ਜਸਬੀਰ ਜੱਸੀ ਅਤੇ ਹੰਸ ਰਾਜ ਹੰਸ ‘ਚ ਜ਼ੁਬਾਨੀ ਜੰਗ, ਜੱਸੀ ਨੇ ਕਿਹਾ ਡੇਰਿਆਂ ‘ਚ ਨਾ ਗਾਓ, ਹੰਸਰਾਜ ਹੰਸ ਨੇ ਕੀਤਾ ਪਲਟਵਾਰ, ਕਿਹਾ ‘ਪੁੱਤਰ ਤੈਨੂੰ ਕੋਈ ਬੁਲਾਉਂਦਾ ਹੀ ਨਹੀਂ'
ਜਸਬੀਰ ਜੱਸੀ (Jasbir jassi) ਪਿਛਲੇ ਕਈ ਦਿਨਾਂ ਤੋਂ ਚਰਚਾ ‘ਚ ਹਨ । ਉਨ੍ਹਾਂ ਦਾ ਚਰਚਾ ‘ਚ ਆਉਣ ਦਾ ਕਾਰਨ ਪਿਛਲੇ ਦਿਨੀਂ ਉਨ੍ਹਾਂ ਦੇ ਵੱਲੋਂ ਦਿੱਤੀ ਗਈ ਇੰਟਰਵਿਊ ਹੈ । ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਨਾ ਤਾਂ ਮਜ਼ਾਰਾਂ ‘ਤੇ ਗਾਉਂਦੇ ਹਨ ਅਤੇ ਨਾਂ ਹੀ ਉਹ ਕਬਰਾਂ ਤੋਂ ਡਰਦੇ ਹਨ । ਜਿਸ ਤੋਂ ਬਾਅਦ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ਸਬੰਧੀ ਆਪਣੇ ਵਿਚਾਰ ਰੱਖੇ ਸਨ ।
ਹੁਣ ਗਾਇਕ ਹੰਸ ਰਾਜ ਹੰਸ ਅਤੇ ਜਸਬੀਰ ਜੱਸੀ ਦਰਮਿਆਨ ਜ਼ੁਬਾਨੀ ਜੰਗ ਛਿੜ ਗਈ ਹੈ । ਜਸਬੀਰ ਜੱਸੀ ਨੇ ਡੇਰਿਆਂ ‘ਚ ਨਾ ਗਾਉਣ ਦੀ ਗੱਲ ਆਖੀ ਸੀ ਅਤੇ ਅਜਿਹਾ ਕਰਨ ਵਾਲਿਆਂ ਦਾ ਵਿਰੋਧ ਵੀ ਕੀਤਾ ਸੀ । ਉਨ੍ਹਾਂ ਦਾ ਨਿਸ਼ਾਨਾ ਹੰਸ ਰਾਜ ਹੰਸ ਵੱਲ ਵੀ ਸੀ । ਜੋ ਨਕੋਦਰ ਦੇ ਲਾਲ ਬਾਦਸ਼ਾਹ ਡੇਰੇ ਦੇ ਗੱਦੀਨਸ਼ੀਨ ਵੀ ਹਨ ਅਤੇ ਦਿੱਲੀ ਤੋਂ ਭਾਜਪਾ ਦੇ ਲੋਕ ਸਭ ਸਾਂਸਦ ਵੀ ਹਨ ।
ਹੰਸ ਰਾਜ ਹੰਸ ਨੂੰ ਜਸਬੀਰ ਜੱਸੀ ਦੀ ਗੱਲ ਚੁੱਭੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਜੱਸੀ ਨੂੰ ਸਮਝਾਉਣਗੇ ਕਿ ਪੁੱਤਰ ਕੁਝ ਸੋਚ ਕੇ ਬੋਲਿਆ ਕਰੋ। ਜੇ ਤੈਨੂੰ ਕੋਈ ਦਰਗਾਹ ਵਾਲਾ ਲੈ ਕੇ ਜਾਏ ਕਿ ਤੁੰ ਇੱਥੇ ਆ ਕੇ ਗਾ ਤਾਂ ਤੂੰ ਕਹੀਂ ਕਿ ਮੈਂ ਉੱਥੇ ਜਾ ਕੇ ਨਹੀਂ ਗਾਉਂਦਾ । ਜਦੋਂ ਅੱਜ ਤੱਕ ਕਿਸੇ ਨੇ ਬੁਲਾਇਆ ਹੀ ਨਹੀਂ ਅਤੇ ਤੂੰ ਘਰ ਬੈਠ ਕੇ ਕਹਿੰਦਾ ਹੈ ਕਿ ਵੱਡੇ ਘਰਾਂ ‘ਚ ਵਿਆਹ ਹੋ ਰਹੇ ਹਨ, ਮੈਂ ਉੱਥੇ ਨਹੀਂ ਜਾਵਾਂਗਾ। ਉਨ੍ਹਾਂ ਨੇ ਬੁਲਾਇਆ ਹੀ ਨਹੀਂ ਤੈਨੂੰ । ਜਦੋਂ ਕਿਸੇ ਨੇ ਡੇਰੇ ‘ਚ ਬੁਲਾਇਆ ਹੀ ਨਹੀਂ ਤਾਂ ਜੱਸੀ ਬਾਈਕਾਟ ਕਿਵੇਂ ਕਰ ਸਕਦਾ ਹੈ’।
- PTC PUNJABI