ਸਿੱਧੂ ਮੂਸੇਵਾਲਾ ਕਤਲ ਮਾਮਲਾ: ਪੁਲਿਸ ਨੇ ਇੱਕ ਹੋਰ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ, ਪ੍ਰੋਡਕਸ਼ਨ ਵਾਰੰਟ ’ਤੇ 2 ਗੈਂਗਸਟਰ
Sidhu Moose Wala Murder Case update: ਪਿਛਲੇ ਦਿਨੀਂ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਕਾਂਡ ਵਿੱਚ ਮਾਨਸਾ ਪੁਲਿਸ ਵੱਲੋਂ ਵੱਡੀ । ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਹੋਰ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ 2 ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਹੈ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਇਸ ਮਾਮਲੇ 'ਚ ਦੇਹਰਾਦੂਨ ਤੋਂ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਮਾਨਸਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਨਸਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇੱਕ ਨੌਜਵਾਨ ਮਨਪ੍ਰੀਤ ਸਿੰਘ ਉਰਫ ਭਾਊ ਨੂੰ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਤੋਂ ਇਲਾਵਾ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਨੂੰ ਫ਼ਿਰੋਜ਼ਪੁਰ ਜੇਲ੍ਹ ਅਤੇ ਬਠਿੰਡਾ ਜੇਲ੍ਹ ਵਿੱਚ ਬੰਦ ਸਾਰਜ ਮਿੰਟੂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ।
ਬਠਿੰਡਾ ਜ਼ਿਲ੍ਹੇ ਦੇ ਨਾਮੀ ਗੈਂਗਸਟਰ ਰਹੇ ਕੁਲਵੀਰ ਨਰੂਆਣਾ ਦੇ ਕਤਲ ਮਾਮਲੇ ਵਿੱਚ ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਮਨਪ੍ਰੀਤ ਸਿੰਘ ਮੰਨਾ ਨੂੰ ਵੀ ਮਾਨਸਾ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਹੈ। ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਕਾਰਨ ਜਿੱਥੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਉੱਠੇ ਸਨ। ਉਥੇ ਹੀ ਦੂਜੇ ਪਾਸੇ ਵੱਡੇ ਪੱਧਰ 'ਤੇ ਲੋਕ ਪੰਜਾਬ ਸਰਕਾਰ ਉੱਤੇ ਵੀ ਸੂਬੇ ਦੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਚੁੱਕਦੇ ਨਜ਼ਰ ਆ ਰਹੇ ਹਨ।
ਇਸ ਕਤਲ ਕਾਂਡ ਤੋਂ ਬਾਅਦ ਭਗਵੰਤ ਮਾਨ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ, ਕਿਉਂਕਿ ਪਿਛਲੇ ਦਿਨੀਂ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾ ਦਿੱਤੀ ਗਈ ਸੀ। ਸਿੱਧੂ ਮੂਸੇਵਾਲਾ ਕੋਲ ਕੁੱਲ 4 ਬਾਡੀਗਾਰਡ ਸਨ, ਜਿਨ੍ਹਾਂ ਚੋਂ 2 ਨੂੰ ਹਟਾ ਦਿੱਤਾ ਗਿਆ ਸੀ।
ਜਨਤਾ ਦੇ ਭਾਰੀ ਰੋਸ ਨੂੰ ਵੇਖਦੇ ਹੋਏ ਹੁਣ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਤੇਜ਼ੀ ਦਿਖਾਉਂਦੇ ਹੋਏ ਇੱਕ ਨੌਜਵਾਨ ਦੀ ਗ੍ਰਿਫ਼ਤਾਰੀ ਅਤੇ 2 ਗੈਂਗਸਟਰਾਂ ਨੂੰ ਪ੍ਰੋਟੈਕਸ਼ਨ ਵਰੰਟ ‘ਤੇ ਲਿਆਉਣ ਦੀ ਗੱਲ ਆਖੀ ਜਾ ਰਹੀ ਹੈ। ਆਈਜੀ ਰੇਂਜ ਫ਼ਰੀਦਕੋਟ ਪ੍ਰਦੀਪ ਯਾਦਵ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇੱਕ ਵਿਅਕਤੀ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 2 ਨੂੰ ਪ੍ਰੋਟੈਕਸ਼ਨ ਵਾਰੰਟ ਤੇ ਵੱਖ-ਵੱਖ ਜੇਲ੍ਹਾਂ ਵਿਚੋਂ ਲੈ ਕੇ ਆਏ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਨੇ ਇਸ ਮਾਮਲੇ 'ਚ 6 ਲੋਕਾਂ ਨੂੰ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ।
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮੌਤ ਤੋਂ ਦੁੱਖੀ ਗਾਇਕ ਸੁੱਖ ਖਰੌੜ ਨੇ ਰੱਦ ਕੀਤਾ ਆਪਣਾ ਲਾਈਵ ਸ਼ੋਅ
ਪੁਲਿਸ ਦੇ ਸੂਤਰਾਂ ਮੁਤਾਬਕ ਮਨਪ੍ਰੀਤ ਨੇ ਹਮਲਾਵਰਾਂ ਨੂੰ ਮੰਨਾ ਦੀ ਮਲਕੀਅਤ ਵਾਲੀ ਚਿੱਟੇ ਰੰਗ ਦੀ ਟੋਇਟਾ ਕੋਰੋਲਾ ਕਾਰ ਦਿੱਤੀ ਸੀ। ਸੋਸ਼ਲ ਮੀਡੀਆ 'ਤੇ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ, ਜਿਸ 'ਚ ਐਤਵਾਰ ਸ਼ਾਮ ਨੂੰ ਪਿੰਡ ਜਵਾਹਰਕੇ 'ਚ ਮੂਸੇਵਾਲਾ ਦੀ ਗੱਡੀ ਨੂੰ ਚਿੱਟੇ ਰੰਗ ਦੀ ਕਾਰ ਅੱਗੇ ਆਉਂਦੀ ਦਿਖਾਈ ਦਿੱਤੀ। ਇਸ ਕਾਰ 'ਚ ਸਵਾਰ ਵਿਅਕਤੀਆਂ ਨੇ ਸਭ ਤੋਂ ਪਹਿਲਾਂ ਮੂਸੇਵਾਲਾ ਦੀ ਗੱਡੀ 'ਤੇ ਗੋਲੀਆਂ ਚਲਾਈਆਂ ਸਨ। ਬਾਅਦ ਵਿੱਚ ਹਮਲਾਵਰਾਂ ਦੇ ਇੱਕ ਹੋਰ ਸਮੂਹ, ਇੱਕ ਮਹਿੰਦਰਾ ਬੋਲੈਰੋ ਕਾਰ, ਪਹਿਲੇ ਸਮੂਹ ਵਿੱਚ ਸ਼ਾਮਲ ਹੋ ਗਈ ਅਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਨਾਲ ਮੂਸੇਵਾਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ।