ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

Reported by: PTC Punjabi Desk | Edited by: Shaminder  |  December 28th 2022 11:41 AM |  Updated: December 28th 2022 12:58 PM

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

ਨਿੱਕੀਆਂ ਜਿੰਦਾਂ ਵੱਡਾ ਸਾਕਾ

ਪੋਹ ਮਹੀਨੇ ਦੀਆਂ ਬਰਫੀਲੀਆਂ ਸਰਦ ਰਾਤਾਂ, ਹੱਡ ਚੀਰਵੀਂ ਠੰਡ, ਹਰ ਮਨੁੱਖ ਨੂੰ ਉਨ੍ਹਾਂ ਦਿਹਾੜਿਆਂ ਦਾ ਅਹਿਸਾਸ ਵੀ ਕਰਵਾਉਂਦੀ ਹੈ ਜਦੋਂ ਦਸ਼ਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੇ ਆਪਣੀ ਦਾਦੀ ਦੇ ਸਾਥ ਵਿੱਚ ਜਰਵਾਣਿਆਂ ਦੇ ਜਬਰ, ਕਹਿਰ ਅਤੇ ਅਤਿਆਚਾਰ ਦਾ ਆਪਣੇ ਸਿਦਕੀ ਪ੍ਰੇਮ ਦੀ ਪਰਖ ਨਾਲ ਜ਼ਿੰਦਾ ਨੀਹਾਂ ਵਿੱਚ ਚਿਣ ਕੇ ਸ਼ਹੀਦ ਹੋ ਜਾਵਣ ਨੂੰ ਕਬੂਲ ਕੀਤਾ । ਜਦੋਂ ਦਸ਼ਮੇਸ਼ ਪਿਤਾ (Guru Gobind Singh ji )ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਨ ਤੋਂ ਬਾਦ ਪਿੱਛੋਂ ਆ ਰਹੀ ਦੁਸ਼ਮਣ ਦੀ ਫ਼ੌਜ ਨੇ ਮੁੜ ਹਮਲਾ ਕਰ ਦਿੱਤਾ । ਸਰਸਾ ਨਦੀ ਵਿੱਚ ਉਸ ਵੇਲੇ ਹੜ੍ਹ ਆਇਆ ਹੋਇਆ ਸੀ । ਇਸ ਸਥਾਨ ’ਤੇ ਲਹੂ ਡੋਲਵੀਂ ਟੱਕਰ ਸ਼ੁਰੂ ਹੋਈ । ਬਹੁਤ ਕੀਮਤੀ ਇਤਿਹਾਸ ਸਰਸਾ ਨਦੀ ਵਿੱਚ ਰੁੜ ਗਿਆ ।

Mata Gujri ji Image Source : Google

ਹੋਰ ਪੜ੍ਹੋ : ਤੁਨੀਸ਼ਾ ਸ਼ਰਮਾ ਦੇ ਅੰਤਿਮ ਸਸਕਾਰ ‘ਤੇ ਅਦਾਕਾਰਾ ਅਵਨੀਤ ਕੌਰ ਸਣੇ ਕਈ ਹਸਤੀਆਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਇਸੇ ਹੀ ਸਥਾਨ ’ਤੇ ਗੁਰੂ ਜੀ ਦਾ ਪਰਿਵਾਰ ਵਿਛੜਿਆ । ਵੱਡੇ ਸਾਹਿਬਜ਼ਾਦੇ, ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਚਮਕੌਰ ਸਾਹਿਬ ਵੱਲ ਚਲੇ ਗਏ । ਛੋਟੇ ਸਾਹਿਬਜ਼ਾਦੇ (Chotte Sahibzade) ਅਤੇ ਬਿਰਧ ਮਾਂ ਗੁਜਰੀ ਇਕੱਲੇ ਰਹਿ ਗਏ । ਪੋਹ ਦੀ ਰੁੱਤ ਅਤੇ ਕਹਿਰ ਦੀ ਸਰਦੀ ਵਿੱਚ ਦੋ ਛੋਟੇ-ਛੋਟੇ ਬਾਲ ਦਾਦੀ ਦੀ ਉਂਗਲ ਫੜ ਕੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਹਨੇਰੇ ਨੂੰ ਚੀਰਦੇ ਆਪਣੀ ਜ਼ਿੰਦਗੀ ਦਾ ਔਕੜਾਂ ਭਰਿਆ ਸਫ਼ਰ ਤਹਿ ਕਰ ਰਹੇ ਸਨ । ਇੰਝ ਤੁਰਦੇ-ਤੁਰਦੇ ਗੰਗੂ, ਜੋ ਗੁਰੂ ਘਰ ਦਾ ਰਸੋਈਆ ਸੀ, ਦੇ ਪਿੰਡ ਸਹੇੜੀ ਜਾ ਪਹੁੰਚੇ । ਉਹ ਬੱਚਿਆਂ ਨੂੰ ਅਤੇ ਦਾਦੀ ਜੀ ਨੂੰ ਆਪਣੇ ਘਰ ਲੈ ਗਿਆ । ਅਤੇ ਫ਼ਿਰ ਲਾਲਚ ਵੱਸ ਮੁਗਲ ਹਕੂਮਤ ਦੇ ਕਰਿੰਦਿਆਂ ਨੂੰ ਗੁਰੂ ਪਰਿਵਾਰ ਦੇ ਟਿਕਾਣੇ ਦੀ ਸੂਹ ਦਿੱਤੀ । ਗੰਗੂ ਦੇ ਮੋਰਿੰਡੇ ਦੇ ਰੰਘੜ ਕੋਲ ਇਤਲਾਹ ਦੇਣ ਤੋਂ ਬਾਦ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦਾ ਬੰਦੀ ਬਣਾ ਦਿੱਤਾ ਗਿਆ ।

Chotte Sahibzade , Image Source : Google

ਹੋਰ ਪੜ੍ਹੋ : ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦੀ ਆਵਾਜ਼ ‘ਚ ਧਾਰਮਿਕ ਗੀਤ ‘ਸ਼ਰਧਾਂਜਲੀ’ ਰਿਲੀਜ਼

ਸਾਹਿਬਜ਼ਾਦਿਆਂ ਅਤੇ ਦਾਦੀ ਜੀ ਨੂੰ ਠੰਢੇ ਬੁਰਜ ਵਿੱਚ ਕੈਦ ਰੱਖਿਆ ਗਿਆ । ਸਾਹਿਬਜ਼ਾਦੇ ਭੁੱਖਣ-ਭਾਣੇ ਠੰਢੇ ਬੁਰਜ ਵਿੱਚ ਬੈਠੇ ਦਾਦੀ ਮਾਂ ਦੀਆਂ ਬਾਤਾਂ ਸੁਣ ਰਹੇ ਸਨ । ਦਾਦੀ ਮਾਂ ਦੀਆਂ ਦਿੱਤੀਆਂ ਨਸੀਹਤਾਂ ’ਤੇ ਫੁੱਲ ਚੜ੍ਹਾਉਂਦਿਆਂ ਬੱਚਿਆਂ ਨੇ ਕਿਹਾ, “ਸਿਰ ਦੇ ਕੇ ਸਿਦਕ ਬਚਾਵਾਂਗੇ” । 24 ਦਸੰਬਰ 1704 ਈ: ਦਾ ਦਿਨ ਚੜ੍ਹਿਆ । ਠੰਢੇ ਬੁਰਜ ’ਚੋਂ ਸਾਹਿਬਜ਼ਾਦਿਆਂ ਨੂੰ ਲੈਣ ਲਈ ਸਿਪਾਹੀ ਆਏ । ਦਾਦੀ ਨੇ ਬੜੇ ਸਿਦਕ ਨਾਲ ਨਿੱਕੇ ਬਾਲਾਂ ਨੂੰ ਸ਼ਹੀਦੀ ਸਫ਼ਰ ਦੀ ਪਹਿਰੇਦਾਰੀ ਕਰਨ ਦੀ ਜਾਚ ਦਰਸਾਈ ।

ਜਾਨੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ,

ਕੇਸੋਂ ਕੋ ਕੰਘੀ ਕਰੂੰ ਜਰਾ ਮੂੰਹ ਧੁਲਾ ਤੋ ਲੂੰ,

ਪਿਆਰੇ ਸਰੋਂ ਪੇ ਨੰਨ੍ਹੀ ਸੀ ਕਲਗੀ ਸਜਾ ਤੋ ਲੂੰ,

ਮਰਨ ਸੇ ਪਹਿਲੇ ਤੁਮ ਕੋ ਦੁਲਹਾ ਬਨਾ ਤੋ ਲੂੰ ।

Chotte Sahibzade- Image Source : Google

ਅੱਲ੍ਹਾ ਯਾਰ ਖਾਂ ਯੋਗੀ

ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ । ਸੂਰਮਿਆਂ ਨੇ ਕਚਿਹਰੀ ਵਿੱਚ ਖਲੋ ਕੇ ਫ਼ਤਹਿ ਬੁਲਾਈ । ਇਹ ਦੇਖ ਕੇ ਸੂਬਾ ਕੰਬ ਉੱਠਿਆ । ਸੂਬੇ ਨੇ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਡੁਲਾਉਣ ਦੇ ਲੱਖਾਂ ਯਤਨ ਕੀਤੇ । ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਤਾਂ ਕਿ ਉਹ ਸਿੱਖ ਧਰਮ ਨੂੰ ਛੱਡ ਕੇ ਇਸਲਾਮ ਕਬੂਲ ਕਰ ਲੈਣ । ਪਰ ਗੁਰੂ ਕੇ ਦੁਲਾਰੀਆਂ ਨੇ ਸਿਦਕੀ ਪਰਵਾਨੇ ਬਣਦਿਆਂ ਬੜੀ ਜੁਰਅੱਤ ਅਤੇ ਦਲੇਰੀ ਦਾ ਜੁਆਬ ਦਿੱਤਾ ।

ਸਾਡੇ ਸਬਰ ਵਾਲੀ ਤੇਰੇ ਜ਼ਬਰ ਵਾਲੀ

ਹਰ ਬੁੱਲ੍ਹ ਉੱਤੇ ਦਾਸਤਾਨ ਰਹਿਣੀ

ਤੇਰੇ ਰਾਜ ਦਾ ਸ਼ਾਇਦ ਹੀ ਕੋਈ ਲੱਭੇ

ਪਰ ਫਤਿਹਗੜ੍ਹ ਹੈ ਸਾਡੀ ਪਹਿਚਾਣ ਰਹਿਣੀ

ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਮੋਰਿੰਡੇ ਦੇ ਇੱਕ ਅਹਿਲਕਾਰ ਨੇ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਤੁਹਾਡੇ ਪਿਤਾ ਜੀ ਅਤੇ ਭਰਾ ਚਮਕੌਰ ਦੀ ਜੰਗ ਵਿੱਚ ਮਾਰੇ ਗਏ ਹਨ, ਸੋ ਤੁਹਾਡਾ ਕੋਈ ਆਸਰਾ ਨਹੀਂ ਰਿਹਾ । ਜੇ ਤੁਸੀਂ ਇਸਲਾਮ ਕਬੂਲ ਕਰ ਲਵੋ ਤਾਂ ਵਜ਼ੀਰ ਖਾਨ ਤੁਹਾਡੀ ਰੱਖਿਆ ਕਰ ਸਕਦਾ ਹੈ ।ਸਾਹਿਬਜ਼ਾਦਿਆਂ ਨੇ ਜੁਆਬ ਦਿੱਤਾ ਕਿ ਅਜਿਹਾ ਨਾਮੁਮਕਿਨ ਹੈ ਕਿਓਂਕਿ ਸਾਡਾ ਰਖਵਾਲਾ ਅਕਾਲ ਪੁਰਖ ਹੈ । ਹੋਰ ਕੋਈ ਆਸਰੇ ਦੀ ਲੋੜ ਨਹੀਂ । ਸੂਬੇ ਨੂੰ ਜਦ ਕੋਈ ਗੱਲ ਰਾਹ ਪੈਂਦੀ ਨਾ ਦਿਸੀ ਤਾਂ ਉਸ ਨੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਹੋਰ ਠੰਢੇ ਬੁਰਜ ’ਚ ਰੱਖਣ ਦਾ ਹੁਕਮ ਕੀਤਾ । ਭੁੱਖੇ-ਤਿਹਾਏ ਛੋਟੇ ਬੱਚੇ ਦੂਜੇ ਦਿਨ ਬੁਰਜ ਦੀ ਤਸੀਹਿਆਂ ਭਰੀ ਰਾਤ ਪਲ-ਪਲ ਕਰ ਕੇ ਗੁਜ਼ਾਰ ਰਹੇ ਸਨ । ਇਸ ਸਮੇਂ ਹੀ ਗੁਰੂ ਘਰ ਦਾ ਇੱਕ ਪ੍ਰੇਮੀ ਬਾਬਾ ਮੋਤੀ ਰਾਮ ਮਹਿਰਾ, ਜੋ ਵਜ਼ੀਰ ਖਾਨ ਦੇ ਰਸੋਈਖ਼ਾਨੇ ਵਿੱਚ ਨੌਕਰੀ ਕਰਦਾ ਸੀ, ਦੁੱਧ ਦੀ ਗੜਵੀ ਲੈ ਕੇ ਬੁਰਜ ਵਿੱਚ ਪਹੁੰਚਿਆ ।

Mata Gujri ji Image Source : Google

ਰਸਤੇ ਵਿੱਚ ਕਿਸੇ ਪਹਿਰੇਦਾਰ ਨੇ ਬਾਬਾ ਜੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਮੋਹਰਾਂ ਅਤੇ ਪੈਸੇ ਵੀ ਦੇਣੇ ਪਏ । ਮਾਤਾ ਗੁਜਰੀ ਜੀ ਨੇ ਦੁੱਧ ਪੋਤਿਆਂ ਨੂੰ ਛਕਾਇਆ ਅਤੇ ਮੋਤੀ ਮਹਿਰੇ ਦਾ ਧੰਨਵਾਦ ਕੀਤਾ ।ਸਾਹਿਬਜ਼ਾਦਿਆਂ ਦੀ ਦੂਸਰੀ ਪੇਸ਼ੀ 25 ਦਸੰਬਰ 1704 ਈ. ਨੂੰ ਹੋਈ । ਜਦੋਂ ਸਿਪਾਹੀ ਬੱਚਿਆਂ ਨੂੰ ਲੈਣ ਆਏ ਤਾਂ ਦਾਦੀ ਮਾਂ ਨੇ ਬੱਚਿਆਂ ਨੂੰ ਸਿਦਕ ਦੇ ਪੱਕੇ ਰਹਿਣ ਦੀ ਪ੍ਰੇਰਨਾ ਦਿੱਤੀ । ਸਾਹਿਬਜ਼ਾਦਿਆਂ ਨੇ ਕਚਿਹਰੀ ਵਿੱਚ ਜਾ ਫਿਰ ਫ਼ਤਹਿ ਬੁਲਾਈ । ਸੂਬੇ ਨੇ ਫਿਰ ਉਹ ਹੀ ਇਸਲਾਮ ਕਬੂਲ ਕਰਨ ਦੀ ਪੇਸ਼ਕਾਰੀ ਕੀਤੀ ਪਰ ਸਾਹਿਬਜ਼ਾਦਿਆਂ ਨੇ ਇਹ ਪੇਸ਼ਕਾਰੀ ਠੁਕਰਾ ਦਿੱਤੀ । ਸੂਬੇ ਨੇ ਆਪਣੀ ਹਾਰ ਛੁਪਾਉਣ ਲਈ ਕਾਜ਼ੀ ਕੋਲੋਂ ਫ਼ਤਵਾ ਲਵਾਇਆ ।

Mata Ji And Chotte Sahibzade

ਕਾਜ਼ੀ ਨੇ ਸ਼ਰ੍ਹਾ ਦੀ ਕਿਤਾਬ ਫੋਲਦਿਆਂ ਕਿਹਾ ਕਿ ਇਨ੍ਹਾਂ ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣ ਦੇਣਾ ਚਾਹੀਦਾ ਹੈ । ਜਿਸ ਸਮੇਂ ਇਹ ਫੈਸਲਾ ਸੁਣਾਇਆ ਗਿਆ ਉਸ ਵੇਲੇ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਵੀ ਉਥੇ ਮੌਜੂਦ ਸੀ । ਉਹ ਉਠ ਖਲੋਤਾ ਅਤੇ ‘ਹਾਅ ਦਾ ਨਾਅਰਾ’ ਮਾਰਿਆ । ਇਸ ਹਾਅ ਦੇ ਨਾਅਰੇ ਨੂੰ ਸੁਣ ਕੇ ਵਜ਼ੀਰ ਖਾਨ ਦਾ ਮਨ ਕੁਝ ਬਦਲਿਆ ਪਰ ਕੋਲ ਬੈਠੇ ਸੁੱਚਾ ਨੰਦ ਨੇ ਭਾਨੀ ਮਾਰਦਿਆਂ ਕਿਹਾ, “ਵਜ਼ੀਰ ਖਾਨ ਇਨ੍ਹਾਂ ਬੱਚਿਆਂ ਨੂੰ ਜਿਉਂਦੇ ਛੱਡ ਕੇ ਤੂੰ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ” ।

Mata ji With sahibzade image source : Google

ਇਸ ਮਗਰੋਂ ਸੂਬੇ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ’ਚ ਚਿਣਨ ਦਾ ਹੁਕਮ ਦਿੱਤਾ । ਹਾਲੇ ਕੰਧ ਛਾਤੀ ਤਕ ਪਹੁੰਚੀ ਸੀ ਕਿ ਇੱਟਾਂ ਦਾ ਇਹ ਢਾਂਚਾ ਡਿੱਗ ਪਿਆ । ਕੁਝ ਇਤਿਹਾਸਕਾਰਾਂ ਅਨੁਸਾਰ ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹੀ ਜੇਲ੍ਹ ਭੇਜ ਦਿੱਤਾ ਗਿਆ ਅਤੇ ਉਹ ਮੁੜ ਹੋਸ਼ ਵਿੱਚ ਆ ਗਏ । ਵਜ਼ੀਰ ਖਾਨ ਨੇ ਇਸਲਾਮ ਧਾਰਨ ਕਰਨ ਦੀ ਰਟ ਮੁੜ ਦੁਹਰਾਈ ਪਰ ਸਾਹਿਬਜ਼ਾਦਿਆਂ ਨੇ ਸਿਦਕ ਦੇ ਪੱਕੇ ਰਹਿਣ ਦਾ ਪ੍ਰਣ ਦੁਹਰਾਇਆ । ਇਸ ਮਗਰੋਂ ਸੂਬੇ ਨੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨਾਮੀ ਦੋ ਭਰਾਵਾਂ ਨੂੰ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰਨ ਦਾ ਹੁਕਮ ਕੀਤਾ ।

ਚਾਰੇ ਪਾਸੇ ਹਨ੍ਹੇਰਾ ਪੱਸਰ ਗਿਆ । ਗੁਰੂ ਦੇ ਦੋਹੇ ਨਿੱਕੇ ਲਾਲਾਂ ਦੇ ਵੱਡੇ ਸਾਕੇ ਨੇ ਚਾਰੇ ਪਾਸੇ ਅੰਨ੍ਹੀ ਚੁੱਪ ਵਰਤਾ ਦਿੱਤੀ । ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾ ਵਿਛਾ ਕੇ ਸਾਹਿਬਜਾਦਿਆਂ ਦੇ ਸਸਕਾਰ ਕੀਤੇ, ਜਿੱਥੇ ਅੱਜ ਕੱਲ ਗੁ. ਜੋਤੀ ਸਰੂਪ ਸ਼ਸ਼ੋਭਿਤ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network