ਅੱਜ ਮਨਾਇਆ ਜਾ ਰਿਹਾ ਹੈ ਵਰਲਡ ਮਿਊਜ਼ਿਕ ਡੇਅ, ਜਾਣੋ ਕਿਸ-ਕਿਸ ਦੌਰ ਤੋਂ ਗੁਜ਼ਰਿਆ ਪੰਜਾਬੀ ਸੰਗੀਤ
ਅੱਜ ਵਰਲਡ ਮਿਊਜ਼ਿਕ ਡੇਅ (World Music Day 2023) ਮਨਾਇਆ ਜਾ ਰਿਹਾ ਹੈ । ਸੰਗੀਤ ਰੂਹ ਦੀ ਖੁਰਾਕ ਹੈ ਅਤੇ ਸੰਗੀਤ ਦੀਆਂ ਸੱਤ ਸੁਰਾਂ ‘ਚ ਪੂਰੀ ਕਾਇਨਾਤ ਸਮਾਈ ਹੋਈ ਹੈ ।ਪੰਜਾਬੀ ਸੰਗੀਤ ਜਗਤ ‘ਚ ਅਜਿਹੀਆਂ ਸੰਗੀਤ ਹਸਤੀਆਂ ਹੋਈਆਂ ਹਨ । ਜਿਨ੍ਹਾਂ ਨੇ ਆਪਣੇ ਸੰਗੀਤ ਦੇ ਨਾਲ ਪੂਰੀ ਦੁਨੀਆ ‘ਚ ਖ਼ਾਸ ਜਗ੍ਹਾ ਬਣਾਈ ਹੈ ।ਲਾਲ ਚੰਦ ਯਮਲਾ ਜੱਟ ਦੀ ਤੂੰਬੀ ਦੀ ਤਾਰ,ਸੁਰਿੰਦਰ ਛਿੰਦਾ ਦੀ ਹੇਕ,ਕੁਲਦੀਪ ਮਾਣਕ ਦੀਆਂ ਕਲੀਆਂ,ਉਸਤਾਦ ਬਰਕਤ ਸਿੱਧੂ,ਦੀਦਾਰ ਸੰਧੂ,ਗੁਰਦਾਸ ਮਾਨ,ਨਰਿੰਦਰ ਬੀਬਾ,ਸੁਰਿੰਦਰ ਕੌਰ,ਗੁਰਮੀਤ ਵਾਬ ਵਰਗੇ ਫ਼ਨਕਾਰਾਂ ਨੂੰ ਭਲਾ ਕੌਣ ਭੁਲਾ ਸਕਦਾ ਹੈ ।
ਹੋਰ ਪੜ੍ਹੋ : ਕਰਣ ਦਿਓਲ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਨਵ-ਵਿਆਹੀ ਜੋੜੀ ਦੇ ਨਾਲ ਨਜ਼ਰ ਆਏ ਮਾਪੇ
ਪੰਜਾਬੀ ਸੰਗੀਤ ‘ਚ ਰੂਹਾਨੀਅਤ ਦੀ ਝਲਕ
ਪੰਜਾਬੀ ਸੰਗੀਤ ਦੀ ਝਲਕ ਤਾਂ ਰੂਹਾਨੀਅਤ 'ਚ ਵੀ ਨਜ਼ਰ ਆਉਂਦੀ ਹੈ ਬਾਬਾ ਸ਼ੇਖ ਫਰੀਦ ਸਾਹਿਬ ਅਤੇ ਬਾਬਾ ਬੁੱਲ੍ਹੇ ਸ਼ਾਹ ਦੀਆਂ ਕਾਫੀਆਂ 'ਚ ਇਸ਼ਕ ਮਿਜ਼ਾਜ਼ੀ ਦੇ ਇਸ਼ਕ ਹਕੀਕੀ ਦੀ ਗੱਲ ਬਾਖੂਬੀ ਕੀਤੀ ਜਾਂਦੀ ਹੈ ਅਤੇ ਬਾਬਾ ਬੁੱਲ੍ਹੇ ਸ਼ਾਹ ਨੇ ਤਾਂ ਇਸ਼ਕ ਹਕੀਕੀ ਨੂੰ ਰੱਬ ਦੀ ਇਬਾਦਤ ਮੰਨਿਆ ਹੈ ।ਮੁਗਲ ਕਾਲ ਦੇ ਦੌਰਾਨ ਸੂਫ਼ੀ ਅਤੇ ਕੱਵਾਲੀ ਨੇ ਪੰਜਾਬ ਦੇ ਸੰਗੀਤ ‘ਚ ਨਵਾਂ ਰੰਗ ਪੇਸ਼ ਕੀਤਾ । ਜਿੱਥੇ ਇੱਕ ਪਾਸੇ ਸੂਫ਼ੀ ਦਰਵੇਸ਼ਾਂ ਨੇ ਕਾਫੀਆਂ ਅਤੇ ਭਜਨ ਮੰਡਲੀਆਂ ਨੇ ਆਪਣੇ ਸੰਗੀਤ ਦੇ ਨਾਲ ਲੋਕਾਂ ਨੂੰ ਮੰਤਰ ਮੁਗਧ ਕੀਤਾ, ਉੱਥੇ ਹੀ ਮੁਗਲ ਕਾਲ ਦੌਰਾਨ ਸੂਫ਼ੀ ਸੰਗੀਤ ਨੂੰ ਵਧਾਵਾ ਮਿਲਿਆ । ਗੁਰਮਤ ਸੰਗੀਤ 'ਚ ਗੁਰਬਾਣੀ ਨੂੰ ੩੧ਰਾਗਾਂ 'ਚ ਗਾਉਣ ਦਾ ਵਿਧਾਨ ਹੈ । ਇਸੇ ਦੌਰਾਨ ਇੱਕ ਹੋਰ ਵੰਨਗੀ ਨੇ ਵੀ ਜਨਮ ਲਿਆ ਉਹ ਸੀ ਵਾਰਾਂ ਕਵੀਸ਼ਰੀ ਅਤੇ ਕਲੀਆਂ ਜੋ ਸਰੰਗੀ ਅਤੇ ਢੱਡ ਨਾਲ ਵੀਰ ਗਾਥਾਵਾਂ ਸੁਣਾ ਕੇ ਲੋਕਾਂ 'ਚ ਨਵਾਂ ਜੋਸ਼ ਭਰਨ ਦਾ ਕੰਮ ਕਰਦੀਆਂ ਸਨ ।
20ਵੀਂ ਸਦੀ ਦੇ ਆਉਂਦੇ -ਆਉਂਦੇ ਵਕਤ ਬਦਲਿਆ ਤੇ ਜ਼ਮਾਨਾ ਤਰੱਕੀ ਦੇ ਰਾਹ ਪੈ ਗਿਆ ।ਗ੍ਰਾਮੋਫੋਨ ਦੀ ਕਾਢ ਇੱਕ ਚਮਤਕਾਰ ਵਰਗੀ ਸੀ ਤੇ ਇਸੇ ਚਮਤਕਾਰ ਨੇ ਸੰਗੀਤ ਦੇ ਵਪਾਰੀਕਰਨ ਨੂੰ ਜਨਮ ਦਿੱਤਾ । ਵੱਡੇ ਬੰਗਲਿਆਂ ਤੇ ਹਵੇਲੀਆਂ ਦੀ ਸ਼ਾਨ ਬਣਨ ਵਾਲਾ ਗ੍ਰਾਮੋਫੋਨ ਹੌਲੀ ਹੌਲੀ ਕਸਬਿਆਂ ਅਤੇ ਫਿਰ ਪਿੰਡਾਂ 'ਚ ਪਹੁੰਚ ਗਿਆ ।ਜਦੋਂ ਵਿਆਹ ਸ਼ਾਦੀਆਂ 'ਤੇ ਖ਼ੁਸ਼ੀ ਦੇ ਮੌਕਿਆਂ 'ਤੇ ਮੰਜੇ ਜੋੜ ਕੇ ਸਪੀਕਰ ਲੱਗਦਾ ਤਾਂ ਮਹੌਲ ਵੇਖਣ ਵਾਲਾ ਹੁੰਦਾ ਸੀ ।
ਰੇਡੀਓ ਦਾ ਪਿੰਡਾਂ 'ਚ ਪਹੁੰਚਣਾ ਪੰਜਾਬੀ ਸੰਗੀਤ ਤੇ ਕਲਾਕਾਰਾਂ ਲਈ ਸੰਜੀਵਨੀ ਬੂਟੀ ਸਾਬਿਤ ਹੋਇਆ । ਲੋਕ ਗੀਤਾਂ ਦੇ ਨਾਲ-ਨਾਲ ਦੋਗਾਣਾ ਗਾਇਕੀ ਨੂੰ ਵੀ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਣ ਲੱਗਿਆ । ਪੰਜਾਬੀ ਸੰਗੀਤ ਨੂੰ ਵਧਾਵਾ ਦੇਣ 'ਚ ਸਿਨੇਮਾ ਦਾ ਵੀ ਵੱਡਾ ਯੋਗਦਾਨ ਰਿਹਾ । ਪੰਜਾਬੀ ਸੰਗੀਤ ਜਗਤ ਲਗਾਤਾਰ ਵਧ ਫੁਲ ਰਿਹਾ ਹੈ ਅਤੇ ਤਵਿਆਂ ਤੋਂ ਬਾਅਦ ਕੈਸੇਟ, ਸੀਡੀ,ਪੈਨ ਡਰਾਈਵ ਅਤੇ ਹੁਣ ਮੋਬਾਈਲ ਫੋਨ 'ਚ ਪੰਜਾਬੀ ਸੰਗੀਤ ਨੇ ਕਈ ਦੌਰ ਹੰਡਾਏ ਨੇ ।
- PTC PUNJABI