ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ 2020 - ਦੁਨੀਆ ਦੇ ਪਹਿਲੇ ਆਨਲਾਈਨ ਅਵਾਰਡ ਸਮਾਰੋਹ ਨਾਲ ਪੀਟੀਸੀ ਨੈਟਵਰਕ ਨੇ ਅਰੰਭਿਆ ਟੀਵੀ ਤੇ ਮਨੋਰੰਜਨ ਜਗਤ ਦਾ ਨਵਾਂ ਦੌਰ
3 ਜੁਲਾਈ : ਇੱਕ ਆਮ ਅਵਾਰਡ ਸਮਾਰੋਹ ਨੂੰ 'ਵਰਚੁਅਲ' ਭਾਵ ਅਤਿ-ਆਧੁਨਿਕ ਤਕਨੀਕ ਨਾਲ ਸਜੇ ਆਭਾਸੀ ਅਵਾਰਡ ਸ਼ੋਅ ਵਿੱਚ ਬਦਲ ਕੇ ਪੀਟੀਸੀ ਨੈਟਵਰਕ ਨੇ ਸੱਚਮੁੱਚ ਇਤਿਹਾਸ ਰਚ ਦਿੱਤਾ ਹੈ। ਸਾਰੀਆਂ ਔਕੜਾਂ ਨੂੰ ਹਵਾ 'ਚ ਉਡਾ, ਇੱਕ ਨਿਵੇਕਲੇ ਤੇ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ 'ਚ ਵੱਖੋ-ਵੱਖ ਮੇਜ਼ਬਾਨ ਤੇ ਕਲਾਕਾਰ ਵੱਖੋ-ਵੱਖਰੇ ਸ਼ਹਿਰਾਂ ਹੋਏ ਤੇ ਜਿਸ ਨੂੰ ਦੇਖ ਹੈਰਾਨੀ ਨਾਲ ਦਰਸ਼ਕਾਂ ਦੇ ਮੂੰਹ ਅੱਡੇ ਰਹਿ ਗਏ, ਕਿ ਇਹ ਸਭ ਸੰਭਵ ਕਿਵੇਂ ਹੋ ਰਿਹਾ ਹੈ। ਮੋਹਾਲੀ ਖੜ੍ਹੇ ਗੁਰਪ੍ਰੀਤ ਘੁੱਗੀ ਨਾਲ ਦਿਵਿਆ ਦੱਤਾ ਮੁੰਬਈ ਤੋਂ ਗੱਲ ਕਰ ਰਹੀ ਸੀ, ਜਦ ਕਿ ਦਿਖਾਈ ਉਹ ਘੁੱਗੀ ਦੇ ਬਿਲਕੁਲ ਨਾਲ ਖੜ੍ਹੀ ਦੇ ਰਹੀ ਸੀ। ਜਦ ਕਿ ਨਿਰਦੇਸ਼ਕ ਦਿੱਲੀ 'ਚ ਬੈਠ ਕੇ ਦੱਸ ਰਿਹਾ ਸੀ ਕਿ ਕਰਨਾ ਕੀ ਹੈ। ਦਰਸ਼ਕਾਂ ਨੂੰ ਜੋ ਦਿਖਾਈ ਦੇ ਰਿਹਾ ਸੀ, ਉਹ ਸੀ ਅਲੌਕਿਕ ਤੇ ਚੌਂਕਾ ਦੇਣ ਵਾਲਾ ਸ਼ਾਨਦਾਰ ਪ੍ਰੋਗਰਾਮ।
ਪੀਟੀਸੀ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁਖੀ ਰਬਿੰਦਰ ਨਰਾਇਣ ਦਾ ਕਹਿਣਾ ਹੈ, "ਜਿੱਥੇ ਸਾਰੀ ਦੁਨੀਆ ਕੋਰੋਨਾਵਾਇਰਸ ਮਹਾਂਮਾਰੀ ਨਾਲ ਜੂਝ ਰਹੀ ਹੈ ਅਤੇ ਲੋਕਾਂ ਕੋਲ ਆਮ ਜੀਵਨ ਸ਼ੈਲੀ ਦੀ ਮੁੜ ਸ਼ੁਰੂਆਤ ਦਾ ਕੋਈ ਤਰੀਕਾ ਨਹੀਂ ਹੈ, ਪੀਟੀਸੀ ਨੈਟਵਰਕ ਦੀ ਰਚਨਾਤਮਕ ਟੀਮ ਨੇ ਉੱਚ-ਪੱਧਰ ਦੀ ਡਿਜੀਟਲ ਤਕਨਾਲੋਜੀ ਦੀ ਢੁਕਵੀਂ ਵਰਤੋਂ ਕਰਦਿਆਂ, ਇੱਕ ਨਵੇਂ ਡਿਜੀਟਲ ਯੁੱਗ ਦੀ ਸ਼ੁਰੂਆਤ ਕੀਤੀ ਅਤੇ ਇਸ ਮੁਸ਼ਕਿਲਾਂ ਨਾਲ ਭਰੇ ਦੌਰ 'ਚ ਦਰਸ਼ਕਾਂ ਅੱਗੇ ਦੁਨੀਆ ਦਾ ਸਭ ਤੋਂ ਪਹਿਲਾ ਆਨਲਾਈਨ ਐਵਾਰਡ ਸ਼ੋਅ ਪੇਸ਼ ਕੀਤਾ। ਸਾਡਾ ਨਿਸ਼ਾਨਾ ਸਾਫ਼ ਸੀ ਕਿ ਅਸੀਂ ਪੰਜਾਬੀ ਸਿਨੇਮਾ ਜਗਤ ਦੇ ਉੱਘੇ ਫ਼ਿਲਮ ਨਿਰਮਾਤਾਵਾਂ ਤੇ ਇਸ ਨਾਲ ਜੁੜੇ ਹੋਰਨਾਂ ਰਚਨਾਤਮਕ ਕਲਾਕਾਰਾਂ ਦਾ ਸਨਮਾਨ ਕਰਨਾ ਹੈ, ਤੇ ਅਸੀਂ ਸਾਰਾ ਧਿਆਨ ਇਸੇ ਪਾਸੇ ਲਾ ਕੇ ਸੋਚਿਆ ਕਿ ਇਸ ਸਮੇਂ 'ਚ ਇਸ ਨੂੰ ਸੰਭਵ ਕਿਵੇਂ ਬਣਾਇਆ ਜਾਵੇ।"
ਸਾਰਾ ਅਵਾਰਡ ਸਮਾਰੋਹ ਇਕ ਵਰਚੁਅਲ ਸੈੱਟ 'ਤੇ ਆਯੋਜਿਤ ਕੀਤਾ ਗਿਆ ਸੀ ਜਿਸ 'ਚ ਮੇਜ਼ਬਾਨ, ਪੇਸ਼ਕਾਰ ਤੇ ਜੇਤੂਆਂ ਨੂੰ ਸਿੱਧਾ ਉਨ੍ਹਾਂ ਦੇ ਘਰ ਤੋਂ ਇੱਕ ਸਕਰੀਨ 'ਤੇ ਇਕੱਠਿਆਂ ਕਰਕੇ ਪੇਸ਼ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਮੁੰਬਈ ਤੋਂ ਮੀਤ ਬ੍ਰਦਰਜ਼ ਤੇ ਖੁਸ਼ਬੂ ਗਰੇਵਾਲ ਦੀ ਸ਼ਾਨਦਾਰ ਪੇਸ਼ਕਾਰੀ ਤੋਂ ਹੋਈ ਅਤੇ ਇਨਾਮਾਂ ਦੀ ਵੰਡ ਦੌਰਾਨ ਗਿੱਪੀ ਗਰੇਵਾਲ ਤੇ ਸੁਨੰਦਾ ਸ਼ਰਮਾ ਵਰਗੇ ਪੰਜਾਬੀ ਸਿਤਾਰਿਆਂ ਨੇ ਰੌਣਕਾਂ ਲਗਾਈਆਂ। ਸਮਾਰੋਹ 'ਚ ਹਾਸਿਆਂ ਦੇ ਰੰਗ ਸੁਦੇਸ਼ ਲਹਿਰੀ ਨੇ ਭਰੇ ਅਤੇ ਗੁਰਨਾਮ ਭੁੱਲਰ, ਨਿੰਜਾ ਤੇ ਹਰੀਸ਼ ਵਰਮਾ ਨੇ ਸਹਿ-ਮੇਜ਼ਬਾਨਾਂ ਵਜੋਂ ਸ਼ਮੂਲੀਅਤ ਕੀਤੀ।
ਪੀਟੀਸੀ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁਖੀ ਰਬਿੰਦਰ ਨਰਾਇਣ ਨੇ ਕਿਹਾ, “ਇਸ ਸੈੱਟ ਦੇ ਡਿਜ਼ਾਈਨ, ਸਾਰੀਆਂ ਚੀਜ਼ਾਂ ਦੀ ਥਾਂ ਨਿਸ਼ਚਿਤ ਕਰਨ, ਵਰਚੁਅਲ ਸਟੇਜ ਲਾਈਟਾਂ ਦੇ ਨਿਰਮਾਣ ਤੇ ਸਪੈਸ਼ਲ ਇਫੈਕਟਸ ਤੋਂ ਲੈ ਕੇ ਵਰਚੁਅਲ ਐਲਈਡੀ ਦੀਵਾਰ ਦੀ ਤਿਆਰੀ ਤੱਕ, ਹਫ਼ਤਿਆਂ ਬੱਧਾ ਲੰਮਾਂ ਸਮਾਂ ਲੱਗਿਆ। ਕਲਾਕਾਰਾਂ ਦੀ ਹਰ ਦਿੱਖ ਅਤੇ ਇਸ਼ਾਰਿਆਂ ਦਾ ਆਪਸੀ ਤਾਲਮੇਲ ਬੜੇ ਹੁਨਰ ਨਾਲ ਬਣਾਇਆ ਗਿਆ ਸੀ। ਤਕਨਾਲੋਜੀ ਤੋਂ ਇਲਾਵਾ, ਇਸ ਸਾਰੇ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਲੱਗੀ ਸੋਚ ਤੇ ਨਵੀਨਤਮ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਉਣਾ ਵੱਡੀ ਗੱਲ ਸੀ।
ਅਵਾਰਡ ਸਮਾਰੋਹ 'ਚ ਹੋਰਨਾਂ ਤੋਂ ਇਲਾਵਾ ਬਾਲੀਵੁੱਡ ਤੇ ਪੰਜਾਬੀ ਸਿਨੇਮਾ ਦੇ ਦਿੱਗਜ ਕਲਾਕਾਰ ਵੀ ਹਾਜ਼ਰ ਹੋਏ, ਜਿਨ੍ਹਾਂ ਵਿੱਚ ਸੋਨੂ ਸੂਦ, ਜ਼ਰੀਨ ਖਾਨ, ਅਪਾਰ ਸ਼ਕਤੀ ਖੁਰਾਨਾ, ਕਰਮਜੀਤ ਅਨਮੋਲ, ਯੋਗਰਾਜ ਸਿੰਘ, ਸੁਨੰਦਾ ਸ਼ਰਮਾ, ਵਿੰਦੂ ਦਾਰਾ ਸਿੰਘ, ਜਸਬੀਰ ਜੱਸੀ, ਜੈਜ਼ੀ ਬੀ, ਹਰਸ਼ਦੀਪ ਕੌਰ, ਸੁਖਸ਼ਿੰਦਰ ਸ਼ਿੰਦਾ, ਬੀਨੂੰ ਢਿੱਲੋਂ ਦੇ ਨਾਂਅ ਸ਼ਾਮਲ ਹਨ।
ਅਤੇ ਮਾਣਮੱਤੇ ਜੇਤੂਆਂ ਦੀ ਖੁਸ਼ੀ ਨੂੰ ਤਾੜੀਆਂ ਨਾਲ ਸਨਮਾਨਿਆ ਗਿਆ। ਵੱਡੇ ਜੇਤੂਆਂ ਵਿੱਚ ਦਿਲਜੀਤ ਦੁਸਾਂਝ ਅਤੇ ਗੁਰਪ੍ਰੀਤ ਘੁੱਗੀ ਨੇ ਸਰਬੋਤਮ ਅਦਾਕਾਰ, ਸੋਨਮ ਬਾਜਵਾ ਨੇ ਸਰਬੋਤਮ ਅਭਿਨੇਤਰੀ ਅਤੇ ਅਰਦਾਸ ਕਰਾਂ ਨੇ ਸਰਬੋਤਮ ਫ਼ਿਲਮ ਦਾ ਇਨਾਮ ਜਿੱਤਿਆ। ਅਰਦਾਸ ਕਰਾਂ ਲਈ ਗਿੱਪੀ ਗਰੇਵਾਲ ਨੇ ਸਰਬੋਤਮ ਨਿਰਦੇਸ਼ਕ ਦਾ ਅਵਾਰਡ ਜਿੱਤਿਆ ਸੀ। ਸਮਾਰੋਹ ਦੌਰਾਨ ਕੁੱਲ 30 ਵੱਖ ਵੱਖ ਸ਼੍ਰੇਣੀਆਂ ਦੇ ਸਨਮਾਨ ਦਿੱਤੇ ਗਏ।
ਅਵਾਰਡ ਸਮਾਰੋਹ ਦੀ ਸਮਾਪਤੀ ਟੀਵੀ ਸੈਟਾਂ ਅਤੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ 'ਤੇ ਸ਼ੋਅ ਦਾ ਅਨੰਦ ਲੈਂਦੇ ਦਰਸ਼ਕਾਂ ਦੇ ਬੇਜੋੜ ਹੁੰਗਾਰੇ ਨਾਲ ਹੋਈ। ਇਹ ਵਿਲੱਖਣ ਪਹਿਲਕਦਮੀ ਆਪਣੀ ਸਮਾਪਤੀ ਤੱਕ ਬੜੀ ਸਫ਼ਲਤਾਪੂਰਵਕ ਪਹੁੰਚੀ, ਕਿਉਂਕਿ ਸ਼ਾਨਦਾਰ ਪੇਸ਼ਕਾਰੀਆਂ ਦੇ ਨਾਲ ਨਾਲ ਜਿਸ ਤਰੀਕੇ ਨਾਲ ਪੀਟੀਸੀ ਦੀ ਟੀਮ ਨੇ ਤਕਨਾਲੋਜੀ ਦੀ ਵਰਤੋਂ ਕਰਕੇ ਇਹ ਸ਼ਾਨਦਾਰ ਸਮਾਗਮ ਉਨ੍ਹਾਂ ਤੱਕ ਪਹੁੰਚਾਇਆ, ਉਸ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ।
ਸੀਰੀਅਲ ਨੰਬਰ - ਸ਼੍ਰੇਣੀ- ਵਿਜੇਤਾ
1 ਸਰਬੋਤਮ ਐਡੀਟਿੰਗ - ਭਰਤ.ਐਸ ਰਾਵਤ
2 ਸਰਬੋਤਮ ਪਿਛੋਕੜ ਸਕੋਰ - ਅਮਰ ਮੋਹਿਲੇ
3 ਬੈਸਟ ਡਾਇਲਾਗ - ਰਾਣਾ ਰਣਬੀਰ
4 ਸਰਬੋਤਮ ਸਕ੍ਰੀਨ ਪਲੇਅ- ਗੁਰਜੀਤ ਸਿੰਘ
5 ਬੈਸਟ ਸਟੋਰੀ- ਰੁਪਿੰਦਰ ਇੰਦਰਜੀਤ
6 ਸਰਬੋਤਮ ਸਿਨੇਮਾਟੋਗ੍ਰਾਫ਼ੀ - ਰਵੀ ਕੁਮਾਰ ਸਾਨਾ
7 ਸਰਬੋਤਮ ਡੈਬਿਊ - ਸ਼ਰਨ ਕੌਰ
8 ਸਰਬੋਤਮ ਡੈਬਿਊਟ - ਗੁਰਨਾਮ ਭੁੱਲਰ
9 ਸਰਬੋਤਮ ਐਕਸ਼ਨ - ਕੇ ਗਣੇਸ਼
10. ਨੈਗੇਟਿਵ ਭੂਮਿਕਾ ਵਿਚ ਸਰਬੋਤਮ ਪ੍ਰਦਰਸ਼ਨ - ਮਾਨਵ ਵਿਜ
11. ਕਾਮਿਕ ਰੋਲ ਵਿੱਚ ਸਰਬੋਤਮ ਪ੍ਰਦਰਸ਼ਨ - ਜਸਵਿੰਦਰ ਭੱਲਾ
12 ਸਰਬੋਤਮ ਸੰਗੀਤ ਨਿਰਦੇਸ਼ਕ- ਵੀ. ਰੈਕਸ ਮਿਊਜ਼ਿਕ
13 ਸਰਬੋਤਮ ਪਲੇਅਬੈਕ ਗਾਇਕਾ - ਮੰਨਤ ਨੂਰ
14 ਬੈਸਟ ਪਲੇਅਬੈਕ ਸਿੰਗਰ - ਨਛੱਤਰ ਗਿੱਲ
15. ਸਾਲ ਦਾ ਪ੍ਰਸਿੱਧ ਗੀਤ - ਵੰਗ ਦਾ ਨਾਪ
16 ਸਰਬੋਤਮ ਸਪੋਰਟਿੰਗ ਅਭਿਨੇਤਰੀ- ਅਨੀਤਾ ਦੇਵਗਨ
17 ਸਰਬੋਤਮ ਸਪੋਰਟਿੰਗ ਅਭਿਨੇਤਾ - ਪਵਨ ਰਾਜ ਮਲਹੋਤਰਾ
18 ਸਰਬੋਤਮ ਡੈਬਿਊ ਨਿਰਦੇਸ਼ਕ- ਜਨਜੋਤ ਸਿੰਘ
19 ਸਰਬੋਤਮ ਕਾਮੇਡੀ ਫਿਲਮ- ਚੱਲ ਮੇਰਾ ਪੁੱਤ
20 . ਪੀਟੀਸੀ ਦਾ ਸਾਲ ਦਾ ਸਭ ਤੋਂ ਪ੍ਰੋਮਿਸਿੰਗ ਸਟਾਰ - ਦੇਵ ਖਰੌੜ
21. ਇਸ ਸਾਲ ਦਾ ਫਿਲਮੀ ਯਾਰ -ਨਿੰਜਾ / ਜੱਸੀ ਗਿੱਲ / ਰਣਜੀਤ ਬਾਵਾ
22 ਸਰਬੋਤਮ ਡਾਇਰੈਕਟਰ - ਗਿੱਪੀ ਗਰੇਵਾਲ
23 ਬੈਸਟ ਅਦਾਕਾਰਾ - ਸੋਨਮ ਬਾਜਵਾ
24 - ਬੈਸਟ ਅਦਾਕਾਰ- ਦਿਲਜੀਤ ਦੋਸਾਂਝ / ਗੁਰਪ੍ਰੀਤ ਘੁੱਗੀ
25 . ਸਰਬੋਤਮ ਫ਼ਿਲਮ- ਅਰਦਾਸ
26. ਸਰਬੋਤਮ ਆਲੋਚਕ ( ਕਰਿਟਿਕਸ) ਅਵਾਰਡ ਅਭਿਨੇਤਰੀ - ਰੂਪੀ ਗਿੱਲ
27. ਸਰਬੋਤਮ ਆਲੋਚਕ(ਕਰਿਟਿਕਸ) ਅਦਾਕਾਰ ਅਵਾਰਡ - ਅਮਰਿੰਦਰ ਗਿੱਲ
28. ਸਰਬੋਤਮ ਕਰਿਟਿਕਸ ਫ਼ਿਲਮ ਅਵਾਰਡ - ਗੁੱਡੀਆਂ ਪਟੋਲੇ
29 . ਲਾਈਫ਼ ਟਾਈਮ ਅਚੀਵਮੈਂਟ ਅਵਾਰਡ - ਪ੍ਰੀਤੀ ਸਪਰੂ
30 . ਸਾਲ ਦੀ ਸਰਬੋਤਮ ਮਨੋਰੰਜਨ ਭਰਪੂਰ ਫ਼ਿਲਮ - ਛੜਾ
31 . ਪੀਟੀਸੀ ਚਾਈਲਡ ਸਟਾਰ ਐਵਾਰਡ - ਗੁਰਫਤਿਹ ਸਿੰਘ ਗਰੇਵਾਲ
32- ਫੇਸਬੁੱਕ 'ਤੇ ਸਭ ਤੋਂ ਮਸ਼ਹੂਰ ਫ਼ਿਲਮੀ ਸਿਤਾਰਾ ( ਫੀਮੇਲ) - ਸਰਗੁਣ ਮਹਿਤਾ
32 . ਫੇਸਬੁੱਕ 'ਤੇ ਸਭ ਤੋਂ ਮਸ਼ਹੂਰ ਪੰਜਾਬੀ ਫ਼ਿਲਮ ਸਿਤਾਰਾ (ਮੇਲ) - ਗਿੱਪੀ ਗਰੇਵਾਲ