ਦੁਨੀਆਂ ਤੋਂ ਰੁਖ਼ਸਤ ਹੋਏ ਸਭ ਨੂੰ ਹਸਾਉਣ ਵਾਲੇ ਰਾਜੂ ਸ਼੍ਰੀਵਾਸਤਵ, ਕੱਲ੍ਹ ਦਿੱਲੀ 'ਚ ਹੋਵੇਗਾ ਅੰਤਿਮ ਸਸਕਾਰ
Raju Srivastav Last Rite: ਬਾਲੀਵੁੱਡ ਦੇ ਮਸ਼ਹੂਰ ਕਾਮੇਡੀ ਕਿੰਗ 58 ਸਾਲ ਦੀ ਉਮਰ ਵਿੱਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। 10 ਅਗਸਤ ਨੂੰ ਦਿਲ ਦਾ ਦੌਰਾ ਪੈਣ ਦੇ ਚੱਲਦੇ ਕਰੀਬ 42 ਦਿਨਾਂ ਤੱਕ ਏਮਜ਼ 'ਚ ਭਰਤੀ ਰਹਿਣ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ। ਰਾਜੂ ਸ਼੍ਰੀਵਾਸਤਵ ਦਾ ਅੰਤਿਮ ਸਸਕਾਰ ਕੱਲ੍ਹ ਦਿੱਲੀ ਵਿੱਚ ਹੋਵੇਗਾ।
Image Source : Instagram
ਰਾਜੂ ਸ਼੍ਰੀਵਾਸਤਵ ਦੀ ਮੌਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਬਾਲੀਵੁੱਡ ਜਗਤ ਤੇ ਦੇਸ਼ ਭਰ 'ਚ ਸੋਗ ਦੀ ਲਹਿਰ ਛਾ ਗਈ ਹੈ। ਫੈਨਜ਼ ਤੇ ਮਸ਼ਹੂਰ ਸੈਲੇਬਸ ਸੋਸ਼ਲ ਮੀਡੀਆ 'ਤੇ ਕਾਮੇਡੀਅਨ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ। ਹੁਣ ਪਰਿਵਾਰ ਵੱਲੋਂ ਰਾਜੂ ਸ਼੍ਰੀਵਾਸਤਵ ਅੰਤਿਮ ਸਸਕਾਰ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਰਾਜੂ ਸ਼੍ਰੀਵਾਸਤਵ ਦਾ ਅੰਤਿਮ ਸਸਕਾਰ ਕੱਲ੍ਹ ਸਵੇਰੇ ਯਾਨੀ 22 ਸਤੰਬਰ ਨੂੰ ਦਿੱਲੀ ਵਿੱਚ ਹੋਵੇਗਾ। ਰਾਜੂ ਦੇ ਭਰਾ ਦੀਪੂ ਸ਼੍ਰੀਵਾਸਤਵ ਨੇ ਪੀਟੀਆਈ ਨੂੰ ਦੱਸਿਆ, "ਡਾਕਟਰਾਂ ਨੇ ਅੱਜ ਸਵੇਰੇ 10 ਵਜ ਕੇ 20 ਮਿੰਟ 'ਤੇ ਰਾਜੂ ਸ਼੍ਰੀਵਾਸਤਵ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮੈਨੂੰ ਪਰਿਵਾਰ ਵੱਲੋਂ ਫ਼ੋਨ ਆਇਆ ਕਿ ਉਹ ਨਹੀਂ ਰਹੇ। ਇਹ ਸੱਚਮੁੱਚ ਮੰਦਭਾਗੀ ਖ਼ਬਰ ਹੈ। ਉਹ 42 ਦਿਨਾਂ ਤੋਂ ਹਸਪਤਾਲ ਵਿੱਚ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਹੇ ਸੀ। "
Image Source: Twitter
ਰਾਜੂ ਸ਼੍ਰੀਵਾਸਤਵ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਪਤਨੀ ਸ਼ਿਖਾ, ਪੁੱਤਰ ਆਯੁਸ਼ਮਾਨ ਅਤੇ ਧੀ ਅੰਤਰਾ - ਇਸ ਸਮੇਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਹਨ। ਰਾਜੂ ਦਾ ਅੰਤਿਮ ਸੰਸਕਾਰ 22 ਸਤੰਬਰ ਨੂੰ ਸਵੇਰੇ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਮਿਲੀ ਜਾਣਕਾਰੀ ਮੁਤਾਬਕ ਪਹਿਲਾਂ ਰਾਜੂ ਦਾ ਪਰਿਵਾਰ ਉਸ ਨੂੰ ਮੁੰਬਈ ਜਾਂ ਕਾਨਪੁਰ ਲੈ ਕੇ ਜਾਣ 'ਤੇ ਵਿਚਾਰ ਕਰ ਰਿਹਾ ਸੀ। ਹਾਲਾਂਕਿ, ਵਿਚਾਰ-ਵਟਾਂਦਰੇ ਤੋਂ ਬਾਅਦ, ਪਰਿਵਾਰ ਨੇ ਫੈਸਲਾ ਕੀਤਾ ਹੈ ਕਿ ਉਹ ਦਿੱਲੀ ਵਿੱਚ ਹੀ ਕਾਮੇਡੀਅਨ ਦਾ ਅੰਤਿਮ ਸੰਸਕਾਰ ਕਰਨਗੇ।
ਦੱਸ ਦਈਏ ਕਿ ਰਾਜੂ ਸ਼੍ਰੀਵਾਸਤਵ ਦਾ ਪਰਿਵਾਰ ਬਹੁਤ ਵੱਡਾ ਹੈ ਅਤੇ ਆਪਣੇ ਮਿਲਨਸਾਰ ਸੁਭਾਅ ਦੇ ਚੱਲਦੇ ਰਾਜੂ ਸਭ ਦੇ ਚਹੇਤੇ ਸਨ। ਅਜਿਹੇ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਉਨ੍ਹਾਂ ਦੇ ਅੰਤਿਮ ਦਰਸ਼ਨਾ ਲਈ ਦਿੱਲੀ ਪਹੁੰਚ ਰਹੇ ਹਨ।
ਹੋਰ ਪੜ੍ਹੋ: ਕੀ ਤੁਸੀਂ ਜਾਣਦੇ ਹੋ ਰਾਜੂ ਸ਼੍ਰੀਵਾਸਤਵ ਦਾ ਅਸਲੀ ਨਾਮ?
ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਜਿਮ ਵਿੱਚ ਟ੍ਰੈਡਮਿਲ 'ਤੇ ਵਾਕ ਕਰਦੇ ਸਮੇਂ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ। ਰਾਜੂ ਦੀ ਐਂਜੀਓਪਲਾਸਟੀ 10 ਤਰੀਕ ਨੂੰ ਹੀ ਕਾਹਲੀ ਵਿੱਚ ਕੀਤੀ ਗਈ ਸੀ। ਉਸ ਦਿਨ ਤੋਂ ਰਾਜੂ ਸ਼੍ਰੀਵਾਸਤਵ ਦਾ ਏਮਜ਼, ਦਿੱਲੀ ਵਿੱਚ ਇਲਾਜ ਚੱਲ ਰਿਹਾ ਸੀ। ਰਾਜੂ ਸ਼੍ਰੀਵਾਸਤਵ ਐਂਜੀਓਪਲਾਸਟੀ ਤੋਂ ਬਾਅਦ ਵੈਂਟੀਲੇਟਰ 'ਤੇ ਸਨ। ਅੱਜ ਸਵੇਰੇ ਸਭ ਨੂੰ ਹਸਾਉਂਣ ਵਾਲੇ ਰਾਜੂ ਸ਼੍ਰੀਵਾਸਤਵ ਸਭ ਨੂੰ ਸਦੀਵੀਂ ਵਿਛੋੜਾ ਦੇ ਗਏ।