Aishwarya Rajnikanth: ਰਜਨੀਕਾਂਤ ਦੀ ਬੇਟੀ ਐਸ਼ਵਰਿਆ ਦੇ ਲਾਕਰ 'ਚੋਂ ਲੱਖਾਂ ਦੇ ਗਹਿਣੇ ਗਾਇਬ, ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ
Aishwarya Rajnikanth jewelry missing: ਸੁਪਰ ਸਟਾਰ ਰਜਨੀਕਾਂਤ ਦੀ ਵੱਡੀ ਧੀ ਐਸ਼ਵਰਿਆ ਰਜਨੀਕਾਂਤ ਨੇ ਨੈਤਿਨਮਪੇਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਚੇਨਈ ਸਥਿਤ ਘਰ ਦੇ ਲਾਕਰ ਵਿੱਚੋਂ ਸੋਨੇ ਅਤੇ ਹੀਰੇ ਦੇ ਗਹਿਣੇ ਗਾਇਬ ਹੋ ਗਏ ਹਨ। ਇਨ੍ਹਾਂ ਗਹਿਣੀਆਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ।
ਚੋਰੀ ਹੋਏ ਐਸ਼ਵਰਿਆ ਦੇ ਗਹਿਣੇ
ਪੁਲਿਸ ਕੋਲ ਦਰਜ ਕਰਵਾਈ ਗਈ ਐਫਆਈਆਰ ਦੇ ਮੁਤਾਬਕ, ਐਸ਼ਵਰਿਆ ਨੇ ਗਹਿਣੇ ਇੱਕ ਲਾਕਰ ਵਿੱਚ ਰੱਖੇ ਹੋਏ ਸਨ ਅਤੇ ਉਸ ਦੇ ਘਰ ਦੇ ਕੁਝ ਨੌਕਰਾਂ ਨੂੰ ਹੀ ਇਸ ਬਾਰੇ ਪਤਾ ਸੀ। ਥਾਣਾ ਨੈਤਿਨਮਪੇਟ ਪੁਲਿਸ ਨੇ ਆਈਪੀਸੀ ਦੀ ਧਾਰਾ 381 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ਼ਵਰਿਆ ਰਜਨੀਕਾਂਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਲਾਲ ਸਲਾਮ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਅਦਾਕਾਰਾ ਸ਼ੂਟ ਲਈ ਤਾਮਿਲਨਾਡੂ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕਰ ਰਹੀ ਹੈ।
ਐਸ਼ਵਰਿਆ ਰਜਨੀਕਾਂਤ ਨੇ ਦਰਜ ਕਰਵਾਈ ਸ਼ਿਕਾਇਤ
ਫਰਵਰੀ 'ਚ ਐਸ਼ਵਰਿਆ ਰਜਨੀਕਾਂਤ ਨੇ ਗਹਿਣਿਆਂ ਦੀ ਚੋਰੀ ਦੇ ਸਬੰਧ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਆਪਣੀ ਸ਼ਿਕਾਇਤ ਵਿੱਚ, ਉਸ ਨੇ ਦੱਸਿਆ ਕਿ ਉਸਨੇ ਆਖਰੀ ਵਾਰ ਆਪਣੇ ਗਹਿਣੇ 2019 ਵਿੱਚ ਆਪਣੀ ਭੈਣ ਸੌਂਦਰਿਆ ਦੇ ਵਿਆਹ ਸਮੇਂ ਪਹਿਨੇ ਸਨ। ਵਿਆਹ ਸਮਾਗਮ ਤੋਂ ਬਾਅਦ ਉਸ ਨੇ ਇਹ ਗਹਿਣੇ ਲਾਕਰ 'ਚ ਰੱਖ ਦਿੱਤੇ ਸਨ। ਐਸ਼ਵਰਿਆ ਦੇ ਮੁਤਾਬਕ ਗਾਇਬ ਹੋਏ ਸੋਨੇ ਤੇ ਹੀਰੇ ਦੇ ਗਹਿਣੀਆਂ ਦੀ ਕੀਮਤ ਲਗਭਗ 3.60 ਲੱਖ ਰੁਪਏ ਹੈ।
ਤਿੰਨ ਥਾਵਾਂ 'ਤੇ ਸ਼ਿਫਟ ਕੀਤਾ ਗਿਆ ਸੀ ਲਾਕਰ
ਅਦਾਕਾਰਾ ਦੇ ਬਿਆਨ ਮੁਤਾਬਕ ਸਾਲ 2021 ਵਿੱਚ ਲਾਕਰ ਨੂੰ ਤਿੰਨ ਥਾਵਾਂ 'ਤੇ ਸ਼ਿਫਟ ਕੀਤਾ ਗਿਆ ਸੀ। 21 ਅਗਸਤ 2021 ਨੂੰ, ਲਾਕਰ ਨੂੰ ਹੋਰ ਘਰੇਲੂ ਸਮਾਨ ਦੇ ਨਾਲ ਸੀਆਈਟੀ ਨਗਰ ਵਿੱਚ ਉਸ ਦੇ ਸਾਬਕਾ ਪਤੀ ਧਨੁਸ਼ ਦੇ ਫਲੈਟ ਵਿੱਚ ਲਿਜਾਇਆ ਗਿਆ। ਸਤੰਬਰ 2021 ਵਿੱਚ, ਇਸ ਨੂੰ ਬਾਅਦ ਵਿੱਚ ਚੇਨਈ ਦੇ ਸੇਂਟ ਮੈਰੀ ਰੋਡ ਸਥਿਤ ਉਸ ਦੇ ਅਪਾਰਟਮੈਂਟ ਵਿੱਚ ਰੱਖਿਆ ਗਿਆ। ਅਪ੍ਰੈਲ 2022 ਵਿੱਚ ਲਾਕਰ ਨੂੰ ਉਸ ਦੇ ਪੋਸ ਗਾਰਡਨ ਦੇ ਘਰ ਲਿਆਂਦਾ ਗਿਆ ਸੀ, ਜਦੋਂ ਕਿ ਲਾਕਰ ਦੀਆਂ ਚਾਬੀਆਂ ਸੇਂਟ ਮੈਰੀ ਰੋਡ ਸਥਿਤ ਉਸ ਦੇ ਫਲੈਟ ਵਿੱਚ ਸਨ।
ਹੋਰ ਪੜ੍ਹੋ: Chaitra Navratri 2023: ਵਰਤ ਦੇ ਦੌਰਾਨ ਖਾਓ ਇਹ 5 ਚੀਜ਼ਾਂ, ਸਰੀਰ 'ਚ ਬਣੀ ਰਹੇਗੀ ਤਾਕਤ
ਨੌਕਰਾਂ 'ਤੇ ਸ਼ੱਕ
ਜਦੋਂ ਐਸ਼ਵਰਿਆ ਨੇ 10 ਫਰਵਰੀ, 2023 ਨੂੰ ਲਾਕਰ ਖੋਲ੍ਹਿਆ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਵਿਆਹ ਦੇ 18 ਸਾਲਾਂ ਬਾਅਦ ਉਸ ਨੇ ਜੋ ਗਹਿਣੇ ਇਕੱਠੇ ਕੀਤੇ ਸਨ, ਉਨ੍ਹਾਂ ਵਿੱਚੋਂ ਕੁਝ ਗਾਇਬ ਸਨ। ਹੀਰਿਆਂ ਦੇ ਸੈੱਟ, ਪੁਰਾਣੇ ਸੋਨੇ ਦੇ ਟੁਕੜੇ, ਨਵਰਤਨਮ ਦੇ ਸੈੱਟ, ਚੂੜੀਆਂ ਅਤੇ ਕਰੀਬ 60 ਤੋਲੇ ਸੋਨਾ ਜਿਸ ਦੀ ਕੀਮਤ 3.60 ਲੱਖ ਰੁਪਏ ਹੈ, ਚੋਰੀ ਹੋ ਗਏ। ਐਸ਼ਵਰਿਆ ਨੇ ਘਰ ਦੇ ਨੌਕਰਾਂ 'ਤੇ ਸ਼ੱਕ ਜਾਹਿਰ ਕੀਤਾ ਹੈ। ਫਿਲਹਾਲ ਐਸ਼ਵਰਿਆ ਰਜਨੀਕਾਂਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
- PTC PUNJABI