ਪੰਜਾਬ ਯੂਨੀਵਰਸਿਟੀ ਵਿੱਚ ਪ੍ਰੇਮ ਚੋਪੜਾ ਨੂੰ ਲੱਗਿਆ ਸੀ ਅਦਾਕਾਰੀ ਦਾ ਚਸਕਾ, ਇਸ ਬੰਦੇ ਨੇ ਦਿੱਤੀ ਸੀ ਵਿਲੇਨ ਬਣਨ ਦੀ ਸਲਾਹ
ਬਾਲੀਵੁੱਡ ਵਿੱਚ ਕੁਝ ਵਿਲੇਨ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੇ ਹੀਰੋ ਨਾਲੋਂ ਵੱਧ ਪ੍ਰਸਿੱਧੀ ਹਾਸਲ ਕੀਤੀ ਹੈ । ਇਹਨਾਂ ਵਿੱਚੋਂ ਇੱਕ ਹਨ ਪ੍ਰੇਮ ਚੋਪੜਾ, ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।ਪ੍ਰੇਮ ਚੋਪੜਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਬਟਵਾਰੇ ਤੋਂ ਬਾਅਦ ਉਹ ਆਪਣੀ ਮਾਂ ਤੇ ਪਿਤਾ ਨਾਲ ਸ਼ਿਮਲਾ ਆ ਕੇ ਵੱਸ ਗਏ ਸਨ ਇੱਥੇ ਹੀ ਉਹਨਾਂ ਦੀ ਪੜ੍ਹਾਈ ਲਿਖਾਈ ਹੋਈ ।
ਪਿਤਾ ਉਹਨਾਂ ਨੂੰ ਡਾਕਟਰ ਜਾ ਕੋਈ ਵੱਡਾ ਅਫ਼ਸਰ ਬਨਾਉਣਾ ਚਾਹੁੰਦੇ ਸਨ ਪਰ ਪੰਜਾਬ ਯੂਨੀਵਰਸਿਟੀ ਵਿੱਚ ਦਾਖਲਾ ਲੈਂਦੇ ਹੀ ਪ੍ਰੇਮ ਚੋਪੜਾ ਦੇ ਸਿਰ ਤੇ ਅਦਾਕਾਰੀ ਦਾ ਭੂਤ ਸਵਾਰ ਹੋ ਗਿਆ ਤੇ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਮੁੰਬਈ ਆ ਗਏ । ਮੁੰਬਈ ਆ ਕੇ ਪ੍ਰੇਮ ਚੋਪੜਾ ਨੂੰ ਸੰਘਰਸ਼ ਦਾ ਸਾਹਮਣਾ ਕਰਨਾ ਪਿਆ । ਉਹਨਾਂ ਨੇ ਕਈ ਪੰਜਾਬੀ ਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ ਪਰ ਉਹਨਾਂ ਦਾ ਘਰ ਦਾ ਖਰਚ ਨਹੀਂ ਸੀ ਚੱਲਦਾ ।
ਇਸ ਲਈ ਪ੍ਰੇਮ ਚੋਪੜਾ ਨੇ ਟਾਈਮ ਆਫ਼ ਇੰਡੀਆ ਦੇ ਸਰਕੂਲੇਸ਼ਨ ਡਿਪਾਰਟਮੈਂਟ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ । ਇਸ ਸਭ ਦੇ ਚਲਦੇ ਪ੍ਰੇਮ ਚੋਪੜਾ ਦੀ ਪਹਿਲੀ ਹਿੱਟ ਫ਼ਿਲਮ ਵੋ ਕੌਣ ਥੀ ਰਿਲੀਜ਼ ਹੋਈ । ਇਸ ਫ਼ਿਲਮ ਵਿੱਚ ਪ੍ਰੇਮ ਚੋਪੜਾ ਦਾ ਰੋਲ ਭਾਵੇਂ ਵੱਡਾ ਨਹੀਂ ਸੀ ਪਰ ਇਸ ਫ਼ਿਲਮ ਕਰਕੇ ਉਹਨਾਂ ਨੂੰ ਕੰਮ ਮਿਲਣਾ ਸ਼ੁਰੂ ਹੋ ਗਿਆ ਸੀ । ਅਖ਼ਬਾਰ ਦੇ ਦਫ਼ਤਰ ਵਿੱਚ ਉਹਨਾਂ ਨੂੰ ਅਕਸਰ ਝਿੜਕਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਰੋਜ ਰੋਜ ਦੀ ਲੇਟ ਲਤੀਫੀ ਤੇ ਛੁੱਟੀ ਤੋਂ ਹਰ ਕੋਈ ਤੰਗ ਸੀ ।
ਕੁਝ ਫ਼ਿਲਮਾਂ ਪ੍ਰੇਮ ਚੋਪੜਾ ਨੇ ਹੀਰੋ ਦੇ ਤੌਰ ਤੇ ਕੀਤੀਆਂ ਪਰ ਸਫ਼ਲਤਾ ਨਹੀਂ ਮਿਲੀ । ਫਿਰ ਪ੍ਰੇਮ ਚੋਪੜਾ ਨੂੰ ਮਦਰ ਇੰਡੀਆ ਬਨਾਉਣ ਵਾਲੇ ਮਹਿਬੂਬ ਖ਼ਾਨ ਨੇ ਵਿਲੇਨ ਦਾ ਰੋਲ ਕਰਨ ਦੀ ਸਲਾਹ ਦਿੱਤੀ, ਤੇ ਇਹ ਸਲਾਹ ਕੰਮ ਵੀ ਆਈ । ਕੁਝ ਹੀ ਫ਼ਿਲਮਾਂ ਤੋਂ ਬਾਅਦ ਪ੍ਰੇਮ ਚੋਪੜਾ ਹਰ ਇੱਕ ਦੇ ਫੇਵਰੇਟ ਵਿਲੇਨ ਬਣ ਗਏ । ਕੁਝ ਹੀ ਚਿਰ ਬਾਅਦ ਪ੍ਰੇਮ ਚੋਪੜਾ ਨੂੰ ਹੀਰੋ ਦੇ ਮੁਕਾਬਲੇ ਜਾਂ ਫ਼ਿਰ ਉਸ ਤੋਂ ਵੱਧ ਪੈਸੇ ਮਿਲਣ ਲੱਗ ਗਏ । ਪ੍ਰੇਮ ਚੋਪੜਾ ਨੂੰ ਪਹਿਲੀ ਫ਼ਿਲਮ ਲਈ ਢਾਈ ਹਜ਼ਾਰ ਰੁਪਏ ਮਿਲੇ ਸਨ ।