ਰਵੀ ਸਿੰਘ ਖਾਲਸਾ ਨੇ ਪੋਸਟ ਪਾ ਕੇ ਦੱਸਿਆ ਉਨ੍ਹਾਂ ਦਾ ਕਿਡਨੀ ਟ੍ਰਾਂਸਪਲਾਂਟ ਆਪ੍ਰੇਸ਼ਨ ਸਫਲ ਰਿਹਾ, ਵਾਹਿਗੁਰੂ ਜੀ ਅਤੇ ਡੋਨਰ ਦਾ ਅਦਾ ਕੀਤਾ ਸ਼ੁਕਰਾਨਾ
ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਜੋ ਕਿ ਕਾਫੀ ਲੰਬੇ ਸਮੇਂ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਤ ਚੱਲ ਰਹੇ ਸਨ। ਉਨ੍ਹਾਂ ਦੇ ਡਾਇਲਾਸਿਸ ਚੱਲ ਰਹੇ ਸਨ। ਹੁਣ ਰਵੀ ਸਿੰਘ ਖਾਲਸਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀ ਸਿਹਤ ਨੂੰ ਲੈ ਕੇ ਨਵੀਂ ਅਪਟੇਡ ਸਾਂਝੀ ਕੀਤੀ ਹੈ।
ਹੋਰ ਪੜ੍ਹੋ : ਮਾਂ ਅਤੇ ਸੱਸ ਨਾਲ ਲੰਚ ਡੇਟ ’ਤੇ ਪਹੁੰਚੀ ਅਨੁਪਮਾ, ਅਸਲ ਜ਼ਿੰਦਗੀ ’ਚ ਰੂਪਾਲੀ ਗਾਂਗੁਲੀ ਇੰਝ ਕਰਦੀ ਹੈ ਆਪਣੀ ਬਜ਼ੁਰਗ ਸੱਸ ਦੀ ਸੇਵਾ, ਪ੍ਰਸ਼ੰਸਕਾਂ ਕਰ ਰਹੇ ਨੇ ਤਾਰੀਫ਼
Image Source: Twitter
ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਦੋ ਤਸਵੀਰਾਂ ਸ਼ੇਅਰ ਕਰਦੇ ਹੋਏ ਲੰਬੀ ਚੌੜੀ ਪੋਸਟ ਪਾਈ ਹੈ ਤੇ ਪਰਮਾਤਮਾ ਅਤੇ ਡੋਨਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ-‘ਤੁਝ ਬਿਨੁ ਪਾਰਬ੍ਰਹਮ ਨਹੀ ਕੋਇ॥ ਤੁਮਰੀ ਕ੍ਰਿਪਾ ਤੇ ਸਦਾ ਸੁਖੁ ਹੋਇ॥‘
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਸਭ ਤੋਂ ਪਹਿਲਾਂ ਮੈਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਗੁਜ਼ਾਰ ਹਾਂ ਜਿਹਨਾਂ ਦੀ ਰਹਿਮਤ ਸਦਕਾ ਮੇਰੀ kidney transplant ਦਾ ਅਪ੍ਰੇਸ਼ਨ ਸਫਲ ਹੋਇਆ ਹੈ’
ਇਸ ਤੋਂ ਅੱਗੇ ਉਨ੍ਹਾਂ ਨੇ ਲਿਖਿਆ ਹੈ- ‘ਉਸ ਤੋਂ ਬਾਅਦ ਮੈਂ ਭੈਣਜੀ ਦਕਸ਼ਾ ਦਾ ਤਹਿ ਦਿਲੋਂ ਰਿਣੀ ਹਾਂ ਜਿਹਨਾਂ ਨੇ ਆਪਣੀ ਕਿਡਨੀ ਮੈਨੂੰ ਦੇ ਕੇ ਮੇਰੇ ਤੇ ਇੱਕ ਵੱਡਾ ਪਰਉਪਕਾਰ ਕੀਤਾ ਹੈ...ਪਿਛਲੇ ਕਾਫ਼ੀ ਮਹੀਨਿਆਂ ਤੋਂ ਕਈ ਤਰਾਂ ਦੇ ਮੈਡੀਕਲ ਟੈਸਟ ਹੋਏ, ਉਸ ਸਾਰੇ ਸਮੇਂ ਦੌਰਾਨ ਵੀ ਭੈਣ ਦਕਸ਼ਾ ਨੇ ਹਰ ਤਰ੍ਹਾਂ ਨਾਲ ਸਹਿਯੋਗ ਕਰ ਕੇ ਮੇਰੇ ਅਪ੍ਰੇਸ਼ਨ ਨੂੰ ਸਫਲ ਕਰਵਾਉਣ ਲਈ ਵੱਡਾ ਯੋਗਦਾਨ ਪਾਇਆ ਹੈ'
ਉਨ੍ਹਾਂ ਨੇ ਆਪਣੀ ਪੋਸਟ ਦੇ ਅਖੀਰ 'ਚ ਲਿਖਿਆ ਹੈ- 'ਮੈਂ ਇਹਨਾਂ ਦੇ ਪਰਿਵਾਰ ਦਾ ਵੀ ਬਹੁਤ ਧੰਨਵਾਦੀ ਹਾਂ ਜਿਹਨਾਂ ਦੇ ਸਹਿਯੋਗ ਕਰਕੇ ਹੀ ਇਹ ਸਭ ਸੰਭਵ ਹੋ ਸਕਿਆ ਹੈ...ਗੁਰੂ ਸਾਹਿਬ ਭੈਣ ਅਤੇ ਇਹਨਾਂ ਦੇ ਸਾਰੇ ਪਰਿਵਾਰ ‘ਤੇ ਸਦਾ ਮਿਹਰ ਭਰਿਆ ਹੱਥ ਰੱਖਣ’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਰਵੀ ਸਿੰਘ ਖਾਲਸਾ ਨੂੰ ਦੇ ਰਹੇ ਹਨ।
ਰਵੀ ਸਿੰਘ ਖਾਲਸਾ, ਖਾਲਸਾ ਏਡ ਸੰਸਥਾ ਦੇ ਮੁਖੀ ਹਨ ਅਤੇ ਦੁਨੀਆ ਭਰ ‘ਚ ਇਸ ਸੰਸਥਾ ਵੱਲੋਂ ਸਮਾਜ ਦੀ ਭਲਾਈ ਦੇ ਲਈ ਕਾਰਜ ਕੀਤੇ ਜਾ ਰਹੇ ਹਨ । ਕੋਰੋਨਾ ਕਾਲ ਦੌਰਾਨ ਵੀ ਸੰਸਥਾ ਵੱਲੋਂ ਦੁਨੀਆ ਭਰ ‘ਚ ਸੇਵਾਵਾਂ ਨਿਭਾਈਆਂ ਗਈਆਂ ਹਨ । ਦੱਸ ਦਈਏ ਰਵੀ ਸਿੰਘ ਖਾਲਸਾ ਦਾ ਅਕਾਊਂਟ ‘ਤੇ ਭਾਰਤ ‘ਚ ਪਾਬੰਦੀ ਲਗਾਈ ਹੈ। ਪਰ ਉਹ ਇੰਸਟਾਗ੍ਰਾਮ ਅਤੇ ਫੇਸਬੁੱਕ ਰਾਹੀਂ ਭਾਰਤ ਦੇ ਯੂਜ਼ਰਾਂ ਨਾਲ ਜੁੜੇ ਹੋਏ ਹਨ। ਦੱਸ ਦਈਏ ਖਾਲਸਾ ਏਡ ਸੰਸਥਾਂ ਦੇ ਨਾਲ ਆਮ ਲੋਕਾਂ ਤੋਂ ਇਲਾਵਾ ਬਾਲੀਵੁੱਡ ਅਤੇ ਪਾਲੀਵੁੱਡ ਦੇ ਕਈ ਨਾਮੀ ਕਾਲਾਕਾਰ ਜੁੜੇ ਹੋਏ ਹਨ। ਜਦੋਂ ਵੀ ਦੁਨੀਆ ਦੇ ਕਿਸੇ ਵੀ ਕੋਨੇ ‘ਚ ਕੋਈ ਵੀ ਕੁਦਰਤੀ ਆਫਤ ਆਉਂਦੀ ਹੈ ਤਾਂ ਇਹ ਸੰਸਥਾ ਲੋਕਾਂ ਦੀ ਸੇਵਾ ਲਈ ਪਹੁੰਚ ਜਾਂਦੀ ਹੈ।