Sidhu Moose Wala: 'ਟਿੱਬਿਆ ਦੇ ਜੱਟ' ਨੇ ਨਵੇਂ ਗੀਤ 'MERA NA' ਨਾਲ ਤੋੜੇ ਕਈ ਰਿਕਾਰਡ, 15 ਮਿੰਟਾਂ 'ਚ ਗੀਤ ਨੂੰ ਮਿਲੇ 1 ਮਿਲਿਅਨ ਵਿਊਜ਼
Sidhu Moose wala New song 'MERA NA'got million view: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ, ਪਰ ਸੰਗੀਤ ਦੀ ਦੁਨੀਆ 'ਚ ਉਨ੍ਹਾਂ ਦਾ ਨਾਮ ਹਮੇਸ਼ਾ ਅਮਰ ਰਹੇਗਾ। ਇਸ ਦੀ ਤਾਜ਼ਾ ਉਦਾਹਰਨ ਉਦੋਂ ਵੇਖਣ ਨੂੰ ਮਿਲੀ ਜਦੋਂ ਅੱਜ ਮਰਹੂਮ ਗਾਇਕ ਦਾ ਨਵਾਂ ਗੀਤ ਰਿਲੀਜ਼ ਹੋਇਆ। ਇਸ ਗੀਤ ਨੇ ਰਿਲੀਜ਼ ਹੁੰਦੇ ਹੀ ਵੱਡਾ ਰਿਕਾਰਡ ਤੋੜਿਆ। ਆਓ ਜਾਣਦੇ ਹਾਂ ਕਿਵੇਂ।
ਸਿੱਧੂ ਮੂਸੇਵਾਲਾ (Sidhu Moose wala) ਦਾ ਨਵਾਂ ਗੀਤ ਮੇਰਾ ਨਾਂ (MERA NA) ਰਿਲੀਜ਼ ਹੋ ਗਿਆ ਹੈ। ਇਸ ਗੀਤ ਦੇ ਰਿਲੀਜ਼ ਹੋਣ ਤੋਂ 15 ਮਿੰਟਾਂ ਬਾਅਦ ਹੀ ਇਸ ਨੂੰ ਸੁਣਨ ਵਾਲਿਆਂ ਦੀ ਗਿਣਤੀ 1 ਮਿਲੀਅਨ ਤੱਕ ਪਹੁੰਚ ਗਈ ਹੈ। ਜੋ ਕਿ ਆਪਣੇ ਆਪ ਵਿੱਚ ਇੱਕ ਵਿਖਲਣ ਗੱਲ ਹੈ।
ਦੱਸ ਦਈਏ ਕਿ ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਗ੍ਰੈਮੀ ਅਵਾਰਡ ਜੇਤੂ ਗਾਇਕ ਤੇ ਰੈਪਰ ਬੁਰਨਾ ਬੁਆਏ ਵੀ ਕੰਮ ਕੀਤਾ ਹੈ। ਫੈਨਜ਼ ਵੱਲੋਂ ਸਿੱਧੂ ਮੂਸੇਵਾਲਾ ਦੇ ਇਸ ਨਵੇਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਗੀਤ ਸਿੱਧੂ ਮਸੂੇਵਾਲਾ ਦੇ ਅਧਿਕਾਰਿਤ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਸ ਦੇ ਬੋਲ ਖ਼ੁਦ ਸਿੱਧੂ ਮੂਸੇਵਾਲਾ ਨੇ ਲਿਖੇ ਤੇ ਗਾਏ ਹਨ।
ਇਸ ਗੀਤ ਦੇ ਰਿਲੀਜ਼ ਹੋਣ ਬਾਰੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਇੰਟਰਵਿਊ ਵਿੱਚ ਇਹ ਵੀ ਕਿਹਾ ਕਿ ਇਹ ਗੀਤ ਕੋਈ ਲੋਕ ਗੀਤ ਨਹੀਂ ਹੋਵੇਗਾ ਤੇ ਨਾਂ ਹੀ ਇਸ ਗੀਤ ਨੂੰ ਕਿਸੇ ਕੰਸਰਟ ਵਿੱਚ ਚਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਬਿਲਕੁਲ ਹੀ ਨਵਾਂ ਗੀਤ ਹੈ। ਇਸ ਨੂੰ ਵੱਖ ਤੋਂ ਰਿਕਾਰਡ ਕਰਕੇ ਰੱਖਿਆ ਗਿਆ ਸੀ ਤੇ ਗੀਤ ਦੀ ਵੀਡੀਓ ਵੀ ਬਣੀ ਹੋਈ ਹੈ।
ਸਿੱਧੂ ਦੇ ਪਿਤਾ ਤੋਂ ਇਲਾਵਾ ਬੀਤੇ ਦਿਨ ਸਿੱਧੂ ਮੂਸੇਵਾਲਾ ਦੀ ਭੈਣ ਤੇ ਮਸ਼ਹੂਰ ਗਾਇਕ ਅਫਸਾਨਾ ਖ਼ਾਨ ਨੇ ਵੀ ਇਸ ਗੀਤ ਦੇ ਸਬੰਧ ਵਿੱਚ ਪੋਸਟ ਸਾਂਝੀ ਕੀਤੀ ਸੀ। ਅਫਸਾਨਾ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਸੀ, 7 ਅਪ੍ਰੈਲ ਤੋਂ ਪਹਿਲਾਂ ਆਪਣੇ ਕੱਟੇ-ਵੱਛੇ ਅੰਦਰ ਕਰਲੋ ਕਿਉਂਕਿ ਸਾਡਾ ਝੋਟਾ ਆ ਰਿਹਾ ਹੈ। ' ਇਸ ਦੇ ਨਾਲ ਹੀ ਪੋਸਟ 'ਤੇ ਕੈਪਸ਼ਨ ਦਿੰਦੇ ਹੋਏ ਅਫਸਾਨਾ ਨੇ ਲਿਖਿਆ, " ਆ ਗਿਆ ਮੇਰਾ ਵੱਡਾ ਬਾਈ @sidhu_moosewala ❤️ #justiceforsidhumoosewala "
ਫੈਨਜ਼ ਸਿੱਧੂ ਮੂਸੇਵਾਲਾ ਦੇ ਇਸ ਨਵੇਂ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਸਿੱਧੂ ਮੂਸੇਵਾਲਾ ਦੇ ਫੈਨਜ਼ ਉਨ੍ਹਾਂ ਲਈ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਦੇਖੀ ਚੱਲੀ ਜੱਟ ਪਾਦੁ ਗਾ ਸੋਨੀਏ " ਇੱਕ ਹੋਰ ਨੇ ਲਿਖਿਆ, 'ਸਿੱਧੂ ਬਾਈ ਦਾ ਨਾਂਅ ਹਮੇਸ਼ਾਂ ਗੁੰਜਦਾ ਰਹੇਗਾ, ਲੈਜੇਂਡਸ ਨੈਵਰ ਡਾਈ'।
- PTC PUNJABI