Burna Boy: ਸਿੱਧੂ ਮੂਸੇਵਾਲਾ ਦਾ ਗੀਤ 'ਦਿ ਲਾਸਟ ਰਾਈਡ' ਗਾਉਂਦੇ ਹੋਏ ਨਜ਼ਰ ਆਏ ਨਾਈਜੀਰੀਅਨ ਰੈਪਰ ਬਰਨਾ ਬੁਆਏ, ਵੇਖੋ ਵਾਇਰਲ ਵੀਡੀਓ
Burna Boy sings Sidhu Moosewala song The Last Ride: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਸਾਲ 29 ਮਈ ਨੂੰ ਦਿਹਾਂਤ ਹੋ ਗਿਆ ਸੀ। ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਇੱਕ ਸਾਲ ਹੋਣ ਵਾਲਾ ਹੈ। ਅਜਿਹੇ 'ਚ ਜਿੱਥੇ ਇੱਕ ਪਾਸੇ ਮੂਸੇਵਾਲਾ ਦੇ ਮਾਪੇ ਉਨ੍ਹਾਂ ਨੂੰ ਯਾਦ ਕਰ ਭਾਵੁਕ ਹੋ ਗਏ ਹਨ, ਉੱਥੇ ਹੀ ਦੂਜੇ ਪਾਸੇ ਗਾਇਕ ਨੂੰ ਚਾਹੁਣ ਵਾਲੇ ਤੇ ਫੈਨਜ਼ ਵੀ ਉਨ੍ਹਾਂ ਨੂੰ ਆਪੋ ਆਪਣੇ ਤਰੀਕੇ ਨਾਲ ਯਾਦ ਕਰ ਰਹੇ ਹਨ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ਜਾਦੂ ਅੱਜ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਹਾਲ ਹੀ ਵਿੱਚ ਨਾਈਜੀਰੀਅਨ ਰੈਪਰ ਬਰਨਾ ਬੁਆਏ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਬੁਰਨਾ ਬੁਆਏ ਸਿੱਧੂ ਮੂਸੇਵਾਲਾ ਦਾ ਗੀਤ ਦਿ ਲਾਸਟ ਰਾਈਡ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਬਰਨਾ ਬੁਆਏ ਨੂੰ ਪੰਜਾਬੀ ਗਾਣਾ ਗਾਉਂਦੇ ਦੇਖ ਬੇਹੱਦ ਖੁਸ਼ ਹੋ ਰਹੇ ਹਨ।
ਦੱਸਣਯੋਗ ਹੈ ਕਿ ਇਸ ਗੀਤ ਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੀ ਮੌਤ ਤੋਂ ਮਹਿਜ਼ ਤਿੰਨ ਹਫ਼ਤੇ ਪਹਿਲਾਂ ਹੀ ਰਿਲੀਜ਼ ਕੀਤਾ ਸੀ। ਇਹ ਗੀਤ ਸਿੱਧੂ ਦੇ ਮਸ਼ਹੂਰ ਗੀਤਾਂ ਚੋਂ ਇੱਕ ਹੈ ਤੇ ਲੋਕਾਂ ਦਾ ਮੰਨਣਾ ਹੈ ਕਿ ਸਿੱਧੂ ਨੇ ਇਹ ਗੀਤ ਇਸ ਲਈ ਰਿਲੀਜ਼ ਕੀਤਾ ਸੀ ਕਿਉਂਕਿ ਸ਼ਾਇਦ ਉਸ ਨੂੰ ਆਪਣੀ ਮੌਤ ਬਾਰੇ ਪਹਿਲਾਂ ਤੋਂ ਪਤਾ ਸੀ।
ਕਾਬਿਲੇਗ਼ੌਰ ਹੈ ਕਿ ਬਰਨਾ ਬੁਆਏ ਤੇ ਸਿੱਧੂ ਮੂਸੇਵਾਲਾ ਦਾ ਗੀਤ 'ਮੇਰਾ ਨਾਂ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸਿੱਧੂ ਦੇ ਫੈਨਜ਼ ਵੱਲੋਂ ਖੂਬ ਪਿਆਰ ਮਿਲਿਆ ਹੈ। ਇਹ ਗੀਤ ਮੂਸੇਵਾਲਾ ਨੇ ਮਰਨ ਤੋਂ ਪਹਿਲਾਂ ਸਟੀਲ ਬੈਂਗਲਜ਼ ਤੇ ਬਰਨਾ ਬੁਆਏ ਨਾਲ ਰਿਕਾਰਡ ਕੀਤਾ ਸੀ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਪਰਿਵਾਰ ਤੇ ਚਾਹੁਣ ਵਾਲੇ ਹਾਲੇ ਤੱਕ ਇਨਸਾਫ ਦੀ ਉਡੀਕ ਕਰ ਰਹੇ ਹਨ। ਪਰ ਮੂਸੇਵਾਲਾ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਿਲਿਆ। ਆਪਣੇ ਮਰਹੂਮ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਬਲਕੌਰ ਸਿੰਘ ਤੇ ਚਰਨ ਕੌਰ ਨੇ ਸੋਸ਼ਲ ਮੀਡੀਆ 'ਤੇ ਮੁਹਿੰਮ ਵੀ ਚਲਾਈ ਹੋਈ ਹੈ।
- PTC PUNJABI