ਸਾਈਨਾ ਨੇਹਵਾਲ 'ਤੇ ਟਿੱਪਣੀ ਕਰਨ ਨੂੰ ਲੈ ਕੇ ਸਿਧਾਰਥ ਨੇ ਮੰਗੀ ਮੁਆਫੀ , ਕਿਹਾ ਤੁਸੀਂ ਹਮੇਸ਼ਾ ਮੇਰੀ ਚੈਂਪੀਅਨ ਰਹੋਗੇ
ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਵੱਲੋਂ ਪੰਜਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਤੇ ਕੀਤੀ ਗਈ ਟਿੱਪਣੀ ਤੋਂ ਬਾਅਦ ਅਦਾਕਾਰ ਸਿਧਾਰਥ ਨੇ ਉਸ 'ਤੇ ਟਿੱਪਣੀ ਕੀਤੀ ਸੀ। ਲੋਕਾਂ ਵੱਲੋਂ ਟ੍ਰੋਲ ਕੀਤੇ ਜਾਣ ਮਗਰੋਂ ਆਖ਼ਿਰਕਾਰ ਸਿਧਾਰਥ ਨੇ ਸਾਈਨਾ ਨੇਹਵਾਲ ਕੋਲੋਂ ਮੁਆਫੀ ਮੰਗ ਲਈ ਹੈ।
ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੋਲ ਹੋਣ ਮਗਰੋਂ ਅਦਾਕਾਰ ਸਿਧਾਰਥ ਨੇ ਆਪਣੀ ਪੱਖ ਰੱਖਦੇ ਹੋਏ ਮੁਆਫੀ ਮੰਗੀ ਹੈ। ਸਿਧਾਰਥ ਨੇ ਕਿਹਾ ਕਿ ਉਸ ਦਾ ਮਤਲਬ ਕਿਸੇ ਦਾ ਅਪਮਾਨ ਕਰਨਾ ਜਾਂ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਹੈ। ਉਸ ਦੇ ਟਵੀਟ ਵਿੱਚ ਕਿਸੇ ਤਰ੍ਹਾਂ ਦੀ ਇਤਰਾਜ਼ਯੋਗ ਟਿੱਪਣੀ ਨਹੀਂ ਸੀ।
ਮੰਗਲਵਾਰ ਨੂੰ ਸਿਧਾਰਥ ਨੇ ਮੁਆਫੀਨਾਮਾ ਜਾਰੀ ਕਰਦੇ ਹੋਏ ਲਿਖਿਆ, "ਪਿਆਰੀ ਸਾਇਨਾ, ਮੈਂ ਇੱਕ ਦਿਨ ਪਹਿਲਾਂ ਤੁਹਾਡੇ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖੇ ਆਪਣੇ ਭੱਦੇ ਮਜ਼ਾਕ ਲਈ ਤੁਹਾਡੇ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ। ਮੈਂ ਕਈ ਗੱਲਾਂ 'ਤੇ ਤੁਹਾਡੇ ਨਾਲ ਅਸਹਿਮਤ ਹੋ ਸਕਦਾ ਹਾਂ, ਪਰ ਮੇਰੀ ਨਿਰਾਸ਼ਾ ਜਾਂ ਗੁੱਸਾ ਤੁਹਾਡਾ ਟਵੀਟ ਪੜ੍ਹਨ ਤੋਂ ਬਾਅਦ, ਮੇਰੇ ਲਹਿਜੇ ਅਤੇ ਸ਼ਬਦਾਂ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ।"
Dear @NSaina pic.twitter.com/plkqxVKVxY
— Siddharth (@Actor_Siddharth) January 11, 2022
ਸਿਧਾਰਥ ਨੇ ਅੱਗੇ ਲਿਖਦੇ ਹੋਏ ਕਿਹਾ,"ਜੇਕਰ ਮਜ਼ਾਕ ਨੂੰ ਸਮਝਾਉਣ ਦੀ ਲੋੜ ਹੈ, ਤਾਂ ਉਹ ਮਜ਼ਾਕ ਵੀ ਨਹੀਂ ਹੈ। ਇਸ ਲਈ ਮੈਂ ਆਪਣੇ ਮਜ਼ਾਕ ਲਈ ਮੁਆਫੀ ਮੰਗਦਾ ਹਾਂ। ਮੈਨੂੰ ਆਪਣੀ ਸ਼ਬਦ ਚੋਣ ਅਤੇ ਹਾਸੇ-ਮਜ਼ਾਕ 'ਤੇ ਜ਼ੋਰ ਦੇਣਾ ਚਾਹੀਦਾ ਸੀ। ਮੈਂ ਕਿਸੇ ਵੀ ਗ਼ਲਤ ਇਰਾਦੇ ਨਾਲ ਇਹ ਟਵੀਟ ਨਹੀਂ ਕੀਤਾ ਸੀ। "ਮੈਂ ਖੁਦ ਇੱਕ ਕੱਟੜ ਨਾਰੀਵਾਦੀ ਸਮਰਥਕ ਹਾਂ ਅਤੇ ਮੈਂ ਤੁਹਾਨੂੰ ਯਕੀਨ ਦਿਵਾ ਸਕਦਾ ਹਾਂ ਕਿ ਮੇਰੇ ਟਵੀਟ ਵਿੱਚ ਕੋਈ ਲਿੰਗ ਨਹੀਂ ਦੱਸਿਆ ਗਿਆ ਸੀ ਅਤੇ ਨਿਸ਼ਚਿਤ ਤੌਰ 'ਤੇ ਇੱਕ ਔਰਤ ਵਜੋਂ ਤੁਹਾਡੇ 'ਤੇ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਸੀ।"
ਉਨ੍ਹਾਂ ਨੇ ਅੱਗੇ ਲਿਖਿਆ, " ਮੈਨੂੰ ਉਮੀਂਦ ਹੈ ਕਿ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਭੁੱਲ ਕੇ ਮੇਰੇ ਇਸ ਮੁਆਫੀਨਾਮੇ ਨੂੰ ਸਵੀਕਾਰ ਕਰੋਗੇ। ਤੁਸੀਂ ਹਮੇਸ਼ਾ ਮੇਰੀ ਚੈਂਪੀਅਨ ਰਹੋਗੇ। "
ਹੋਰ ਪੜ੍ਹੋ : ਲੋਹੜੀ ਸਪੈਸ਼ਲ : 13 ਜਨਵਰੀ ਨੂੰ ਸ਼ਾਮ 6:30 ਵਜੇ ਪੀਟੀਸੀ ਪੰਜਾਬੀ 'ਤੇ ਵੇਖੋ ਖ਼ਾਸ ਪ੍ਰੋਗਰਾਮ ਸੁਰਾਂ ਦੀ ਲੋਹੜੀ
ਦੱਸ ਦੇਈਏ ਕਿ ਅਦਾਕਾਰ ਸਿਧਾਰਥ ਬਾਲੀਵੁੱਡ ਤੇ ਤਾਮਿਲ ਸਿਨੇਮਾ ਦੇ ਮਸ਼ਹੂਰ ਐਕਟਰ ਹਨ। ਬਾਲੀਵੁੱਡ ਫ਼ਿਲਮ 'ਰੰਗ ਦੇ ਬਸੰਤੀ' 'ਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਉਹ ਅਕਸਰ ਵੱਖ-ਵੱਖ ਮੁੱਦਿਆਂ 'ਤੇ ਆਪਣੇ ਵਿਚਾਰ ਰੱਖਦੇ ਹਨ ਤੇ ਉਹ ਪਹਿਲਾਂ ਵੀ ਆਪਣੇ ਕਈ ਹੋਰ ਸਿਆਸੀ ਬਿਆਨਾਂ ਕਾਰਨ ਲੋਕਾਂ ਦੇ ਨਿਸ਼ਾਨੇ 'ਤੇ ਆ ਚੁੱਕੇ ਹਨ।