ਪੰਜਾਬੀ ਗਾਇਕ ਗੀਤਾ ਜ਼ੈਲਦਾਰ ਦਾ ਅੱਜ ਹੈ ਜਨਮ ਦਿਨ, ਜਾਣੋ ਕਿਸ ਗੀਤ ਦੇ ਨਾਲ ਇੰਡਸਟਰੀ ‘ਚ ਬਣੀ ਪਛਾਣ
ਪੰਜਾਬੀ ਗਾਇਕ ਗੀਤਾ ਜ਼ੈਲਦਾਰ(Geeta Zaildaar) ਦਾ ਅੱਜ ਜਨਮ ਦਿਨ ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ ।ਚਿੱਟੇ ਸੂਟ ਤੇ ਦਾਗ ਪੈ ਗਏ, ਰਾਂਝੇ ਸਮੇਤ ਹੋਰ ਕਈ ਹਿੱਟ ਗੀਤ ਦੇਣ ਵਾਲਾ ਗੀਤਕਾਰ ਤੇ ਗਾਇਕ ਗੀਤਾ ਜ਼ੈਲਦਾਰ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਆ ਰਿਹਾ ਹੈ । ਸਮੇਂ ਮੁਤਾਬਿਕ ਆਪਣੇ ਗਾਣਿਆਂ ਦੇ ਰੰਗ ਬਦਲਣ ਵਾਲੇ ਇਸ ਗਾਇਕ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਗੀਤਾ ਜ਼ੈਲਦਾਰ ਦਾ ਜਨਮ ਜਲੰਧਰ ਦੇ ਪਿੰਡ ਗੜ੍ਹੀ ਮਹਾਂ ਸਿੰਘ ਦੇ ਜਗੀਰ ਸਿੰਘ ਦੇ ਘਰ ਤੇ ਮਾਤਾ ਗਿਆਨ ਕੌਰ ਦੀ ਕੁੱਖ ਤੋਂ ਹੋਇਆ ਸੀ ।
ਹੋਰ ਪੜ੍ਹੋ : ਇਟਲੀ ‘ਚ ਪਹਿਲੇ ਪਾਤਸ਼ਾਹ ਗੁਰੁ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ, ਵੇਖੋ ਵੀਡੀਓ
ਗੀਤਾ ਜ਼ੈਲਦਾਰ ਸਕੂਲ ਸਮੇਂ ਤੋਂ ਹੀ ਪੰਜਾਬੀ ਗਾਣਿਆਂ ਦਾ ਸ਼ੌਕੀਨ ਸੀ ਇਸੇ ਲਈ ਉਸ ਨੇ ਪ੍ਰੋ: ਸ਼ਮਸ਼ਾਦ ਅਲੀ ਤੋਂ ਸੰਗੀਤ ਦਾ ਹਰ ਉਹ ਗੁਰ ਸਿੱਖਿਆ ਜਿਹੜਾ ਉਸ ਨੂੰ ਸੁਰਾਂ ਦਾ ਸੁਲਤਾਨ ਬਣਾਉਂਦਾ ਹੈ । ਜ਼ੈਲਦਾਰ 22 ਸਾਲਾਂ ਦਾ ਹੋਇਆ ਤਾਂ ਉਹ ਕੈਨੇਡਾ ਉਡਾਰੀ ਮਾਰ ਗਿਆ ।
2006 ‘ਚ ਆਈ ਪਹਿਲੀ ਐਲਬਮ
ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਜ਼ੈਲਦਾਰ ਨੇ ਸਾਲ ੨੦੦੬ 'ਚ ਪਹਿਲੀ ਐਲਬਮ 'ਦਿਲ ਦੀ ਰਾਣੀ' ਤੇ ੨੦੦੭ 'ਚ 'ਸੀਟੀ ਮਾਰ ਕੇ ਬੁਲਾਉਣਾ ਛੱਡ ਦੇ' ਕੱਢੀ । ਇਹ ਐਲਬਮ ਲੋਕਾਂ ਵਿੱਚ ਕਾਫੀ ਮਕਬੂਲ ਹੋਈ । ਇਸ ਤੋਂ ਬਾਅਦ ੨੦੦੯ ਚ ਐਲਬਮ 'ਨੈਣ' ਆਈ, ਜਿਸ ਨੇ ਜ਼ੈਲਦਾਰ ਨੂੰ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ ਦਿਵਾਈ ।ਪਰ ਇਸ ਸਭ ਦੇ ਚਲਦੇ ਉਸ ਨੇ ਇੱਕ ਹੋਰ ਐਲਬਮ 'ਕਮਲੀ ਹੋਈ' ਕੱਢੀ । ਇਸ ਐਲਬਮ ਦਾ ਗੀਤ 'ਚਾਹ ਮੇਰੀ ਰਿੱਝ ਰਿੱਝ ਕਮਲੀ ਹੋਈ' ਹਰ ਇੱਕ ਦੀ ਜ਼ੁਬਾਨ ਤੇ ਚੜ ਗਿਆ ਤੇ ਹਰ ਪਾਸੇ ਗੀਤਾ ਗੀਤਾ ਹੋਣ ਲੱਗੀ ।
‘ਹਾਰਟ ਬੀਟ’ ਨੇ ਬੁਲੰਦੀਆਂ ‘ਤੇ ਪਹੁੰਚਾਇਆ
'ਹਾਰਟ ਬੀਟ' ਐਲਬਮ ਨੇ ਤਾਂ ਜ਼ੈਲਦਾਰ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ । ਪਰ ਏਨੀਂ ਪ੍ਰਸਿੱਧੀ ਦੇ ਬਾਵਜੂਦ ਗੀਤਾ ਜ਼ੈਲਦਾਰ ਦਾ ਕਹਿਣਾ ਹੈ ਕਿ ਉਸ ਨੂੰ ਸੰਗੀਤ ਜਗਤ ਵਿੱਚ ਅਸਲ ਪਹਿਚਾਣ 'ਚਿੱਟੇ ਸੂਟ 'ਤੇ ਦਾਗ ਪੈ ਗਿਆ' ਨਾਲ ਹੀ ਮਿਲੀ ਸੀ ਕਿਉਂਕਿ ਇਹ ਗਾਣਾ ਅੱਜ ਵੀ ਲੋਕਾਂ ਦੀ ਪਹਿਲੀ ਪਸੰਦ ਹੈ । ਜ਼ੈਲਦਾਰ ਦਾ ਇਹ ਗਾਣਾ ਨਾਗਾਂ ਵਰਗੇ ਨੈਣ ਐਲਬਮ ਦਾ ਹੈ ।
ਜ਼ੈਲਦਾਰ ਮੁਤਾਬਿਕ ਇਸ ਐਲਬਮ ਵਿੱਚ ਉਸ ਦੇ ੮ ਗੀਤ ਸਨ ਤੇ ਇਸ ਗਾਣੇ ਨੂੰ ਐਲਬਮ ਵਿੱਚ ਇਸ ਲਈ ਸ਼ਾਮਿਲ ਕੀਤਾ ਗਿਆ ਸੀ ਤਾਂ ਜੋ ੮ ਗੀਤਾਂ ਦੀ ਗਿਣਤੀ ਪੂਰੀ ਹੋ ਸਕੇ । ਪਰ ਜਦੋਂ ਕਿਸੇ ਹੋਰ ਕੰਪਨੀ ਨੇ ਉਹਨਾਂ ਦੇ ਇਸ ਗੀਤ ਨੂੰ ਟੀਵੀ ਚੈਨਲਾਂ ਤੇ ਪ੍ਰਸਾਰਿਤ ਕੀਤਾ ਤਾਂ ਇਹ ਗੀਤ ਹੋਰਨਾਂ ਗੀਤਾਂ ਤੋਂ ਸਭ ਤੋਂ ਵੱਧ ਹਿੱਟ ਹੋਇਆ । ਇਹ ਗੀਤ ਗੀਤਾ ਜ਼ੈਲਦਾਰ ਨੇ ਖੁਦ ਲਿਖਿਆ ਸੀ ।
ਅਦਾਕਾਰੀ ‘ਚ ਵੀ ਅਜ਼ਮਾਈ ਕਿਸਮਤ
ਗਾਇਕੀ ਦੇ ਨਾਲ ਨਾਲ ਗੀਤਾ ਜ਼ੈਲਦਾਰ ਨੇ ਅਦਾਕਾਰੀ ਦੇ ਖੇਤਰ ਵਿੱਚ ਵੀ ਆਪਣੀ ਕਿਸਮਤ ਅਜਮਾਈ ਸੀ । ਉਹਨਾਂ ਨੇ ਪੰਜਾਬੀ ਫ਼ਿਲਮ 'ਪਿੰਕੀ ਮੋਗੇ ਵਾਲੀ' ਵਿੱਚ ਆਪਣੀ ਅਦਾਕਾਰੀ ਜਾ ਜ਼ੋਹਰ ਦਿਖਾਏ ਹਨ । ਇਸ ਤੋਂ ਇਲਾਵਾ 'ਵਿਆਹ ੭੦ ਕਿਲੋਮੀਟਰ' ਵਿੱਚ ਵੀ ਕੰਮ ਕੀਤਾ ਹੈ ।
- PTC PUNJABI