ਅੱਜ ਹੈ ਗਾਇਕਾ ਸਤਵਿੰਦਰ ਬਿੱਟੀ ਦਾ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਗਾਇਕੀ ਦੇ ਖੇਤਰ ’ਚ ਐਂਟਰੀ
ਗਾਇਕਾ ਸਤਵਿੰਦਰ ਬਿੱਟੀ ਦਾ ਜਨਮ ਦਿਨ 28 ਨਵੰਬਰ ਨੂੰ ਹੁੰਦਾ ਹੈ । ਬਿੱਟੀ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕ ਸਤਵਿੰਦਰ ਬਿੱਟੀ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਬਿੱਟੀ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ।ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਬਿੱਟੀ ਨੇ ਆਪਣੀ ਪੜ੍ਹਾਈ ਪਟਿਆਲਾ ਤੋਂ ਹੀ ਪੂਰੀ ਕੀਤੀ । ਇਸ ਤੋਂ ਬਾਅਦ ਉਹ ਚੰਡੀਗੜ੍ਹ ਪੜ੍ਹਨ ਲਈ ਚਲੇ ਗਏ ।
ਹੋਰ ਪੜ੍ਹੋ :
ਇੱਥੇ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਰੂਚੀ ਖੇਡਣ ‘ਚ ਵੀ ਬਣਨ ਲੱਗੀ ਅਤੇ ਉਹ ਹਾਕੀ ਦੀ ਬਿਹਤਰੀਨ ਖਿਡਾਰਨ ਬਣ ਕੇ ਉਭਰੇ । ਉਨ੍ਹਾਂ ਨੇ ਨੈਸ਼ਨਲ ਲੈਵਲ ਤੱਕ ਖੇਡਿਆ ਅਤੇ ਹਾਕੀ ‘ਚ ਗੋਲਡ ਮੈਡਲਿਸਟ ਵੀ ਰਹੇ । ਇਸ ਸਭ ਦੇ ਚਲਦੇ ਇੱਕ ਵਾਰ ਜਦੋਂ ਕਿਤੇ ਬਾਹਰ ਖੇਡਣ ਲਈ ਜਾਣਾ ਸੀ ਤਾਂ ਸਤਵਿੰਦਰ ਬਿੱਟੀ ਨੂੰ ਘੱਟ ਉਮਰ ਦਾ ਹਵਾਲਾ ਦੇ ਕੇ ਟੀਮ ਚੋਂ ਬਾਹਰ ਕੱਢ ਦਿੱਤਾ ਗਿਆ ਸੀ । ਕਿਉਂਕਿ ਉਸ ਸਮੇਂ ਕਿਸੇ ਦੀ ਸਿਫ਼ਾਰਿਸ਼ ਆ ਗਈ ਸੀ ਅਤੇ ਚੋਣ ਕਰਨ ਵਾਲੀ ਟੀਮ ਨੇ ਉਸ ਸਿਫ਼ਾਰਿਸ਼ ਵਾਲੀ ਕੁੜੀ ਨੂੰ ਟੀਮ ‘ਚ ਰੱਖ ਲਿਆ ਸੀ ।
ਜਿਸ ਤੋਂ ਬਾਅਦ ਹੀ ਸਤਵਿੰਦਰ ਬਿੱਟੀ ਨੇ ਗਾਇਕੀ ਦੇ ਖੇਤਰ ‘ਚ ਆਪਣਾ ਕਰੀਅਰ ਬਨਾਉਣ ਦਾ ਫ਼ੈਸਲਾ ਲਿਆ । ਗਾਇਕੀ ਦੇ ਖੇਤਰ ਵਿੱਚ ਉਤਰ ਕੇ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ, ਜਿਹੜੇ ਕਿ ਅੱਜ ਵੀ ਸੁਣੇ ਜਾਂਦੇ ਹਨ । ਉਨ੍ਹਾਂ ਦਾ ਵਿਆਹ ਅਮਰੀਕਾ ‘ਚ ਰਹਿਣ ਵਾਲੇ ਕੁਲਰਾਜ ਗਰੇਵਾਲ ਨਾਲ ਹੋਇਆ ਹੈ ਅਤੇ ਉਨ੍ਹਾਂ ਦਾ ਇੱਕ ਬੇਟਾ ਵੀ ਹੈ ।
ਸਤਵਿੰਦਰ ਬਿੱਟੀ ਕੁਝ ਸਮਾਂ ਵਿਦੇਸ਼ ਅਤੇ ਕੁਝ ਸਮਾਂ ਪੰਜਾਬ ‘ਚ ਬਿਤਾਉਂਦੇ ਹਨ । ਸਤਵਿੰਦਰ ਬਿੱਟੀ ਨੂੰ ਬਿਜਲੀ ਵਿਭਾਗ ‘ਚ ਨੌਕਰੀ ਕਰਨ ਦਾ ਮੌਕਾ ਵੀ ਮਿਲਿਆ ਪਰ ਗਾਇਕੀ ਦੇ ਖੇਤਰ ‘ਚ ਆਉਣ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਸੀ । ਪੰਜਾਬ ਦੀ ਇਹ ਹਰਮਨ ਪਿਆਰੀ ਗਾਇਕਾ ਲਗਾਤਾਰ ਪੰਜਾਬੀ ਮਿਊੋਜ਼ਿਕ ਇੰਡਸਟਰੀ ਦੀ ਸੇਵਾ ਕਰ ਰਹੀ ਹੈ ।