Sidhu Moose wala Death Anniversary: ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਅੱਜ ,ਪੰਡਾਲ 'ਚ ਰੱਖਿਆ ਗਿਆ ਗਾਇਕ ਦਾ ਬੁੱਤ ਤੇ ਆਖ਼ਰੀ ਸਵਾਰੀ ਥਾਰ
Sidhu Moose wala Death Anniversary: ਮਸ਼ਹੂਰ ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਰਹੇ ਸਿੱਧੂ ਮੂਸੇਵਾਲਾ ਦੀ ਅੱਜ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਮਰਹੂਮ ਗਾਇਕ ਦੀ ਬਰਸੀ ਦਾ ਸਮਾਗਮ ਪੰਜਾਬ ਦੀ ਦਾਣਾ ਮੰਡੀ ਮਾਨਸਾ ਵਿੱਚ ਮਨਾਇਆ ਜਾ ਰਿਹਾ ਹੈ । ਸਿੱਧੂ ਮੂਸੇਵਾਲਾ ਦਾ ਬੁੱਤ 5911 ਟਰੈਕਟਰ 'ਤੇ ਦਰਸ਼ਨਾਂ ਲਈ ਰੱਖਿਆ ਗਿਆ ਹੈ। ਇਸ ਮੌਕੇ ਪੰਜਾਬੀ ਇੰਡਸਟਰੀ ਤੋਂ ਜੁੜੇ ਸਿਤਾਰੇ, ਸਿਆਸੀ ਆਗੂ ਤੇ ਹੋਰਨਾਂ ਜੱਥੇਬੰਦੀਆਂ ਸਣੇ ਵੱਡੀ ਗਿਣਤੀ 'ਚ ਸੰਗਤ ਪਹੁੰਚੀ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦੀ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਨੁਸਾਰ ਇਸ ਮਾਮਲੇ 'ਚ 29 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਦੋਂਕਿ ਦੋ ਮੁਲਜ਼ਮ ਮੁਕਾਬਲੇ 'ਚ ਮਾਰੇ ਗਏ ਸਨ ਅਤੇ ਪੰਜ ਨੂੰ ਭਾਰਤ ਤੋਂ ਬਾਹਰੋਂ ਲਿਆਂਦਾ ਜਾਣਾ ਹੈ, ਜਿਸ ਲਈ ਸੂਬਾ ਸਰਕਾਰ ਕੇਂਦਰ ਤੇ ਹੋਰ ਏਜੰਸੀਆਂ ਨਾਲ ਸੰਪਰਕ 'ਚ ਹੈ | .. ਅਤੇ ਹਾਲ ਹੀ ਵਿੱਚ ਜੇਲ੍ਹ ਤੋਂ ਦਿੱਤੇ ਇੱਕ ਇੰਟਰਵਿਊ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਾਅਵਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਗੋਲਡੀ ਬਰਾੜ ਨੇ ਕੀਤਾ ਸੀ।
ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
ਇਸ ਦੌਰਾਨ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਵੀ ਮੌਜੂਦ ਰਹੇ। ਮਾਨਸਾ ਦੇ ਐਸਐਸਪੀ ਡਾ ਨਾਨਕ ਸਿੰਘ ਨੇ ਦੱਸਿਆ ਕਿ ਸਾਰੀਆਂ ਤਿਆਰੀਆਂ ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਦੂਜੇ ਪਾਸੇ ਸਿੱਧੂ ਮੂਸੇਵਾਲਾ ਦੀ ਟੀਮ ਨੇ ਦੱਸਿਆ ਕਿ ਮਾਨਸਾ ਤੋਂ ਆਉਣ ਵਾਲੇ ਪਹਿਲੇ ਗੇਟ ਤੋਂ ਆਮ ਲੋਕਾਂ ਦੀ ਐਂਟਰੀ ਹੁੰਦੀ ਹੈ। ਇਸ ਦੇ ਨਾਲ ਹੀ ਦੂਜੇ ਗੇਟ ਤੋਂ ਵੀ.ਵੀ.ਆਈ.ਪੀ ਅਤੇ ਤੀਜੇ ਗੇਟ 'ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦੀ ਆਖਰੀ ਸਵਾਰੀ ਥਾਰ ਅਤੇ 5911 ਟਰੈਕਟਰ ਦੇ ਨਾਲ-ਨਾਲ ਉਨ੍ਹਾਂ ਦਾ ਬੁੱਤ ਪੰਡਾਲ ਵਿੱਚ ਰੱਖਿਆ ਗਿਆ ਹੈ।
ਸਮਾਗਮ 'ਚ ਮੂਸੇਵਾਲਾ ਦਾ ਟਰੈਕਟਰ ਤੇ ਥਾਰ
ਬਰਸੀ ਸਮਾਗਮ 'ਚ ਮੂਸੇਵਾਲਾ ਦੇ 5911 ਟਰੈਕਟਰ, ਥਾਰ ਤੇ ਉਸ ਦਾ ਬੁੱਤ ਪ੍ਰਦਰਸ਼ਨੀ ਦੇ ਰੂਪ ਵਿਚ ਰੱਖੇ ਗਏ ਹਨ। ਇਸ ਦੌਰਾਨ ਮੂਸੇਵਾਲਾ ਦੇ ਚਾਹੁਣ ਵਾਲਿਆਂ ਨੇ ਉਸ ਦੀਆਂ ਯਾਦਾਂ ਦੇ ਨਾਲ ਹੋਰਡਿੰਗ ਬੋਰਡਾਂ ਰਾਹੀਂ ਪ੍ਰਸ਼ਾਸਨ ਕੋਲੋਂ ਮੂਸੇਵਾਲਾ ਲਈ ਇਨਸਾਫ਼
ਪੁੱਤਰ ਦਾ ਬੁੱਤ ਵੇਖ ਭਾਵੁਕ ਹੋਏ ਬਲਕੌਰ ਸਿੰਘ ਤੇ ਮਾਂ ਚਰਨ ਕੌਰ
ਜਿਵੇਂ ਹੀ ਸਿੱਧੂ ਮੂਸੇਵਾਲਾ ਦੇ ਮਾਪੇ ਸਮਾਗਮ ਸਥਾਨ 'ਤੇ ਪਹੁੰਚੇ ਤਾਂ ਉਹ ਪੁੱਤਰ ਦਾ ਬੁੱਤ ਵੇਖ ਕੇ ਭਾਵੁਕ ਹੋ ਗਏ। ਇਸ ਦੌਰਾਨ ਬਲਕੌਰ ਸਿੰਘ ਨੇ ਜਿਥੇ ਸਿੱਧੂ ਮੂਸੇ ਵਾਲਾ ਦੇ ਬੁੱਤ ਨਾਲ ਜੱਫੀ ਪਾਈ, ਉਥੇ ਮੁੱਛ ਨੂੰ ਵੱਟ ਵੀ ਦਿੱਤਾ। ਉੱਥੇ ਹੀ ਸਿੱਧੂ ਦੀ ਮਾਂ ਚਰਨ ਕੌਰ ਪੁੱਤਰ ਦੇ ਬੁੱਤ ਤੇ ਤਸਵੀਰਾਂ ਨੂੰ ਪਿਆਰ ਨਾਲ ਨਿਹਾਰਦੀ ਹੋਈ ਨਜ਼ਰ ਆਈ। ਸਿੱਧੂ ਦੇ ਮਾਤਾ-ਪਿਤਾ ਦੀ ਨੂੰ ਇੰਝ ਵੇਖਣਾ ਬੇਹੱਦ ਭਾਵੁਕ ਕਰਨ ਵਾਲਾ ਹੈ।
ਕੀ ਇਹੀ ਸਾਡਾ ਲੋਕਤੰਤਰ ਹੈ : ਬਲਕੌਰ ਸਿੰਘ
ਸਾਡੇ ਸਮਾਗਮ ਵਾਲੇ ਦਿਨ ਹੀ ਇੰਟਰਨੈੱਟ ਤੇ ਬੱਸਾਂ ਬੰਦ ਕਰ ਦਿੱਤੀਆਂ। ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਜਿਨ੍ਹਾਂ ਬੰਦਿਆਂ ਦੇ ਅਸੀਂ ਨਾਂ ਦਿੱਤੇ ਹਨ, ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇ। ਤੁਸੀਂ ਜਾਂਚ ਕਰੋ, ਮੈਨੂੰ 100 ਫ਼ੀਸਦੀ ਤੁਹਾਡੇ 'ਤੇ ਭਰੋਸਾ ਹੈ। ਇੰਨੀ ਕਾਰਵਾਈ ਲਈ ਤੁਸੀਂ 11 ਮਹੀਨੇ ਟਪਾ ਦਿੱਤੇ। ਕੀ ਇਹੀ ਸਾਡਾ ਲੋਕਤੰਤਰ ਹੈ?
ਲਾਰੈਂਸ ਤੇ ਪੱਤਰਕਾਰ 'ਤੇ ਕਾਰਵਾਈ ਕਿਉਂ ਨਹੀਂ ਹੋਈ? : ਬਲਕੌਰ ਸਿੰਘ
ਉਨ੍ਹਾਂ ਕਿਹਾ ਕਿ ਇਹ ਨਿਰੋਲ ਧਾਰਮਿਕ ਪ੍ਰੋਗਰਾਮ ਹੈ। ਇੰਟਰਨੈੱਟ ਤਾਂ ਬੰਦ ਕਰ ਦਿੱਤਾ ਪਰ ਉਸ ਜ਼ਾਲਮ ਦਾ ਜੇਲ੍ਹ 'ਚ ਇੰਟਰਨੈੱਟ ਚੱਲ ਰਿਹਾ। ਲਾਰੈਂਸ 'ਤੇ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਹੀ ਇੰਟਰਵਿਊ ਲੈਣ ਵਾਲੇ 'ਤੇ ਕੋਈ ਕਾਰਵਾਈ ਕੀਤੀ ਗਈ। ਲਾਰੈਂਸ ਨੂੰ ਦੇਸ਼ ਭਗਤ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਬਲਕੌਰ ਸਿੰਘ ਨੇ ਕੰਵਰ ਤੇ ਜੋਤੀ ਦੇ ਨਾਂ ਲਏ, ਜਿਨ੍ਹਾਂ ਨਾਲ ਸਿੱਧੂ ਪਹਿਲਾਂ ਕੰਮ ਕਰਦਾ ਸੀ।
ਵਿਗੜਦੇ ਹਾਲਾਤ ਬਰਸੀ ਸਮਾਗਮ 'ਚ ਹੋਣ ਵਾਲੇ ਇਕੱਠ ਨੂੰ ਰੋਕਣ ਦੀ ਸਾਜਿਸ਼ : ਬਲਕੌਰ ਸਿੰਘ
ਬੀਤੇ ਸ਼ਨੀਵਾਰ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸੂਬੇ ਵਿਚ ਹਾਲਾਤ ਵਿਗੜਦੇ ਜਾ ਰਹੇ ਹਨ। ਇਸ ਸਬੰਧੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਇਹ ਸਭ ਕਾਰਵਾਈ ਪ੍ਰਸ਼ਾਸਨ ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੇਰੇ ਪੁੱਤ ਦੀ ਬਰਸੀ ਉਤੇ ਹੋਣ ਵਾਲੇ ਇਕੱਠ ਨੂੰ ਰੋਕਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਵਿਚ ਸਿੱਧੂ ਦੇ ਪ੍ਰਸ਼ਸੰਕਾਂ ਨੂੰ ਬੇਨਤੀ ਕਰਦਾਂ ਹਾਂ ਕਿ ਭਾਈਚਾਰਾ ਬਣਾਈ ਰੱਖੋ ਤੇ ਸ਼ਾਂਤ ਮਈ ਢੰਗ ਨਾਲ ਰਹੋ।
ਸਰਕਾਰ ਨੂੰ ਬੇਨਤੀ, ਜੇਲ੍ਹਾਂ ਸਾਫ ਕਰ ਦਿਓ : ਬਲਕੌਰ ਸਿੰਘ
ਬਲਕੌਰ ਸਿੰਘ ਨੇ ਕਿਹਾ ਕਿ ਇਨ੍ਹਾਂ ਨੇ ਸਿੱਧੂ ਦੇ ਪੈਸੇ ਖਾ ਲਏ। ਬਾਅਦ 'ਚ ਸਿੱਧੂ ਨੇ ਆਪਣਾ ਚੈਨਲ ਬਣਾਇਆ ਤੇ ਉਸ 'ਤੇ ਗੀਤ ਪਾਉਣੇ ਸ਼ੁਰੂ ਕੀਤੇ। ਉਸ ਨੇ ਚੰਡੀਗੜ੍ਹ ਛੱਡ ਕੇ ਆਪਣੇ ਪਿੰਡ 'ਚ ਰਹਿਣਾ ਪਸੰਦ ਕੀਤਾ। ਸ਼ਾਇਦ ਇਸ ਗੱਲ ਦੀ ਸਾਨੂੰ ਸਜ਼ਾ ਮਿਲੀ ਹੈ। ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਜੇਲ੍ਹਾਂ ਸਾਫ ਕਰ ਦਿਓ।
ਸਾਡਾ ਦੇਸ਼ ਆਜ਼ਾਦ ਹੈ ਜਾਂ ਗੁਲਾਮ : ਚਰਨ ਕੌਰ
ਇਸ ਦੌਰਾਨ ਸਿੱਧੂ ਦੀ ਮਾਂ ਚਰਨ ਕੌਰ ਨੇ ਵੀ ਆਪਣੇ ਜਜ਼ਬਾਤ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਕੋਲੋਂ ਪੁੱਛਣਾ ਚਾਹੁੰਦੇ ਹਨ ਕਿ ਕੀ ਸਾਡਾ ਦੇਸ਼ ਆਜ਼ਾਦ ਹੈ ਜਾਂ ਗੁਲਾਮ? ਅਸੀਂ ਅਜੇ ਵੀ ਗੁਲਾਮ ਹਾਂ। ਇਥੇ ਗੈਂਗਸਟਰ ਜੇਲਾਂ 'ਚ ਬੈਠ ਕੇ ਲੋਕਾਂ ਦੀ ਮੌਤ ਦੇ ਫਰਮਾਨ 'ਤੇ ਦਸਤਖ਼ਤ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਪੁੱਤ ਦਾ ਕਿਸੇ ਮਾਮਲੇ 'ਚ ਨਿੱਕਾ ਜਿਹਾ ਕਸੂਰ ਵੀ ਨਿਕਲਦਾ ਹੈ ਤਾਂ ਉਹ ਦੋਵੇਂ ਸਜ਼ਾ ਭੁਗਤਣਗੇ।
ਇਨਸਾਫ਼ ਲਈ ਮੁਹਿੰਮ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਵੀ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਮੁਹਿੰਮ ਵਿੱਢੀ ਹੋਈ ਹੈ। ਪਿਛਲੇ ਇੱਕ ਸਾਲ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਸਬੰਧਤ ਕਰੀਬ 36 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅਤੇ ਦੋ ਵਿਅਕਤੀਆਂ ਦਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਕ ਮਹੀਨਾ ਪਹਿਲਾਂ ਕਿਹਾ ਸੀ ਕਿ ਉਹ ਸਿੱਧੂ ਮੂਸੇਵਾਲਾ ਦੀ ਥਾਰ ਜੀਪ ਨੂੰ ਪੰਜਾਬ ਭਰ 'ਚ ਲੈ ਕੇ ਜਾਣਗੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਰਕਾਰ ਉਨ੍ਹਾਂ ਦੇ ਪਰਵਾਰ ਨੂੰ ਅੱਜ ਤੱਕ ਇਨਸਾਫ਼ ਨਹੀਂ ਦਿਵਾ ਸਕੀ।
- PTC PUNJABI