ਕਰੂਜ਼ ਡਰੱਗਜ਼ ਪਾਰਟੀ ਮਾਮਲੇ 'ਚ ਗ੍ਰਿਫਤਾਰੀ ਤੋਂ ਬਾਅਦ ਅੱਜ ਸ਼ਾਹਰੁਖ ਦੇ ਬੇਟੇ ਆਰੀਅਨ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ
ਪਿਛਲੇ ਐਤਵਾਰ ਬਾਲੀਵੁੱਡ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਮਾਈਆ ਨਗਰੀ ਇੱਕ ਵਾਰ ਫਿਰ ਤੋਂ ਡਰੱਗਜ਼ ਦੇ ਮਾਮਲੇ ਕਰਕੇ ਸੁਰਖੀਆਂ 'ਚ ਬਣੀ ਹੋਈ ਹੈ । ਦੱਸ ਦੇਈਏ ਕਿ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ (Shah Rukh Khan) ਦੇ ਬੇਟੇ ਆਰੀਅਨ ਖ਼ਾਨ (Aryan khan) ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਗ੍ਰਿਫਤਾਰ ਕੀਤਾ ਹੈ।
ਆਰੀਅਨ ਖ਼ਾਨ ਉਨ੍ਹਾਂ 8 ਲੋਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਤੋਂ ਐਨਸੀਬੀ ਨੇ ਮੁੰਬਈ ਦੇ ਤੱਟ ਦੇ ਇੱਕ ਕਰੂਜ਼ ਜਹਾਜ਼ ਵਿੱਚ ਪਾਰਟੀ ਦੇ ਸੰਬੰਧ ਵਿੱਚ ਪੁੱਛਗਿੱਛ ਕੀਤੀ ਸੀ। ਪੁੱਛਗਿੱਛ ਤੋਂ ਬਾਅਦ ਐਤਵਾਰ ਨੂੰ ਆਰੀਅਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁੰਬਈ ਦੀ ਅਦਾਲਤ ਨੇ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਸਮੇਤ ਤਿੰਨ ਲੋਕਾਂ ਨੂੰ ਇੱਕ ਦਿਨ ਦੇ ਐਨਸੀਬੀ ਰਿਮਾਂਡ 'ਤੇ ਭੇਜਿਆ ਹੈ। ਆਰੀਅਨ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਸ ਮਾਮਲੇ ਦੀ ਸੁਣਵਾਈ ਅੱਜ ਦੁਪਹਿਰ 2.30 ਵਜੇ ਕਿਲਾ ਕੋਰਟ ਵਿੱਚ ਹੋਵੇਗੀ। ਐਨਸੀਬੀ ਨੇ ਕਰੂਜ਼ ਸ਼ਿਪ ਤੇ ਡਰੱਗਸ ਪਾਰਟੀ ਮਾਮਲੇ ਵਿੱਚ ਹੁਣ ਤੱਕ ਕੁੱਲ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਅਧਿਕਾਰੀਆਂ ਨੇ 2 ਅਕਤੂਬਰ ਨੂੰ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ 'ਤੇ ਛਾਪਾ ਮਾਰ ਕੇ ਉਸ ਨੂੰ ਹਿਰਾਸਤ ਵਿੱਚ ਲਿਆ ਸੀ।