Diljit-Nimrit:ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ 'ਜੋੜੀ' ਨੇ ਵਿਦੇਸ਼ 'ਚ ਵੀ ਪਾਈਆਂ ਧੂਮਾਂ, ਅੰਤਰਰਾਸ਼ਟਰੀ ਪੱਧਰ 'ਤੇ ਕਰ ਰਹੀ ਕਮਾਲ
Jodi Box Office Collection: ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਜੋੜੀ' ਨੂੰ ਇਸ ਦੇ ਥੀਏਟਰ ਰਿਲੀਜ਼ ਤੋਂ ਪਹਿਲਾਂ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਹ ਫ਼ਿਲਮ 5 ਮਈ, 2023 ਨੂੰ ਸਿਨੇਮਾਘਰਾਂ ਵਿੱਚ ਆਈ ਸੀ ਅਤੇ ਇਸ ਨੇ ਬਾਕਸ ਆਫਿਸ 'ਤੇ ਕਮਾਲ ਦੀ ਕਮਾਈ ਕੀਤੀ ਹੈ। ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਜੋੜੀ ਨੇ ਅੰਤਰਰਾਸ਼ਟਰੀ ਦਰਸ਼ਕਾਂ ਦੇ ਦਿਲਾਂ ਨੂੰ ਵੀ ਮੋਹ ਲਿਆ ਹੈ।
ਇੰਟਰਨੈਸ਼ਨਲ ਮੀਡੀਆ ਡੈੱਡਲਾਈਨ ਵਿੱਚ ਇੱਕ ਰਿਪੋਰਟ ਦੇ ਮੁਤਾਬਕ, ਪੰਜਾਬੀ ਫ਼ਿਲਮ 'ਜੋੜੀ' ਨੇ ਅਮਰੀਕਾ ਵਿੱਚ ਮਹਿਜ਼ 125 ਸਕ੍ਰੀਨਾਂ 'ਤੇ ਰਿਲੀਜ਼ ਹੋਣ ਤੋਂ ਬਾਅਦ ਪਹਿਲੇ ਦੋ ਦਿਨਾਂ ਵਿੱਚ $734,000 ਦੀ ਕਮਾਈ ਕੀਤੀ। ਇੰਟਰਨੈਸ਼ਨਲ ਬਾਜ਼ਾਰ ਵਿੱਚ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ਲਈ ਇਹ ਬਹੁਤ ਵੱਡੀ ਗਿਣਤੀ ਹੈ।
ਇੰਟਰਨੈਸ਼ਨਲ ਮੀਡੀਆ ਹਾਊਸ ਸੈਕਨਿਲਕ ਦੇ ਮੁਤਾਬਕ ਵੀ ਫ਼ਿਮਲ 'ਜੋੜੀ' ਨੇ ਬਾਕਸ ਆਫਿਸ 'ਤੇ ਹੌਲੀ ਦੌੜ ਸ਼ੁਰੂ ਕੀਤੀ। ਫ਼ਿਲਮ ਮਹਿਜ਼ 65 ਲੱਖ ਰੁਪਏ ਦੀ ਕਮਾਈ ਕਰ ਸਕੀ ਪਰ ਰਿਲੀਜ਼ ਦੇ ਚਾਰ ਦਿਨਾਂ ਬਾਅਦ ਫ਼ਿਲਮ ਨੇ ਘਰੇਲੂ ਬਾਜ਼ਾਰ ਵਿੱਚ 4 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫ਼ਿਲਮ 'ਜੋੜੀ' ਦਾ ਓਵਰਸੀਜ਼ ਕਲੈਕਸ਼ਨ 8 ਕਰੋੜ ਰੁਪਏ ਹੈ, ਜਿਸ ਨਾਲ ਇਸ ਦੀ ਕੁਲ ਕੁਲੈਕਸ਼ਨ 12 ਕਰੋੜ ਰੁਪਏ ਹੋ ਗਈ ਹੈ।
ਹਾਲ ਹੀ 'ਚ ਸਥਾਨਕ ਅਦਾਲਤ ਨੇ ਫ਼ਿਲਮ 'ਜੋੜੀ' ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਸੀ। ਘਰੇਲੂ ਬਾਜ਼ਾਰ 'ਚ ਰਿਲੀਜ਼ ਹੋਣ ਤੋਂ ਪਹਿਲਾਂ ਜੋੜੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਇਹ ਫ਼ਿਲਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਦੂਜੀ ਪਤਨੀ ਬੀਬੀ ਅਮਰਜੋਤ ਕੌਰ ਦੇ ਜੀਵਨ 'ਤੇ ਆਧਾਰਿਤ ਹੈ।
ਇਹ ਫ਼ਿਲਮ ਪਟਿਆਲਾ ਦੇ ਇਸ਼ਦੀਪ ਰੰਧਾਵਾ ਵੱਲੋਂ ਮੁਕੱਦਮਾ ਦਾਇਰ ਕਰਨ ਤੋਂ ਬਾਅਦ ਕਾਨੂੰਨੀ ਮੁਸ਼ਕਲਾਂ ਵਿੱਚ ਘਿਰ ਗਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚਮਕੀਲਾ ਦੀ ਪਹਿਲੀ ਪਤਨੀ ਗੁਰਮੇਲ ਕੌਰ ਨੇ ਪਹਿਲਾਂ ਹੀ ਚਮਕੀਲਾ ਦੀ ਬਾਇਓਪਿਕ ਬਨਾਉਣ ਦੇ ਵਿਸ਼ੇਸ਼ ਅਧਿਕਾਰ ਪਹਿਲਾਂ ਹੀ ਉਸ ਦੇ ਪਿਤਾ ਗੁਰਦੇਵ ਸਿੰਘ ਨੂੰ ਵੇਚ ਦਿੱਤੇ ਹਨ।
ਹੋਰ ਪੜ੍ਹੋ: ਕ੍ਰਿਕਟਰ Shubman Gill ਦੀ ਹਾਲੀਵੁੱਡ ‘ਚ ਐਂਟਰੀ, ਫ਼ਿਲਮ 'ਸਪਾਈਡਰਮੈਨ: ਸਪਾਈਡਰ-ਵਰਸ ਦੇ ਪਾਰ' 'ਚ ਦੇਣਗੇ ਆਪਣੀ ਆਵਾਜ਼
ਇਸ ਫ਼ਿਲਮ ਨੂੰ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਸਣੇ ਅੰਤਰ ਰਾਸ਼ਟਰੀ ਬਾਜ਼ਾਰ ਤੇ ਬਿਲਬੋਰਡ 'ਤੇ ਵੀ ਕਾਮਯਾਬੀ ਮਿਲੀ ਹੈ। ਵਿਦੇਸ਼ ਵਿੱਚ ਵੀ ਲੋਕ ਇਸ ਫ਼ਿਲਮ ਨੂੰ ਬਹੁਤ ਪਸੰਦ ਕਰ ਰਹੇ ਹਨ। ਅਜਿਹਾ ਕਿਹਾ ਜਾ ਸਕਦਾ ਹੈ ਕਿ ਦਿਲਜੀਤ ਤੇ ਨਿਮਰਤ ਦੀ ਜੋੜੀ ਫ਼ਿਲਮ ਸਕ੍ਰੀਨ ਦੇ ਨਾਲ-ਨਾਲ ਲੋਕਾਂ ਦੇ ਦਿਲਾਂ ਉੱਤੇ ਵੀ ਜਾਦੂ ਕਰ ਰਹੀ ਹੈ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
- PTC PUNJABI