‘ਸਿੱਧੂ ਮੂਸੇਵਾਲਾ ਦਾ ਕਣ-ਕਣ ਮਿਹਨਤ ਨਾਲ ਭਰਿਆ ਸੀ’- ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ
ਇੱਕ ਮਾਪਿਆਂ ਦੇ ਲਈ ਆਪਣੇ ਪੁੱਤ ਨੂੰ ਭਰੀ ਜਵਾਨੀ ‘ਚ ਇਸ ਦੁਨੀਆ ਤੋਂ ਰੁਖਸਤ ਕਰਨ ਵਰਗਾ ਵੱਡਾ ਦੁੱਖ ਕੋਈ ਹੋਰ ਨਹੀਂ ਹੋ ਸਕਦਾ। ਅਜਿਹੇ ਹੀ ਦੁੱਖਾਂ ਦੇ ਪਹਾੜ 'ਚੋਂ ਲੰਘ ਰਹੇ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ। ਜਿਨ੍ਹਾਂ ਨੇ ਅੱਜ ਵੱਡਾ ਜਿਗਰਾ ਕਰਕੇ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਚ ਪ੍ਰਸ਼ੰਸਕਾਂ ਦੇ ਨਾਲ ਸਿੱਧੂ ਬਾਰੇ ਚਾਰ ਸ਼ਬਦ ਸਾਂਝੇ ਕੀਤੇ। ਸਿੱਧੂ ਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੇ ਸੰਘਰਸ਼ ਨੂੰ ਇੱਕ ਦੁੱਖੀ ਪਿਉ ਨੇ ਬਿਆਨ ਕੀਤਾ।
ਹੋਰ ਪੜ੍ਹੋ : ਸਿੱਧੂ ਮੂਸੇਵਾਲੇ ਦੇ ਭੋਗ ‘ਤੇ ਅਦਾਕਾਰਾ ਮੈਂਡੀ ਤੱਖਰ ਮੂਸੇਵਾਲੇ ਦੀ ਮਾਂ ਨੂੰ ਗਲ ਲੱਗਕੇ ਭੁੱਬਾ ਮਾਰ ਕੇ ਰੋਈ, ਦੇਖੋ ਤਸਵੀਰਾਂ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲੇ ਦਾ ਕਣ-ਕਣ ਮਿਹਨਤ ਦੇ ਨਾਲ ਭਰਿਆ ਪਿਆ ਸੀ। ਉਨ੍ਹਾਂ ਨੇ ਭਾਵੁਕ ਹੁੰਦੇ ਹੋਏ ਕਿਹਾ- ‘29 ਮਈ ਨੂੰ ਅਜਿਹਾ ਮਨਹੂਸ ਦਿਨ ਚੜ੍ਹਿਆ, ਜਿਸ ਦਿਨ ਇਹ ਭਾਣਾ ਵਰਤ ਗਿਆ ਪਰ ਤੁਹਾਡੇ ਵੱਲੋਂ ਮਿਲੇ ਪਿਆਰ ਨੇ, ਤੇ ਤੁਹਾਡੇ ਵੱਲੋਂ ਜੋ ਹੰਝੂ ਵਹਾਏ ਗਏ, ਉਸ ਨੇ ਮੇਰੇ ਇਸ ਦੁੱਖ ਨੂੰ ਕਾਫੀ ਹੱਦ ਤੱਕ ਘਟਾ ਦਿੱਤਾ। ਇਹ ਘਾਟਾ ਮੈਂ ਆਸਾਨੀ ਨਾਲ ਪੂਰਾ ਜਾਂ ਸਹਿਣ ਕਰ ਲਵਾਂ ਤਾਂ ਇਹ ਬਸ ਕਹਿਣ ਦੀਆਂ ਗੱਲਾਂ ਹੋ ਸਕਦੀਆਂ ਹਨ ਪਰ ਇਸ ਨੂੰ ਮੇਰਾ ਪਰਿਵਾਰ ਹੀ ਸਮਝ ਸਕਦਾ ਕਿ ਅੱਜ ਅਸੀਂ ਕਿਥੇ ਪਹੁੰਚ ਗਏ ਹਾਂ। ਗੁਰੂ ਮਹਾਰਾਜ ਤੋਂ ਸੇਧ ਲੈ ਕੇ ਕੋਸ਼ਿਸ਼ ਕਰਾਂਗਾ ਅਗਲੀ ਜ਼ਿੰਦਗੀ ਨੂੰ ਸ਼ੁਰੂ ਕਰਨ ਦੀ’
ਉਨ੍ਹਾਂ ਨੇ ਅੱਗੇ ਕਿਹਾ- ‘ਸਿੱਧੂ ਇੱਕ ਸਿੱਧਾ-ਸਾਦਾ ਪਿੰਡ ਦਾ ਆਮ ਨੌਜਵਾਨ ਸੀ। ਨਰਸਰੀ ’ਚ ਜਦੋਂ ਉਹ ਸਕੂਲ ਪੜ੍ਹਨ ਲੱਗਾ, ਉਦੋਂ ਸਾਡੇ ਪਿੰਡੋਂ ਸਕੂਲ ਨੂੰ ਬੱਸ ਵੀ ਨਹੀਂ ਜਾਂਦੀ ਸੀ। ਆਪਣੇ ਸਕੂਟਰ ’ਤੇ ਕਦੇ ਬੱਸਾਂ ਦੀ ਛੱਤਾਂ ਉੱਤੇ ਬੈਠ ਕੇ ਉਸ ਨੂੰ ਸਕੂਲ ਛੱਡ ਕੇ ਆਉਂਦੇ ਸੀ। ਜਦੋਂ ਉਹ ਢਾਈ ਸਾਲਾਂ ਦਾ ਸੀ ਤਾਂ ਮੈਂ ਫਾਇਰ ਵਿਭਾਗ ’ਚ ਨੌਕਰੀ ਕਰਦਾ ਸੀ, ਜਿੱਥੇ ਇੱਕ ਵਾਰ ਅੱਗ ਲੱਗ ਗਈ। ਮੈਂ ਸ਼ੁੱਭ ਨੂੰ ਸਕੂਲ ਛੱਡਣ ਗਿਆ ਤੇ ਕੰਮ ਤੋਂ 20 ਮਿੰਟ ਲੇਟ ਹੋ ਗਿਆ। ਉਸ ਦਿਨ ਮੈਂ ਉਸ ਨੂੰ ਕਿਹਾ ਕਿ ਜਾਂ ਤੂੰ ਪੜ੍ਹੇਗਾ ਜਾਂ ਮੈਂ ਨੌਕਰੀ ਕਰਾਂਗਾ। ਫਿਰ ਅਸੀਂ ਛੋਟਾ ਜਿਹਾ ਸਾਈਕਲ ਸ਼ੁੱਭਦੀਪ ਨੂੰ ਲੈਕੇ’
ਭਾਵੁਕ ਹੁੰਦੇ ਪਿਤਾ ਨੇ ਅੱਗੇ ਕਿਹਾ, ‘ਉਸ ਨੇ ਦੂਜੀ ਕਲਾਸ ਤੋਂ ਸਾਈਕਲ ’ਤੇ ਜਾਣਾ ਸ਼ੁਰੂ ਕਰ ਕੀਤਾ ਸੀ, ਬੱਚੇ ਨੇ 12ਵੀਂ ਤੱਕ ਸਾਈਕਲ ਚਲਾਇਆ...ਰੋਜ਼ਨਾ ਉਹ 24 ਕਿਲੋਮੀਟਰ ਸਕੂਲ ਜਾਣਾ, ਫਿਰ 24 ਕਿਲੋਮੀਟਰ ਟਿਊਸ਼ਨ ਜਾਂਦਾ ਸੀ...ਇਸ ਬੱਚੇ ਦਾ ਕਣ-ਕਣ ਮਿਹਨਤ ਨਾਲ ਭਰਿਆ ਪਿਆ ਹੈ...ਪੈਸਿਆਂ ਪੱਖੋਂ ਅਸੀਂ ਅਮੀਰ ਨਹੀਂ ਸੀ। ਇਨ੍ਹਾਂ ਹਾਲਾਤਾਂ ’ਚ ਮੈਂ ਬੱਚੇ ਨੂੰ ਇਥੋਂ ਤਕ ਲੈ ਕੇ ਆਇਆ, ਕਦੇ ਜੇਬ ਖਰਚਾ ਵੀ ਉਸ ਨੂੰ ਨਹੀਂ ਮਿਲਿਆ ਸੀ ਪਰ ਉਸ ਨੇ ਆਪਣੀ ਮਿਹਨਤ ਨਾਲ ਕਾਲਜ ਦੀ ਪੜ੍ਹਾਈ ਕੀਤੀ ਤੇ ਫਿਰ ਆਈਲੈਟਸ ਕਰਕੇ ਬਾਹਰ ਚਲਾ ਗਿਆ...ਜੇਬ ਖਰਚ ਲਈ ਇਕ ਅੱਧਾ ਗੀਤ ਵੇਚ ਕੇ ਆਪਣਾ ਸਮਾਂ ਟਪਾਇਆ..’। ਅੱਜ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਿੱਧੂ ਦੇ ਨਾਲ ਜੁੜੇ ਕਈ ਪਲਾਂ ਨੂੰ ਬਿਆਨ ਕੀਤਾ। ਸਿੱਧੂ ਦੇ ਪਿਤਾ ਵੱਲੋਂ ਬਿਆਨ ਕੀਤੇ ਇਹ ਸ਼ਬਦ ਸੁਣਕੇ ਹਰ ਕੋਈ ਭਾਵੁਕ ਹੋ ਗਿਆ।