ਨਮ ਅੱਖਾਂ ਨਾਲ ਸਿੱਧੂ ਮੂਸੇਵਾਲੇ ਦੀ ਹਵੇਲੀ ਪਹੁੰਚੀ ਸੋਨਮ ਬਾਜਵਾ, ਪਰਿਵਾਰ ਨਾਲ ਦੁੱਖ ਕੀਤਾ ਸਾਂਝਾ
ਟਿੱਬਿਆਂ ਵਾਲੇ ਪਿੰਡ ਤੋਂ ਉੱਠ ਕੇ ਪੂਰੇ ਵਰਲਡ ਵਿੱਚ ਆਪਣੇ ਗੀਤਾਂ ਰਾਹੀਂ ਪਹਿਚਾਣ ਬਣਾਉਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਅੱਜ ਸਾਡੇ ਵਿਚਕਾਰ ਨਹੀਂ ਰਹੇ ਪਰ ਆਪਣੀ ਆਵਾਜ਼ ਦੇ ਰਾਹੀਂ ਸਦਾ ਅਮਰ ਰਹਿਣਗੇ। 29 ਮਈ ਨੂੰ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ ਸੀ।
ਅੱਜ ਮੂਸੇ ਪਿੰਡ ਦੇ ਵਿੱਚ ਜੋ ਸਿੱਧੂ ਮੂਸੇਵਾਲਾ ਵੱਲੋਂ ਰੀਜਾਂ ਦੇ ਨਾਲ ਆਪਣੀ ਹਵੇਲੀ ਬਣਾਈ ਗਈ ਸੀ ਸੁੰਨਸਾਨ ਹੋ ਗਈ ਹੈ ਜਿਸ ਹਵੇਲੀ ਵਿੱਚ ਇਸ ਮਹੀਨੇ ਸਿੱਧੂ ਦੇ ਵਿਆਹ ਦੀਆਂ ਚਹਿਲ-ਪਹਿਲ ਹੋਣੀ ਸੀ, ਉਸ ਹਵੇਲੀ ਦੇ ਵਿਚ ਅੱਜ ਲੋਕੀਂ ਅਫਸੋਸ ਕਰਨ ਪੁੱਜ ਰਹੇ ਹਨ। ਅਦਾਕਾਰਾ ਸੋਨਮ ਬਾਜਵਾ ਵੀ ਨਮ ਅੱਖਾਂ ਦੇ ਨਾਲ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੀ।
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਜੋ ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਦੁੱਖ ਵੰਡਾਉਣ ਪਹੁੰਚੀ। ਤਸਵੀਰਾਂ ਚ ਦੇਖ ਸਕਦੇ ਹੋ ਸੋਨਮ ਬਾਜਵਾ ਦੀਆਂ ਅੱਖਾਂ ਹੰਝੂਆਂ ਦੇ ਨਾਲ ਭਰੀਆਂ ਪਈਆਂ ਸਨ। ਉਨ੍ਹਾਂ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਚ ਸੋਨਮ ਤੋਂ ਦੁੱਖ ਦੇ ਮਾਰੇ ਬੋਲਿਆ ਵੀ ਨਹੀਂ ਜਾ ਰਿਹਾ ਹੈ। ਸੋਨਮ ਬਾਜਵਾ ਨੇ ਫਿੱਕ ਰੰਗ ਦਾ ਸੂਟ ਪਾਇਆ ਹੋਇਆ ਸੀ।
ਦੱਸ ਦਈਏ ਸਿੱਧੂ ਮੂਸੇਵਾਲਾ ਦੇ ਕਈ ਗੀਤਾਂ ਚ ਸੋਨਮ ਬਾਜਵਾ ਨੇ ਅਦਾਕਾਰੀ ਕੀਤੀ ਸੀ। ਪਿਛੇ ਜਿਹੇ ਆਈ ਸਿੱਧੂ ਮੂਸੇਵਾਲਾ ਦੀ ਮਿਊਜ਼ਿਕ ਐਲਬਮ Moosetape ਦੇ ਇੱਕ ਗੀਤ Brown Shortie ਦੇ ਵੀਡੀਓ ਚ ਨਜ਼ਰ ਆਈ ਸੀ। ਸੋਨਮ ਬਾਜਵਾ ਜੋ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਹੁਤ ਦੁੱਖੀ ਸੀ, ਉਨ੍ਹਾਂ ਨੂੰ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਅਜਿਹਾ ਭਾਨਾ ਵਰਤ ਗਿਆ ਹੈ।
ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕਈ ਸਿਆਸਤਦਾਨ ਅਤੇ ਇੰਡਸਟਰੀ ਦੇ ਸਿਤਾਰੇ ਉਨ੍ਹਾਂ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਮੂਸੇ ਵਿਖੇ ਪਹੁੰਚ ਰਹੇ ਹਨ। ਪਰਮੀਸ਼ ਵਰਮਾ, ਗੱਗੂ ਗਿੱਲ, ਹੰਸ ਰਾਜ ਹੰਸ, ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਸਿੱਧੂ ਦੇ ਮਾਪਿਆਂ ਦੇ ਨਾਲ ਦੁੱਖ ਵੰਡਾ ਚੁੱਕੇ ਹਨ।
ਅੱਜ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਵੀ ਮੂਸੇਵਾਲਾ ਦੀ ਹਵੇਲੀ ਪਹੁੰਚੀ ਸੀ ਤੇ ਉਨ੍ਹਾਂ ਦੇ ਮਾਪਿਆਂ ਦਾ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਸਿਆਸੀ ਗਲਿਆਰਿਆਂ ਤੋਂ ਵੀ ਹਸਤੀਆਂ ਸਿੱਧੂ ਦੀ ਹਵੇਲੀ ਚ ਹਾਜ਼ਰੀ ਲਗਵਾ ਰਹੇ ਹਨ।