ਬਾਲੀਵੁੱਡ ਅਦਾਕਾਰਾ ਸਨਾ ਖ਼ਾਨ ਨੇ ਫ਼ਿਲਮੀ ਦੁਨੀਆ ਨੂੰ ਇਸ ਵਜ੍ਹਾ ਕਰਕੇ ਹਮੇਸ਼ਾ ਲਈ ਕਿਹਾ ਅਲਵਿਦਾ
ਬਾਲੀਵੁੱਡ ਐਕਟਰੈੱਸ ਸਨਾ ਖ਼ਾਨ ਦੇ ਫੈਨਜ਼ ਲਈ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਨਾ ਖ਼ਾਨ ਨੇ ਫਿਲਮ ਇੰਡਸਟਰੀ ਛੱਡਣ ਦਾ ਫ਼ੈਸਲਾ ਕੀਤਾ ਹੈ। ਸਨਾ ਨੇ ਆਪਣੇ ਇਸ ਫ਼ੈਸਲੇ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਸਨਾ ਖ਼ਾਨ ਨੇ ਫਿਲਮ ਇੰਡਸਟਰੀ ਛੱਡਣ ਦਾ ਕਾਰਨ ਇਸਲਾਮ ਨੂੰ ਦੱਸਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਹੁਣ ਤੋਂ ਅੱਲ੍ਹਾ ਦੇ ਆਦੇਸ਼ਾਂ ਦਾ ਪਾਲਣ ਕਰੇਗੀ। ਸਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਰੋਮਨ, ਅੰਗਰੇਜ਼ੀ ਅਤੇ ਅਰਬੀ ਜਿਹੀਆਂ ਤਿੰਨ ਭਾਸ਼ਾਵਾਂ 'ਚ ਪੋਸਟ ਸਾਂਝੀ ਕੀਤੀ ਹੈ।
ਹੋਰ ਪੜ੍ਹੋ :
ਸਨਾ ਨੇ ਇੰਸਟਾਗ੍ਰਾਮ 'ਤੇ ਲਿਖਿਆ, 'ਭੈਣੋ ਤੇ ਭਰਾਵੋ...ਅੱਜ ਮੈਂ ਆਪਣੀ ਜ਼ਿੰਦਗੀ ਦੇ ਇਕ ਅਹਿਮ ਮੌੜ 'ਤੇ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਮੈਂ ਸਾਲਾਂ ਤੋਂ ਸ਼ੋਅ-ਬਿਜ ਦੀ ਜ਼ਿੰਦਗੀ ਕੱਟ ਰਹੀ ਹਾਂ ਅਤੇ ਇਸ ਅਰਸੇ ਦੌਰਾਨ ਮੈਨੂੰ ਹਰ ਤਰ੍ਹਾਂ ਦੀ ਸ਼ੌਹਰਤ, ਇੱਜਤ ਅਤੇ ਦੌਲਤ ਆਪਣੇ ਚਾਹੁਣ ਵਾਲਿਆਂ ਤੋਂ ਨਸੀਬ ਹੋਈ। ਜਿਸਦੇ ਲਈ ਮੈਂ ਉਨ੍ਹਾਂ ਦੀ ਧੰਨਵਾਦੀ ਹਾਂ।
ਉਨ੍ਹਾਂ ਨੇ ਅੱਗੇ ਲਿਖਿਆ, 'ਹੁਣ ਕੁਝ ਦਿਨ ਤੋਂ ਮੇਰੇ 'ਤੇ ਇਹ ਅਹਿਸਾਸ ਕਬਜ਼ਾ ਜਮਾ ਰਹੇ ਹਨ ਕਿ ਇਨਸਾਨ ਦਾ ਦੁਨੀਆ 'ਚ ਆਉਣ ਦਾ ਮਕਸਦ ਸਿਰਫ਼ ਇਹ ਹੈ ਕਿ ਉਹ ਦੌਲਤ ਅਤੇ ਸ਼ੌਹਰਤ ਕਮਾਏ? ਕੀ ਉਸ 'ਤੇ ਇਹ ਫ਼ਰਜ਼ ਲਾਗੂ ਨਹੀਂ ਹੁੰਦਾ ਕਿ ਉਹ ਆਪਣੀ ਜ਼ਿੰਦਗੀ ਉਨ੍ਹਾਂ ਲੋਕਾਂ ਦੀ ਖ਼ਿਦਮਤ 'ਚ ਬਿਤਾਏ ਜੋ ਬੇ-ਆਸਰਾ ਅਤੇ ਬੇ-ਸਹਾਰਾ ਹਨ? ਕੀ ਇਨਸਾਨ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਸਨੂੰ ਕਿਸੇ ਵੀ ਸਮੇਂ ਮੌਤ ਆ ਸਕਦੀ ਹੈ ਅਤੇ ਮਰਨ ਤੋਂ ਬਾਅਦ ਉਸਦਾ ਕੀ ਬਣਨ ਵਾਲਾ ਹੈ? ਇਨ੍ਹਾਂ ਦੋ ਸਵਾਲਾਂ ਦਾ ਜਵਾਬ, ਮੈਂ ਕਾਫੀ ਸਮੇਂ ਤੋਂ ਤਲਾਸ਼ ਰਹੀ ਹਾਂ।
ਖ਼ਾਸ ਤੌਰ 'ਤੇ ਇਸ ਦੂਸਰੇ ਸਵਾਲ ਦਾ ਜਵਾਬ ਕਿ ਮਰਨ ਤੋਂ ਬਾਅਦ ਮੇਰਾ ਕੀ ਬਣੇਗਾ? ਸਨਾ ਨੇ ਲਿਖਿਆ, 'ਇਸ ਸਵਾਲ ਦਾ ਜਵਾਬ ਜਦੋਂ ਮੈਂ ਆਪਣੀ ਮਜ਼ਹਬ 'ਚ ਤਲਾਸ਼ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਦੁਨੀਆ ਦੀ ਇਹ ਜ਼ਿੰਦਗੀ ਅਸਲ 'ਚ ਮਰਨ ਤੋਂ ਬਾਅਦ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਹੈ ਅਤੇ ਉਹ ਇਸ ਨਾਲ ਸੂਰਤ 'ਚ ਬਿਹਤਰ ਹੋਵੇਗੀ। ਇਸ ਲਈ ਮੈਂ ਅੱਜ ਇਹ ਐਲਾਨ ਕਰਦੀ ਹਾਂ ਕਿ ਅੱਜ ਤੋਂ ਮੈਂ ਆਪਣੇ ਸ਼ੋ-ਬਿਜ ਦੀ ਜ਼ਿੰਦਗੀ ਛੱਡ ਕੇ ਇਨਸਾਨੀਅਤ ਦੀ ਖ਼ਿਦਮਤ ਅਤੇ ਆਪਣੇ ਪੈਦਾ ਕਰਨ ਵਾਲੇ ਦੇ ਹੁਕਮ 'ਤੇ ਚੱਲਣ ਦਾ ਪੱਕਾ ਇਰਾਦਾ ਕਰਦੀ ਹਾਂ।
ਮੇਰੀ ਸਾਰੀਆਂ ਭੈਣਾਂ ਤੇ ਭਰਾਵਾਂ ਨੂੰ ਦਰਖ਼ਾਸਤ ਹੈ ਕਿ ਉਹ ਹੁਣ ਮੈਨੂੰ ਸ਼ੋਅ-ਬਿਜ ਦੇ ਕਿਸੇ ਕੰਮ ਲਈ ਦਾਵਤ ਨਾ ਦੇਣ। ਬਹੁਤ-ਬਹੁਤ ਸ਼ੁਕਰੀਆ।' ਤੁਹਾਨੂੰ ਦੱਸ ਦਿੰਦੇ ਹਾਂ ਕਿ ਸਨਾ ਖ਼ਾਨ ਤੋਂ ਪਹਿਲਾਂ 'ਦੰਗਲ' ਐਕਟਰੈੱਸ ਜ਼ਾਇਰਾ ਵਸੀਮ ਵੀ ਫਿਲਮ ਇੰਡਸਟਰੀ ਨੂੰ ਅਲਵਿਦਾ ਕਹਿ ਚੁੱਕੀ ਹੈ। ਉਨ੍ਹਾਂ ਨੇ ਵੀ ਅਜਿਹੇ ਹੀ ਕਾਰਨ ਦੇ ਚੱਲਦਿਆਂ ਬਾਲੀਵੁੱਡ ਦਾ ਆਪਣਾ ਸਫ਼ਰ ਖ਼ਤਮ ਕੀਤਾ ਹੈ।