ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਹਰਮਨਜੀਤ ਜੋ ਕਿ ਪਿਤਾ ਬਣ ਗਏ ਨੇ। ਜੀ ਹਾਂ ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸ਼ੀ ਹੈ। ਸਾਲ 2020 ਦੀ 10 ਜਨਵਰੀ ਉਨ੍ਹਾਂ ਦੇ ਲਈ ਖ਼ੁਸ਼ੀਆਂ ਲੈ ਕੇ ਆਈ ਹੈ, ਉਨ੍ਹਾਂ ਦਾ ਘਰ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਨਾਲ ਗੂੰਜ ਉੱਠਿਆ ਹੈ। ਉਨ੍ਹਾਂ ਦੀ ਲਾਈਫ ਪਾਟਨਰ ਅੰਮ੍ਰਿਤ ਨੇ ਬੇਟੇ ਨੂੰ ਜਨਮ ਦਿੱਤਾ ਹੈ। ਹਰਮਨਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਪੁੱਤਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਲੰਮੀ ਚੌੜੀ ਕੈਪਸ਼ਨ ਲਿਖੀ ਹੈ। ਜਿਸ 'ਚ ਉਨ੍ਹਾਂ ਨੇ ਆਪਣੀ ਸਤਰਾਂ ਦੇ ਰਾਹੀਂ ਕੁਦਰਤ ਦੀ ਖ਼ੂਬਸੂਰਤ ਪ੍ਰਕਿਰਿਆ ਕਿਵੇਂ ਇੱਕ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਤੇ ਨਾਲ ਹੀ ਜਨਮ ਦੀ ਪੂਰੀ ਪ੍ਰਕਿਰਿਆ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂਅ ਇਕਾਂਤ ਸਿੰਘ ਰੱਖਿਆ ਹੈ।
View this post on Instagram
ਨਦਰਿ ਹੀ ਹੁੰਦੀ ਹੈ ਜਦ ਕੁੱਖਾਂ ਵਿੱਚ ਰੱਬ ਦੀ ਸੰਪੂਰਨ ਓਟ ਹਿਲਜੁਲ ਕਰਦੀ ਹੈ, ਕੁਦਰਤਾਂ ਦਾ ਅਕੱਥ ਚਾਨਣ ਲਿਸ਼ਕਦਾ ਹੈ ਤੇ ਮਨੁੱਖਤਾ ਦਾ ਬੱਚਾ ਗਰਭ ਦੇ ਦਲੇਰ ਮੰਡਲਾਂ 'ਚੋਂ ਆਪਣੀ ਚਮੜੀ 'ਤੇ ਨਵੇਂ ਕਾਰਜਾਂ ਦੀ ਚਮਕ ਲਿਖਵਾ ਕੇ ਇਸ ਦੁਨੀਆ 'ਚ ਆਉਂਦਾ ਹੈ । ਮਾਂਵਾਂ ਦੀ ਪੀੜ , ਪੀੜ ਕਦੋਂ ਹੁੰਦੀ ਹੈ ? ਉਹ ਤਾਂ ਅਣਗਾਹੀ ਧਰਤੀ 'ਤੇ ਉੱਸਰੇ ਅਕਾਲ ਬੁੰਗਿਆਂ 'ਚ ਨਜ਼ਰਾਂ ਘੁਮਾ ਰਹੀ ਹੁੰਦੀ ਹੈ । ਖੀਵੀ ਹੋ ਰਹੀ ਹੁੰਦੀ ਹੈ । ਆਪਣੀ ਛਾਤੀ 'ਚ ਸਮਿਆਂ ਦਾ ਕੋਈ ਵੱਡਾ ਸੱਚ ਉਤਾਰ ਰਹੀ ਹੁੰਦੀ ਹੈ । ਸਮੇਂ ਦੇ ਇੱਕ ਖ਼ਾਸ ਬਿੰਦੂ 'ਤੇ ਕੋਈ ਦਬਾਅ ਪਿਆ । ਵੇਲ਼ਾ ਤਸਦੀਕ ਹੋਇਆ ਅਤੇ ਤੇਰੀਆਂ ਤਮਾਮ ਉਮਰ ਦੀਆਂ ਕ੍ਰਿਆਵਾਂ ਨਿਸ਼ਚਿਤ ਹੋਈਆਂ। ਮੇਰੀਆਂ ਅਤੇ ਅੰਮ੍ਰਿਤ ਦੀਆਂ ਨਜ਼ਰਾਂ ਜਿਹੜੀਆਂ ਵਕਤ ਦੇ ਨਵੇਂ-ਪੁਰਾਣੇ ਮੋੜਾਂ ਉੱਤੇ ਟਿਕਦੀਆਂ ਰਹੀਆਂ, ਸਾਡੀਆਂ ਸੋਚਾਂ, ਸਾਡੇ ਵਿਚਾਰ, ਸਾਡੀ ਸੁਰਤ ਅਤੇ ਸਾਡੇ ਨਾਲ਼ ਜੁੜੀਆਂ ਹਰ ਪ੍ਰਕਾਰ ਦੀਆਂ ਬਣਤਰਾਂ ਜੋ ਸੂਖ਼ਮ-ਸਥੂਲ ਸਭ ਦਾਇਰਿਆਂ 'ਚ ਵਿਚਰੀਆਂ, ਉਹਨਾਂ ਸਭਨਾਂ ਦੇ ਸਾਂਝੇ ਅਤੇ ਮਿਲੇ-ਜੁਲ਼ੇ ਪਰਛਾਂਵੇ ਨੇ ਤੇਰਾ ਰੂਪ ਧਾਰਿਆ ਹੈ । ਅਸੀਂ ਕਿਸੇ ਨਵੀਂ ਸਾਹਾਂ ਦੀ ਲੜੀ ਅਤੇ ਕਿਸੇ ਨਵੀਂ ਤਰਤੀਬ ਨੂੰ ਸਰੀਰ ਬਖ਼ਸ਼ਣ ਦਾ ਜ਼ਰੀਆ ਬਣੇ ਹਾਂ । ਰੱਬ ਤੇਰੀ ਰੂਹ ਦੇ ਮਿੱਥੇ ਕਾਰਜਾਂ 'ਚ ਸ਼ਰੀਕ ਰਹੇ । ਤੇਰੇ ਜਨਮ-ਦਿਨ ਵਾਲ਼ੀ ਪੂਰਨਮਾਸ਼ੀ ਸਦਾ ਤੇਰੇ ਅੰਗ-ਸੰਗ ਸਹਾਈ ਰਹੇ । ਘਰ ਦੇ ਵਿਹੜੇ 'ਤੇ ਫੈਲੇ ਟਾਹਣ ਹੁਣ ਤੈਨੂੰ ਵੀ ਛਾਂਵਾਂ ਕਰਨਗੇ । ਧੁੱਪਾਂ ਹੁਣ ਤੇਰੇ ਵੱਲ ਵੀ ਝਾਕਿਆ ਕਰਨਗੀਆਂ । ਮਨੁੱਖਤਾ ਉਹਨਾਂ ਪੁਰਖਿਆਂ ਦੀ ਵੀ ਕਦਰਦਾਨ ਹੈ ਜਿਹੜੇ ਕਦੇ ਜੰਗਲਾਂ-ਗੁਫ਼ਾਵਾਂ ਦੇ ਭਰਵੇਂ ਮਾਹੌਲ ਨੂੰ ਆਪਣੇ ਹੱਡਾਂ 'ਚ ਰਚਾ ਕੇ ਸਾਨੂੰ ਸਾਡਾ ਮੂੰਹ-ਮੱਥਾ ਦੇ ਗਏ । ਨਦਰਿ ਹੀ ਹੁੰਦੀ ਹੈ ਜਦ ਕੁੱਖਾਂ ਵਿੱਚ ਰੱਬ ਦੀ ਸੰਪੂਰਨ ਓਟ ਹਿਲਜੁਲ ਕਰਦੀ ਹੈ । ਵੇਲਿਆਂ ਦੀ ਤਰਲਤਾ, ਇਰਾਦਿਆਂ ਦੀ ਠੋਸਤਾ, ਇਸ਼ਕ ਦੀ ਸੰਘਣਤਾ ਅਤੇ ਮੁਹੱਬਤ ਦੀ ਮਹਿਰਾਬ ਦੇ ਮੱਥੇ ਲਿਸ਼ਕਦਾ ਤੂੰ ਨਿੱਕਾ ਜਿਹਾ । ਤੂੰ ਸਾਡਾ ਸੂਰਜ । ਅਰਦਾਸ ਕਰਦੇ ਹਾਂ , ਅਗੰਮ-ਅਪਾਰ ਖ਼ੁਦਾ ਦਾ ਨਾਮ ਤੇਰੇ ਸਾਹਾਂ ਵਿੱਚ ਲਰਜ਼ੇ । ਗੁਰੂਆਂ, ਪੀਰਾਂ, ਫ਼ਕੀਰਾਂ, ਆਸ਼ਕਾਂ-ਦਰਵੇਸ਼ਾਂ ਦੇ ਸਜਦੇ ਵਿੱਚ ਤੇਰਾ ਮੱਥਾ ਝੁਕੇ । ਤੇਰੇ ਹੱਥ ਜੁੜਨ ਪਾਵਨ-ਪੰਕਤੀਆਂ ਦੀ ਹਜ਼ੂਰੀ ਵਿੱਚ । ਅਰਦਾਸ ਕਰਦੇ ਹਾਂ, ਨੀਤਾਂ ਦਾਨ ਦਿੱਤਿਆਂ, ਸੇਵਾ ਕੀਤਿਆਂ ਭਰਦੀਆਂ ਰਹਿਣ । ਸਰਬ-ਸਰਬੱਤ ਇਕਾਂਤ ਦਾ ਅਮੀਰ ਅਕੀਦਾ ਤੇਰੇ ਵਿੱਚੋਂ ਦੀ ਗੁਜ਼ਰੇ..... ...ਪੁੱਤਰ ! ਅਸੀਂ ਤੇਰਾ ਨਾਮ ' ਇਕਾਂਤ ' ਰੱਖਦੇ ਹਾਂ । ਇਕਾਂਤ ਸਿੰਘ । ਤੇਰੇ ਮਾਪੇ ਹਰਮਨ ਅਤੇ ਅੰਮ੍ਰਿਤ 10/01/2020 ?
A post shared by HARMANJEET (@harmanranitatt) on

ਹੋਰ ਵੇਖੋ:ਰੈਪਰ ਰਫਤਾਰ ਨੇ ਲਿਆ ਇਹ ਚੈਲੇਂਜ, ਦਿੱਤੀ ਪ੍ਰਿਯੰਕਾ ਚੋਪੜਾ ਨੂੰ ਟੱਕਰ
ਇਸ ਪੋਸਟ ਉੱਤੇ ਫੈਨਜ਼ ਤੇ ਪੰਜਾਬੀ ਕਲਾਕਾਰਾਂ ਦੇ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ। ਐਮੀ ਵਿਰਕ ਨੇ ਲਿਖਿਆ ਹੈ, 'ਵੀਰੇ ਵਧਾਈਆਂ ਜੀ, ਵਾਹਿਗੁਰੂ ਮਿਹਰ ਕਰਨ..’ ਇਸ ਤੋਂ ਇਲਾਵਾ ਗੁਰਸ਼ਬਦ, ਜੈਜ਼ ਧਾਮੀ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਮੁਬਾਰਕਾਂ ਦਿੱਤੀਆਂ ਨੇ।

ਜੇ ਝਾਤ ਮਾਰੀਏ ਹਰਮਨਜੀਤ ਦੇ ਕੰਮ 'ਤੇ ਤਾਂ ਉਹ ਵਧੀਆ ਕਲਮ ਦੇ ਮਾਲਕ ਹੋਣ ਕਰਕੇ ਪੰਜਾਬੀ ਸਾਹਿਤ ਨੂੰ ਬਹੁਤ ਸਾਰੀਆਂ ਪੰਜਾਬੀ ਰਚਨਾਵਾਂ ਦੇ ਚੁੱਕੇ ਹਨ।ਹਰਮਨਜੀਤ ਨੂੰ ਕਿਤਾਬ ਰਾਣੀ ਤੱਤ ਕਰਕੇ ਸਾਹਿਤ ਅਕਾਦਮੀ ਵੱਲੋਂ 2017 ਦਾ ਯੁਵਾ ਪੁਰਸਕਾਰ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਜਿਵੇਂ ਲੌਂਗ ਲਾਚੀ, ਲਹੌਰੀਏ, ਸਰਵਨ, ਭੱਜੋ ਵੀਰੋ ਵੇ, ਨਿੱਕਾ ਜ਼ੈਲਦਾਰ-2, 'ਲਾਈਏ ਜੇ ਯਾਰੀਆਂ' 'ਚ ਆਪਣੇ ਗੀਤ ਦੇ ਚੁੱਕੇ ਹਨ। ਉਨ੍ਹਾਂ ਦੇ ਲਿਖੇ ਗੀਤ ਲੌਂਗ ਲਾਚੀ ਨੇ ਯੂਟਿਊਬ ਉੱਤੇ ਕਈ ਨਵੇਂ ਰਿਕਾਰਡਸ ਬਣਾ ਦਿੱਤੇ ਨੇ। ਇਸ ਤੋਂ ਇਲਾਵਾ ਉਹ ਆਪਣੀ ਕਲਮ ਦੇ ਰਾਹੀਂ ‘ਆਰ ਨਾਨਕ ਪਾਰ ਨਾਨਕ’ ਤੇ ‘ਨਾਨਕ ਆਦਿ ਜੁਗਾਦਿ ਜੀਓ’ ਵਰਗੇ ਧਾਰਮਿਕ ਗੀਤ ਵੀ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਉਨ੍ਹਾਂ ਦੇ ਲਿਖੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।