ਪੰਜ ਤੱਤਾਂ 'ਚ ਵਿਲਿਨ ਹੋਏ ਸਿੱਧੂ ਮੂਸੇਵਾਲਾ, ਪਰਿਵਾਰ ਤੇ ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਮਸ਼ਹੂਰ ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਪਰਿਵਾਰ ਤੇ ਪਿੰਡ ਵਾਸੀਆਂ ਨੇ ਆਪਣੇ ਲਾਡਲੇ ਪੁੱਤਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਵੱਡੀ ਗਿਣਤੀ 'ਚ ਕਈ ਸਿਆਸੀ ਆਗੂ, ਪੰਜਾਬੀ ਕਲਾਕਾਰ ਅਤੇ ਫੈਨਜ਼ ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨ ਕਰਨ ਪੁੱਜੇ।
ਸਿੱਧੂ ਮੂਸੇਵਾਲਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮੂਸੇਵਾਲਾ ਵਿਖੇ ਕੀਤਾ ਗਿਆ। ਇਸ ਦੌਰਾਨ ਸਿੱਧੂ ਦੇ ਪਰਿਵਾਰ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਸਿੱਧੂ ਮੂਸੇਵਾਲਾ ਦੇ ਅੰਤਿਮ ਯਾਤਰਾ ਉਨ੍ਹਾਂ ਦੇ ਪਸੰਦੀਦਾ ਟਰੈਕਟਰ 5911 'ਤੇ ਕੱਢੀ ਗਈ।
ਇਸ ਦੌਰਾਨ ਉਨ੍ਹਾਂ ਦੇ ਮਾਤਾ-ਪਿਤਾ ਲਈ ਹਰ ਕੋਈ ਦੁਆ ਕਰ ਰਿਹਾ ਸੀ। ਪੁੱਤਰ ਦੀਆਂ ਅੰਤਿਮ ਰਸਮਾਂ ਵੇਖ ਕੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ, ਇਹ ਸਮਾਂ ਹਰ ਕਿਸੇ ਨੂੰ ਭਾਵੁਕ ਕਰ ਦੇਣ ਵਾਲਾ ਸੀ। ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਸ਼ਮਸ਼ਾਨ ਘਾਟ 'ਚ ਨਾ ਕਰਕੇ ਉਨ੍ਹਾਂ ਦੇ ਮਾਤਾ-ਪਿਤਾ ਮੁਤਾਬਕ ਨਿੱਜੀ ਜ਼ਮੀਨ ਯਾਨੀ ਕਿ ਉਨ੍ਹਾਂ ਦੇ ਖੇਤਾਂ ਵਿੱਚ ਕੀਤਾ ਗਿਆ।
ਦੱਸ ਦਈਏ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 29 ਮਈ ਦਿਨ ਐਤਵਾਰ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala ) ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਿੱਧੂ ਮੂਸੇਵਾਲੇ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਫੈਨਜ਼ ਬਹੁਤ ਨਿਰਾਸ਼ ਹੋ ਗਏ ਹਨ। ਸਿੱਧੂ ਮੂਸੇਵਾਲਾ ਦੇ ਦੇਹਾਂਤ ਨਾਲ ਪੰਜਾਬ ਫਿਲਮ ਇੰਡਸਟਰੀ ਤੇ ਬਾਲੀਵੁੱਡ ਵਿੱਚ ਵੀ ਸੋਗ ਦੀ ਲਹਿਰ ਹੈ।
ਸੋਮਵਾਰ ਨੂੰ ਬਾਅਦ ਦੁਪਹਿਰ ਇੱਕ ਪੰਜ ਮੈਂਬਰੀ ਡਾਕਟਰਾਂ ਦੇ ਖਾਸ ਪੈਨਲ ਵੱਲੋਂ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਗਿਆ। ਡਾਕਟਰਾਂ ਦੀ ਟੀਮ ਵੱਲੋਂ ਸਿਵਲ ਹਸਪਤਾਲ ਵਿੱਚ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਕੀਤਾ ਗਿਆ। ਇਸ ਦੌਰਾਨ ਕਈ ਵੱਡੇ ਖੁਲਾਸੇ ਵੀ ਹੋਏ।
ਮੀਡੀਆ ਰਿਪੋਰਟਸ ਦੇ ਮੁਤਾਬਕ ਮੂਸੇਵਾਲਾ ਦੀ ਪੋਸਟ ਮਾਰਟਮ ਰਿਪੋਰਟ ਵਿੱਚ ਉਸ ਦੇ ਸਰੀਰ ਉੱਤੇ ਕਰੀਬ ਦੋ ਦਰਜਨ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਜ਼ਿਆਦਾ ਖੂਨ ਵਹਿਣ ਕਾਰਨ ਮੂਸੇਵਾਲਾ ਦੀ ਮੌਤ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਕਤਲ ਕਾਂਡ ਵਿੱਚ ਮੂਸੇਵਾਲਾ ਦੇ ਸਰੀਰ ਦੇ ਅੰਦਰੂਨੀ ਅੰਗਾਂ ’ਤੇ ਗੰਭੀਰ ਜ਼ਖ਼ਮ ਹੋਏ ਸਨ ਜਿੰਨ੍ਹਾਂ ਨੂੰ ਮੂਸੇਵਾਲਾ ਸਹਾਰ ਨਹੀਂ ਸਕਿਆ ਅਤੇ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ। ਇਸ ਦੇ ਨਾਲ ਹੀ ਇਸ ਕਤਲੇਆਮ ਵਿੱਚ ਮੂਸੇਵਾਲਾ ਦੇ ਅੰਦਰੂਨੀ ਅੰਗਾਂ ਵਿੱਚ ਵੀ ਸੱਟਾਂ ਲੱਗੀਆਂ ਹਨ। ਇਸ ਤੋਂ ਇਲਾਵਾ ਸਿਰ ਦੀ ਹੱਡੀ 'ਚੋਂ ਇਕ ਗੋਲੀ ਵੀ ਮਿਲੀ ਹੈ।
ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਪੌਲੀਵੁੱਡ, ਬਾਲੀਵੁੱਡ ਅਤੇ ਹੌਲੀਵੁੱਡ ਦੇ ਕਈ ਸੈਲੀਬ੍ਰੀਟੀਜ਼ ਨੇ ਸੋਗ ਪ੍ਰਗਟਾਇਆ। ਕਈ ਸੈਲਬਸ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਉੱਤੇ ਸਵਾਲ ਚੁੱਕੇ ਹਨ। ਇਸ ਦੇ ਨਾਲ ਹੀ ਸਿੱਧੂ ਦੇ ਪਰਿਵਾਰ ਨੇ ਸੂਬੇ ਦੀ ਸੁਰੱਖਿਆ ਨੂੰ ਲੈ ਕੇ ਸੂਬਾ ਸਰਕਾਰ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਜਲਦ ਤੋਂ ਜਲਦ ਇਨਸਾਫ ਦੀ ਮੰਗ ਕੀਤੀ ਹੈ।
ਸਿੱਧੂ ਮੂਸੇਵਾਲਾ (sidhu Moosewala ) ਦਾ ਅੰਤਿਮ ਸੰਸਕਾਰ ਤੋਂ ਪਹਿਲਾਂ ਉਸ ਦੀ ਮਾਂ ਨੇ ਸਿੱਧੂ ਮੂਸੇਵਾਲਾ ਦਾ ਆਖਰੀ ਵਾਰ ਤਿਆਰ ਕੀਤਾ । ਇਸ ਮੌਕੇ ਮਾਂ ਨੇ ਆਪਣੇ ਪੁੱਤਰ ਦਾ ਆਖਰੀ ਵਾਰ ਜੂੜਾ ਕੀਤਾ । ਇਨ੍ਹਾਂ ਭਾਵੁਕ ਪਲਾਂ ਨੂੰ ਕੈਮਰੇ ‘ਚ ਕੈਦ ਕੀਤਾ । ਇਨ੍ਹਾਂ ਭਾਵੁਕ ਪਲਾਂ ਦਾ ਜੋ ਵੀ ਸ਼ਖਸ ਉਸ ਵੇਲੇ ਉੇੁੱਥੇ ਮੌਜੂਦ ਸੀ । ਇਹ ਦ੍ਰਿਸ਼ ਵੇਖ ਕੇ ਸਭ ਦੀਆਂ ਭੁੱਬਾਂ ਨਿਕਲ ਗਈਆਂ ।
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੀ ਦੇਹਾਂਤ ਤੋਂ ਦੁਖੀ ਹੋਏ ਆਸਿਮ ਰਿਆਜ਼ , ਭਾਵੁਕ ਪੋਸਟ ਪਾ ਦੱਸਿਆ ਮੂਸੇਵਾਲਾ ਨਾਲ ਬਿਤਾਇਆ ਸਮਾਂ
ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਮਾਮਲੇ 'ਚ ਅਜੇ ਤੱਕ ਇੱਕ ਗੈਂਗਸਟਰ ਗਰੁੱਪ ਦਾ ਨਾਂਅ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ਨਾਲ ਜੁੜੇ ਸਾਰੇ ਸ਼ੱਕੀਆਂ ਦੀ ਪਛਾਣ ਕਰ ਲਈ ਹੈ। ਇਨ੍ਹਾਂ ਚੋ 6 ਲੋਕਾਂ ਨੂੰ ਉੱਤਰਾਖੰਡ ਦੇ ਦੇਹਰਾਦੂਨ ਵਿਖੇ ਉੱਥੋਂ ਦੀ ਸਥਾਨਕ ਪੁਲਿਸ ਦੀ ਮਦਦ ਨਾਲ ਫੜ ਲਿਆ ਗਿਆ ਹੈ ਜਿੰਨ੍ਹਾਂ ਨੂੰ ਜਾਂਚ ਲਈ ਪੰਜਾਬ ਲਿਆਂਦਾ ਜਾ ਰਿਹਾ ਹੈ।