International Women’s Day 2023: 8 ਮਾਰਚ ਨੂੰ ਹੀ ਕਿਉਂ ਹੁੰਦਾ ਹੈ ਮਹਿਲਾ ਦਿਵਸ? ਪੜ੍ਹੋ ਇਤਿਹਾਸਕ ਪੱਖ
International Women’s Day 2023: 8 ਮਾਰਚ ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁਖ ਉਦੇਸ਼ ਔਰਤ ਨੂੰ ਸਸ਼ਕਤੀਕਰਨ ਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਮ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਖਿਰ 8 ਮਾਰਚ ਨੂੰ ਹੀ ਅੰਤਰ ਰਾਸ਼ਟਰੀ ਮਹਿਲਾ ਦਿਵਸ ਕਿਉਂ ਮਨਾਇਆ ਜਾਂਦਾ ਹੈ।
ਕਦੋਂ ਸ਼ੁਰੂ ਹੋਇਆ ਮਹਿਲਾ ਦਿਵਸ?
ਅਸਲ ਵਿੱਚ ਮਹਿਲਾ ਦਿਵਸ ਇੱਕ ਮਜ਼ਦੂਰ ਅੰਦੋਲਨ ਦੀ ਉਪਜ ਹੈ। ਸਾਲ 1908 ਵਿੱਚ 15 ਹਜ਼ਾਰ ਔਰਤਾਂ ਨੇ ਨਿਊਯਾਰਕ ਸ਼ਹਿਰ ਵਿੱਚ ਮਾਰਚ ਕੱਢਿਆ ਤੇ ਕੰਮ ਦੇ ਘੰਟੇ ਘਟਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੀ ਇੱਕ ਮੰਗ ਹੋਰ ਵੀ ਸੀ ਕਿ ਉਨ੍ਹਾਂ ਦੀਆਂ ਤਨਖਾਹਾਂ ਵਧਾਈ ਜਾਵੇ ਅਤੇ ਉਨ੍ਹਾਂ ਵੋਟ ਪਾਉਣ ਦਾ ਹੱਕ ਵੀ ਦਿੱਤਾ ਜਾਵੇ। ਇਸ ਤੋਂ ਠੀਕ ਇੱਕ ਸਾਲ ਬਾਅਦ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਇਸ ਦਿਨ ਨੂੰ ਕੌਮੀ ਮਹਿਲਾ ਦਿਵਸ ਐਲਾਨ ਦਿੱਤਾ।
ਕਿਵੇਂ ਬਣਿਆ ਅੰਤਰ ਰਾਸ਼ਟਰੀ ਮਹਿਲਾ ਦਿਵਸ ?
ਇਹ ਵਿੱਚਾਰ ਵੀ ਇੱਕ ਔਰਤ ਦਾ ਹੀ ਸੀ। ਉਨ੍ਹਾਂ ਦਾ ਨਾਮ ਸੀ ਕਲਾਰਾ ਜੇਟਕਿਨ। ਉਨ੍ਹਾਂ ਨੇ 1910 ਵਿੱਚ ਕੋਪਨਹੇਗਨ ਵਿੱਚ ਕੰਮਕਾਜੀ ਔਰਤਾਂ ਦੀ ਇੱਕ ਕੌਮਾਂਤਰੀ ਕਾਨਫਰੰਸ ਦੌਰਾਨ ਇਸ ਦਿਨ ਨੂੰ ਵਿਸ਼ਵ ਪੱਧਰ 'ਤੇ ਮਨਾਉਣ ਦਾ ਸੁਝਾਅ ਦਿੱਤਾ। ਉਸ ਸਮੇਂ ਉੱਥੇ 17 ਦੇਸਾਂ ਦੀਆਂ 100 ਔਰਤਾਂ ਹਾਜ਼ਰ ਸਨ। ਸਾਰੀਆਂ ਨੇ ਇਸ ਮਤੇ ਦੀ ਹਮਾਇਤ ਕੀਤੀ।
ਪਹਿਲੀ ਵਾਰ ਕਦੋਂ ਮਨਾਇਆ ਗਿਆ ਅੰਤਰ ਰਾਸ਼ਟਰੀ ਮਹਿਲਾ ਦਿਵਸ
ਸਭ ਤੋਂ ਪਹਿਲਾਂ ਸਾਲ 1911 ਵਿੱਚ ਆਸਟ੍ਰੇਲੀਆ, ਡੈਨਮਾਰਕ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਸਾਲ 1975 ਵਿੱਚ ਇਸ ਨੂੰ ਮਾਨਤਾ ਦਿੱਤੀ ਅਤੇ ਇੱਕ ਥੀਮ ਦੇ ਤੌਰ 'ਤੇ ਇਸ ਮਨਾਉਣਾ ਸ਼ੁਰੂ ਕੀਤਾ ਗਿਆ।ਇਕ ਕੜੀ ਤਹਿਤ ਪਹਿਲਾ ਥੀਮ ਸੀ," ਸੈਲੀਬ੍ਰੇਟਿੰਗ ਦਿ ਪਾਸਟ, ਪਲੈਨਿੰਗ ਫ਼ਾਰ ਦਿ ਫਿਊਚਰ।"
ਆਖ਼ਿਰ 8 ਮਾਰਚ ਹੀ ਕਿਉਂ?
ਅਸਲ ਵਿੱਚ ਕਲਾਰਾ ਜੇਟਕਿਨ ਨੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ ਕੋਈ ਤਰੀਕ ਪੱਕੀ ਨਹੀਂ ਕੀਤੀ ਸੀ । ਸਾਲ 1917 ਵਿੱਚ ਵਿਸ਼ਵ ਜੰਗ ਦੌਰਾਨ ਰੂਸ ਦੀਆਂ ਔਰਤਾਂ ਨੇ "ਬ੍ਰੈਂਡ ਐਂਡ ਪੀਸ" ਦੀ ਮੰਗ ਕੀਤੀ। ਔਰਤਾਂ ਦੀ ਹੜਤਾਲ ਕਰਕੇ ਸਮਰਾਟ ਨਿਕੋਲਸ ਨੂੰ ਗੱਦੀ ਛੱਡਣੀ ਪਈ ਤੇ ਅੰਤਰਿਮ ਸਰਕਾਰ ਨੇ ਔਰਤਾਂ ਨੂੰ ਮਤਦਾਨ ਦਾ ਹੱਕ ਦਿੱਤਾ। ਉਸ ਸਮੇਂ ਰੂਸ ਵਿੱਚ ਜੂਲੀਅਨ ਕੈਲੰਡਰ ਵਰਤਿਆ ਜਾਂਦਾ ਸੀ। ਹੜਤਾਲ ਵਾਲੇ ਦਿਨ 23 ਫਰਵਰੀ ਸੀ। ਗ੍ਰੇਗੋਰੀਅਨ ਕਲੈਂਡਰ ਵਿੱਚ ਇਹ ਦਿਨ 8 ਮਾਰਚ ਸੀ। ਉਸ ਮਗਰੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਮਨਾਇਆ ਜਾਣ ਲੱਗਿਆ।
- PTC PUNJABI