ਪੰਜਾਬੀ ਗਾਇਕਾਂ ਨੇ ਮਿਲ ਕੇ ਅਮਰ ਨੂਰੀ ਨੂੰ ਬਣਾਇਆ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਨਵੀਂ ਪ੍ਰਧਾਨ
ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਦੀ ਮੌਤ ਮਗਰੋਂ ਪੰਜਾਬ ਭਰ ਦੇ ਕਲਾਕਾਰਾਂ ਨੇ ਇਕੱਠੇ ਹੋ ਕੇ ਸਰਦੂਲ ਦੀ ਪਤਨੀ ਅਮਰ ਨੂਰੀ ਨੂੰ ਆਪਣਾ ਨਵਾਂ ਪ੍ਰਧਾਨ ਬਣਾਇਆ ਹੈ। ਗੁਰੂ ਪੂਰਨਿਮਾ ਦੇ ਦਿਹਾੜੇ ਤੇ ਉਨ੍ਹਾਂ ਨੂੰ ਇਹ ਮਾਣ ਬਖਸ਼ਿਆ ਗਿਆ ਕਿਉਂਕਿ ਸਰਦੂਲ ਸਿਕੰਦਰ ਜੀ ਸੰਗੀਤ ਦੀ ਦੁਨੀਆਂ ਵਿੱਚ ਗੁਰੂ ਦਾ ਰੁਤਬਾ ਰੱਖਦੇ ਸੀ। ਖੰਨਾ ਸਥਿਤ ਸਰਦੂਲ ਸਾਬ ਦੇ ਨਿਵਾਸ ਉੱਪਰ ਪਹੁੰਚੇ ਵਧੇਰੇ ਕਲਾਕਾਰਾਂ ਨੇ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਤੇ ਅਮਰ ਨੂਰੀ ਨੂੰ ਪ੍ਰਧਾਨ ਚੁਣਿਆ।
image source- instagram
ਇਸ ਮੌਕੇ ਉੱਤੇ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਨੇ ਇੰਨਾ ਮਾਣ ਬਖਸ਼ਣ ਲਈ ਕਲਾਕਾਰਾਂ ਤੇ ਪ੍ਰਸ਼ੰਸਕਾਂ ਦਾ ਦਿਲੋਂ ਧੰਨਵਾਦ ਕੀਤਾ । ਅਮਰ ਨੂਰੀ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਸਾਰੇ ਕਲਾਕਾਰ ਸਲਾਹ ਕਰ ਰਹੇ ਸਨ। ਸਾਰੇ ਸੀਨੀਅਰਾਂ ਨੇ ਫੈਸਲਾ ਕੀਤਾ ਹੈ ਉਹ ਮੰਨਜੂਰ ਹੈ। ਉਹਨਾਂ ਨੇ ਜੋ ਵੀ ਫੈਸਲਾ ਕੀਤਾ ਹੈ ਸੋਚ ਸਮਝ ਕੇ ਕੀਤਾ ਹੈ। ਉਹ ਇਸ ਸੇਵਾ ਨੂੰ ਪੂਰੇ ਦਿਲ ਤੋਂ ਨਿਭਾਉਣਗੇ। ਉਨ੍ਹਾਂ ਨੇ ਕਿਹਾ ਵਧੀਆ ਸਾਹਿਤ ਤੇ ਸੰਗੀਤ ਜੋ ਸਰਦੂਲ ਦੇ ਨਾਲ ਰਹਿ ਕੇ ਸਿੱਖਿਆ, ਜੋ ਉਹਨਾਂ ਦੀ ਰੂਹ ਸੀ ਜੋ ਉਹ ਕਲਾਕਾਰਾਂ ਲਈ ਕਰਨਾ ਚਾਹੁੰਦੇ ਸੀ, ਕਿਸ ਤਰ੍ਹਾਂ ਦੀ ਸ਼ਬਦਾਵਲੀ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਸਤਿਕਾਰ ਹੋਣਾ ਚਾਹੀਦਾ, ਇਹਨਾਂ ਸਾਰੀਆਂ ਚੀਜ਼ਾਂ ਦੇਖ ਕੇ ਉਹ ਕੰਮ ਕਰਨਗੇ।
ਇਸ ਖ਼ਾਸ ਮੌਕੇ ਬਹੁਤ ਸਾਰੇ ਪੰਜਾਬੀ ਗਾਇਕ ਜਿਵੇਂ ਜਸਬੀਰ ਜੱਸੀ, ਹਰਦੀਪ ਗਿੱਲ, ਗੁਰਲੇਜ਼ ਅਖਤਰ, ਕੁਲਵਿੰਦਰ ਕੈਲੀ, ਹੰਸ ਰਾਜ ਹੰਸ, ਰਣਜੀਤ ਰਾਣਾ, ਸਤਵਿੰਦਰ ਬੁੱਗਾ ਤੇ ਕਈ ਹੋਰ ਨਾਮੀ ਗਾਇਕ ਸ਼ਾਮਿਲ ਸਨ। ਗਾਇਕ ਜਸਬੀਰ ਜੱਸੀ ਕਿਹਾ ਕਿ ਸਰਦੂਲ ਭਾਜੀ ਦੀ ਯਾਦ ਹਮੇਸ਼ਾ ਰਹੇਗੀ। ਜੋ ਕਮੀਆਂ ਰਹਿ ਗਈਆਂ ਉਹ ਅਮਰ ਨੂਰੀ ਦੇ ਮਾਰਗ ਦਰਸ਼ਨ ਨਾਲ ਪੂਰੀਆਂ ਕੀਤੀਆਂ ਜਾਣਗੀਆਂ। ਸਰਦੂਲ ਸਾਬ ਜੀ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਪ੍ਰੰਤੂ ਉਹਨਾਂ ਦੀਆਂ ਯਾਦਾਂ ਹਮੇਸ਼ਾਂ ਨਾਲ ਰਹਿਣਗੀਆਂ।