ਵਿਆਹ ਤੋਂ ਬਾਅਦ ਵਿੱਕੀ ਕੌਸ਼ਲ ਤੇ ਕੈਟਰੀਨਾ ਮਨਾਉਣਗੇ ਪਹਿਲੀ ਲੋਹੜੀ, ਵਿੱਕੀ ਨੇ ਇੰਦੌਰ 'ਚ ਲਿਆ ਮਿਠਾਈਆਂ ਦਾ ਮਜ਼ਾ
ਬਾਲੀਵੁੱਡ ਦੀ ਮਸ਼ਹੂਰ ਜੋੜੀ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਵਿਆਹ ਤੋਂ ਬਾਅਦ ਅੱਜ ਆਪਣੀ ਪਹਿਲੀ ਲੋਹੜੀ ਮਨਾਉਣਗੇ। ਵਿੱਕੀ ਕੌਸ਼ਲ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਲਈ ਇੰਦੌਰ 'ਚ ਹਨ ਤੇ ਕੈਟਰੀਨਾ ਵੀ ਪਤੀ ਨੂੰ ਮਿਲਣ ਇੰਦੌਰ ਪਹੁੰਚੀ ਹੈ। ਵਿੱਕੀ ਤਿਉਹਾਰਾਂ ਤੋਂ ਪਹਿਲਾਂ ਹੀ ਇੰਦੌਰ ਵਿੱਚ ਮਿਠਾਈਆਂ ਦਾ ਮਜ਼ਾ ਲੈਂਦੇ ਹੋਏ ਨਜ਼ਰ ਆਏ।
ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਵਿੱਚ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਵਿੱਚ ਇੱਕ ਪਲੇਟ 'ਚ ਜਲੇਬੀਆਂ ਪਈਆਂ ਹੋਈਆਂ ਨਜ਼ਰ ਆ ਰਹੀਆਂ ਹਨ। ਇਸ ਤਸਵੀਰ ਦੇ ਨਾਲ ਵਿੱਕੀ ਨੇ ਕੈਪਸ਼ਨ ਦਿੱਤਾ “ਇੰਦੌਰ ਭਾਈ।" ਇਸ ਤਸਵੀਰ ਨੂੰ ਵੇਖ ਕੇ ਜਾਪਦਾ ਹੈ ਕਿ ਵਿੱਕੀ ਮਿਠਾਈਆਂ ਖਾਣ ਲਈ ਤਿਉਹਾਰਾਂ ਦੀ ਉਢੀਕ ਨਹੀਂ ਕਰ ਸਕਦੇ, ਸਗੋਂ ਉਸ ਤੋਂ ਪਹਿਲਾਂ ਹੀ ਮਿਠਾਈਆਂ ਦਾ ਮਜ਼ਾ ਲੈ ਰਹੇ ਹਨ।
9 ਜਨਵਰੀ ਨੂੰ ਵਿਆਹ ਦਾ ਇੱਕ ਮਹੀਨਾ ਪੂਰਾ ਹੋਣ 'ਤੇ ਕੈਟਰੀਨਾ ਤੇ ਵਿੱਕੀ ਨੇ ਇੱਕ ਦੂਜੇ ਨਾਲ ਰੋਮੈਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਨੇ ਬਹੁਤ ਪਸੰਦ ਕੀਤਾ ਹੈ। ਹੁਣ ਫੈਨਜ਼ ਜਲਦ ਹੀ ਵਿੱਕੀ ਤੇ ਕੈਟਰੀਨਾ ਦੀਆਂ ਲੋਹੜੀ ਦੇ ਤਿਉਹਾਰ ਮਨਾਉਣ ਦੀਆਂ ਤਸਵੀਰਾਂ ਦੀ ਉਢੀਕ ਕਰ ਰਹੇ ਹਨ।
ਹੋਰ ਪੜ੍ਹੋ : ਲੋਹੜੀ ਦੇ ਮੌਕੇ ਸ਼ਿੱਲਪਾ ਸ਼ੈੱਟੀ ਨੇ ਸ਼ੇਅਰ ਕੀਤੀ ਭੰਗੜਾ ਪਾਉਂਦੇ ਹੋਏ ਵੀਡੀਓ, ਦਰਸ਼ਕਾਂ ਨੂੰ ਆ ਰਹੀ ਪਸੰਦ
ਵਿੱਕੀ ਨੂੰ ਆਖਰੀ ਵਾਰ ਸ਼ੂਜੀਤ ਸਰਕਾਰ ਵੱਲੋਂ ਡਾਇਰੈਕਟ ਕੀਤੀ ਫ਼ਿਲਮ ਸਰਦਾਰ ਊਧਮ ਸਿੰਘ ਵਿੱਚ ਦੇਖਿਆ ਗਿਆ ਸੀ। ਸਾਲ 2022 ਦੇ ਲਈ ਵਿੱਕੀ ਕੌਸ਼ਲ ਕੋਲ ਕਈ ਪ੍ਰੋਜੈਕਟਸ ਲਾਈਨਅਪ ਹਨ। ਵਿੱਕੀ ਜਲਦ ਹੀ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੇ ਜੀਵਨ 'ਤੇ ਆਧਾਰਿਤ ਇੱਕ ਹੋਰ ਬਾਇਓਪਿਕ 'ਚ ਨਜ਼ਰ ਆਉਣਗੇ। ਉਥੇ ਹੀ ਦੂਜੇ ਪਾਸੇ ਕੈਟਰੀਨਾ ਵੀ ਸਲਮਾਨ ਖ਼ਾਨ ਨਾਲ ਟਾਈਗਰ 3 ਵਿੱਚ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਆਉਣ ਵਾਲੀਆਂ ਫ਼ਿਲਮਾਂ ਫੋਨ ਭੂਤ ਅਤੇ ਮੈਰੀ ਕ੍ਰਿਸਮਸ ਵਿੱਚ ਵੀ ਨਜ਼ਰ ਆਵੇਗੀ।