੇ ਹੈਰੀਟੇਜ਼ ਸਟ੍ਰੀਟ (Haritage Street) ਇੱਥੇ ਮੁਖ ਤੌਰ 'ਤੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਹੇ ਹਨ। ਕਲਾਕਾਰੀ ਦਾ ਅਦਭੁੱਤ ਨਜ਼ਾਰਾ ਇਥੇ ਸਥਿਤ ਇਮਾਰਤਾਂ ਤੇ ਪੁਰਾਤਨ ਸ਼ੈਲੀ ਨਾਲ ਤਿਆਰ ਕੀਤੀ ਗਈ ਇਹ ਸੜਕ ਵੇਖਣ ਲਈ ਦੂਰ-ਦੂਰ ਤੋਂ ਲੋਕ ਇੱਥੇ ਆਉਂਦੇ ਹਨ, ਪਰ ਹੁਣ ਕੁਝ ਲੋਕ ਇੱਥੇ ਪ੍ਰੀ ਵੈਡਿੰਗ ਸ਼ੂਟਸ ਤੇ ਸੋਸ਼ਲ ਮੀਡੀਆ ਉੱਤੇ ਪਾਉਣ ਲਈ ਰੀਲਸ ਆਦਿ ਬਨਾਉਣ ਲੱਗ ਪਏ ਹਨ। ਜਿਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ।
ਇਸ ਮੌਕੇ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਫੋਟੋਗ੍ਰਾਫਰਾਂ ਅਤੇ ਸੈਲਾਨੀਆਂ ਨਾਲ ਮੀਟਿੰਗ ਕੀਤੀ ਅਤੇ ਉਥੇ ਇੱਕ ਬੋਰਡ ਲਗਾ ਦਿੱਤਾ ਗਿਆ ਹੈ। ਇਸ ਬੋਰਡ ਉੱਤੇ ਰੀਲਾਂ ਨਾਂ ਬਨਾਉਣ ਤੇ ਪ੍ਰੀ ਵੈਡਿੰਗ ਸ਼ੂਟ ਕਰਨ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾਏ ਜਾਣ ਦੀ ਗੱਲ ਲਿਖੀ ਗਈ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਧਾਰਮਿਕ ਸਥਾਨਾਂ ਉੱਤੇ ਅਜਿਹਾ ਕਰਨਾ ਸ਼ੋਭਾ ਨਹੀਂ ਦਿੰਦਾ। ਇਸ ਲਈ ਅਸੀਂ ਫੋਟੋਗ੍ਰਾਫਰਾਂ ਅਤੇ ਸੈਲਾਨੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਇਹ ਬੋਰਡ ਲਗਾਏ ਹਨ। ਇਸ ਲਈ ਹੁਣ ਇਸ ਸਥਾਨ ਉੱਤੇ ਕਿਸੇ ਵੀ ਤਰ੍ਹਾਂ ਦੀ ਫੋਟੋਗ੍ਰਾਫੀ ਨਹੀਂ ਕੀਤੀ ਜਾ ਸਕੇਗੀ।
ਇਸ ਖ਼ਬਰ ਦੇ ਸਾਹਮਣੇ ਆਉਣ ਮਗਰੋਂ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ ਤੇ ਉੱਥੇ ਹੀ ਦੂਜੇ ਪਾਸੇ ਕੁਝ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਹੈ। ਇੱਕ ਯੂਜ਼ਰ ਨੇ ਲਿਖਿਆ, 'ਚੰਗਾ ਕੀਤਾ!!! ਇਹ ਸਭ ਪੱਕੇ ਤੌਰ 'ਤੇ ਬੈਂਨ ਹੋ ਜਾਣਾ ਚਾਹੀਦਾ ਆ, ਤੇ ਜੇਹੜੇ ਲੋਕ ਰੋਜ਼ਾਨਾ ਪੋਜ਼ ਬਣਾ, ਬਣਾ ਕੇ ਫੋਟੋ ਲੈਂਦੇ ਨੇ, ਓ ਵੀ ਬੰਦ ਹੋਣਾ ਚਾਹੀਦਾ ਹੈ। ਉੱਥੇ ਹੀ ਇੱਕ ਹੋਰ ਯੂਜ਼ਰ ਨੇ ਇਸ ਗੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਧਾਰਮਿਕ ਸਥਾਨਾਂ ਉੱਤੇ ਰੋਮਾਂਟਿਕ ਜਾਂ ਇਤਰਾਜ਼ਯੋਗ ਸ਼ੂਟ ਕਰਨ ਉੱਤੇ ਰੋਕ ਲੱਗਣੀ ਚਾਹੀਦੀ ਹੈ, ਪਰ ਜੇਕਰ ਇਸ ਹੈਰੀਟੇਜ਼ ਸਟ੍ਰੀਟ ਉੱਤੇ ਫੋਟੋਗ੍ਰਾਫੀ ਉੱਤੇ ਰੋਕ ਲਗਾਈ ਗਈ ਤਾਂ ਇਸ ਦਾ ਅਸਰ ਸੈਰ-ਸਪਾਟੇ ਉੱਤੇ ਪਵੇਗਾ। ਦੂਰ-ਦੁਰਾਡੇ ਤੋਂ ਲੋਕ ਅੰਮ੍ਰਿਤਸਰ ਦੀ ਇਹ ਹੈਰੀਟੇਜ਼ ਸਟ੍ਰੀਟ ਨੂੰ ਵੇਖਣ ਪਹੁੰਚੇ ਹਨ, ਇਹ ਵਿਦੇਸ਼ੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ।
ਹਾਲਾਂਕਿ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਇਹ ਵੀ ਲਿਖਿਆ, 'ਸ੍ਰੀ ਹਰਮਿੰਦਰ ਸਾਹਿਬ ਵਿੱਚ ਕਿਸੇ ਵੀ ਐਕਟਰ ਅਤੇ ਹਾਈ ਪ੍ਰੋਫਾਈਲ ਨੂੰ ਆਪਣੀ ਟੀਮ ਅਤੇ ਮੀਡੀਆ ਰਾਹੀਂ ਆਪਣੀਆਂ ਰੀਲਾਂ ਨਾਂ ਬਨਾਉਣ ਦਿਓ… ਫਿਰ ਅਸੀਂ ਦੇਖਾਂਗੇ ਕਿ ਇਹ ਬੋਰਡ ਕੰਮ ਕਰੇਗਾ ਜਾਂ ਨਹੀਂ ???? । ਕਿਉਂਕਿ ਇਹ ਨਿਯਮ ਪੁਲਿਸ ਵੱਲੋਂ ਮਹਿਜ਼ ਆਮ ਵਰਗ ਦੇ ਲੋਕਾਂ ਲਈ ਹਨ। ਇਹ ਨਿਯਮ ਸੈਲਬਸ ਤੇ ਹਾਈ ਪ੍ਰੋਫਾਈਲ ਸਿਆਸੀ ਲੋਕਾਂ ਉੱਤੇ ਲਾਗੂ ਨਹੀਂ ਹੁੰਦੇ।
-