ਗੁਰੂ ਰੰਧਾਵਾ ਦਾ ਅੱਜ ਹੈ ਜਨਮ ਦਿਨ, ਜਾਣੋ ਕਿਸ ਗੀਤ ਦੇ ਨਾਲ ਇੰਡਸਟਰੀ ‘ਚ ਮਿਲੀ ਸੀ ਪਛਾਣ
ਪੰਜਾਬੀ ਗਾਇਕ ਗੁਰੁ ਰੰਧਾਵਾ (Guru Randhawa) ਦਾ ਅੱਜ ਜਨਮ ਦਿਨ (Birthday) ਹੈ। ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਗਾਇਕ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਗੁਰੁ ਰੰਧਾਵਾ ਦਾ ਜਨਮ 30 ਅਗਸਤ 1991 ਨੂੰ ਗੁਰਦਾਸਪੁਰ ਦੇ ਇੱਕ ਪਿੰਡ ‘ਚ ਹੋਇਆ । ਉਨ੍ਹਾਂ ਦਾ ਅਸਲ ਨਾਮ ਗੁਰਸ਼ਰਨ ਸਿੰਘ ਰੰਧਾਵਾ ਹੈ,ਪਰ ਇੰਡਸਟਰੀ ‘ਚ ਉਨ੍ਹਾਂ ਨੂੰ ਗੁਰੁ ਰੰਧਾਵਾ ਦੇ ਨਾਂਅ ਨਾਲ ਜਾਣਿਆਂ ਜਾਂਦਾ ਹੈ। ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਉਹਨਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ ਸੀ ਅਤੇ ਉਹ ਅਕਸਰ ਵਿਆਹਾਂ ‘ਚ ਸ਼ੋਅ ਲਗਾਉਂਦੇ ਸਨ ।
2012 ‘ਚ ਉਨ੍ਹਾਂ ਦਾ ਪਹਿਲਾ ਗੀਤ ‘ਸੇਮ ਗਰਲ’ ਰਿਲੀਜ਼ ਹੋਇਆ ਸੀ ।ਪਰ ਇਹ ਗਾਣਾ ਕੁਝ ਖ਼ਾਸ ਕਮਾਲ ਨਹੀਂ ਸੀ ਕਰ ਸਕਿਆ । ਜਿਸ ਤੋਂ ਬਾਅਦ ਉਨ੍ਹਾਂ ਦਾ ਦੂਜਾ ਗੀਤ ‘ਛੱਡ ਗਈ’ ਰਿਲੀਜ਼ ਹੋਇਆ ।
ਪਰ ਇਸ ਗਾਣੇ ਤੋਂ ਬਾਅਦ ਵੀ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ । ਪਰ ਇਸ ਦੇ ਬਾਵਜੂਦ ਉਹ ਡਟੇ ਰਹੇ ਅਤੇ ਲਗਾਤਾਰ ਸੰਘਰਸ਼ ਕਰਦੇ ਰਹੇ । ਆਖਿਰਕਾਰ ਉਹ ਦਿਨ ਵੀ ਆਇਆ ਜਿਸ ਦਿਨ ਦਾ ਗਾਇਕ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ।
ਗੁਰੁ ਰੰਧਾਵਾ ਨੂੰ ਰੈਪਰ ਬੋਹੇਮੀਆ ਨੇ ਆਪਣੇ ਨਾਲ ਗਾਉਣ ਦਾ ਮੌਕਾ ਦਿੱਤਾ। ਬੋਹੇਮੀਆ ਦੇ ਨਾਲ ਕੀਤੇ ‘ਪਟੋਲਾ’ ਗੀਤ ਨੇ ਰਾਤੋ ਰਾਤ ਗੁਰੁ ਰੰਧਾਵਾ ਨੂੰ ਸਟਾਰ ਬਣਾ ਦਿੱਤਾ ।ਇਸੇ ਗੀਤ ਦੇ ਨਾਲ ਇੰਡਸਟਰੀ ‘ਚ ਉਸ ਦੀ ਗੁੱਡੀ ਚੜ੍ਹ ਗਈ ਅਤੇ ਉਹ ਪੰਜਾਬੀ ਇੰਡਸਟਰੀ ‘ਚ ਜਾਣਿਆ ਜਾਣ ਲੱਗ ਪਿਆ ।
ਇਸ ਤੋਂ ਬਾਅਦ ਗੁਰੁ ਰੰਧਾਵਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ । ਅੱਜ ਕੱਲ੍ਹ ਉਹ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਸਰਗਰਮ ਹਨ।
- PTC PUNJABI