ਗੁਰਦਾਸ ਮਾਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਪੰਜਾਬੀ ਇੰਡਸਟਰੀ ਦੇ ਮਾਣ, ਗੁਰਦਾਸ ਮਾਨ (Gurdas Maan) ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਦੇ ਨਾਲ-ਨਾਲ ਉਨ੍ਹਾਂ ਦੇ ਦੋਸਤ ਅਤੇ ਰਿਸ਼ਤੇਦਾਰ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਤੁਹਾਨੂੰ ਦੱਸਾਂਗੇ ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਨ੍ਹਾਂ ਦੇ ਜਨਮ ਦੀ। ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਪੰਜਾਬ ਦੇ ਮੁਕਤਸਰ ਸਾਹਿਬ ਦੇ ਗਿੱਦੜਬਾਹਾ 'ਚ ਹੋਇਆ । ਗੁਰਦਾਸ ਮਾਨ ਨੂੰ ਉਹਨਾਂ ਦੀ ਗਾਇਕੀ ਕਰਕੇ 2010 'ਚ ਬ੍ਰਿਟੇਨ ਦੇ ਵੋਲਵਰਹੈਮਟਨ ਯੂਨੀਵਰਸਿਟੀ ਨੇ ਉਹਨਾਂ ਨੂੰ ਵਿਸ਼ਵ ਸੰਗੀਤ 'ਚ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ ।
ਇਸੇ ਤਰ੍ਹਾਂ ਉਹਨਾਂ ਨੂੰ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੀ 36ਵੀਂ ਕਾਨਵੋਕੇਸ਼ਨ 'ਚ ਰਾਜਪਾਲ ਨੇ ਉਹਨਾਂ ਨੂੰ ਡਾਕਟਰ ਆਫ ਲਿਟ੍ਰੇਚਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ । ਗੁਰਦਾਸ ਮਾਨ ਦਾ ੧੯੮੦ 'ਚ ਆਇਆ ਗਾਣਾ 'ਦਿਲ ਦਾ ਮਾਮਲਾ ਹੈ' ਸੁਪਰ ਡੂਪਰ ਹਿੱਟ ਹੋਇਆ ਸੀ, ਇਸ ਗਾਣੇ ਨਾਲ ਹੀ ਉਹਨਾਂ ਨੂੰ ਵਿਸ਼ਵ ਪੱਧਰ ਤੇ ਪਹਿਚਾਣ ਮਿਲੀ ਸੀ ।
ਗੁਰਦਾਸ ਮਾਨ ਜਿੱਥੇ ਗਾਇਕੀ ਦੇ ਖੇਤਰ ‘ਚ ਸਰਗਰਮ ਹਨ ।ਉੱਥੇ ਹੀ ਮਾਰਸ਼ਲ ਆਰਟਸ ਵੀ ਮਾਹਿਰ ਹਨ ।। ਉਨ੍ਹਾਂ ਨੇ ਜੁੱਡੋ 'ਚ ਬਲੈਕ ਬੈਲਟ ਵੀ ਜਿੱਤੀ ਹੈ। ਗੁਰਦਾਸ ਮਾਨ ਨੂੰ ਬਤੌਰ ਬੈਸਟ ਪਲੇਬੈਕ ਸਿੰਗਰ ਨੈਸ਼ਨਲ ਫਿਲਮ ਅਵਾਰਡ ਵੀ ਮਿਲ ਚੁਕਿਆ ਹੈ । 2001 ਨੂੰ ਰੋਪੜ ਕੋਲ ਇਕ ਸੜਕ ਹਾਦਸੇ 'ਚ ਮਾਨ ਵਾਲ-ਵਾਲ ਬਚ ਗਏ, ਪਰ ਹਾਦਸੇ 'ਚ ਉਨ੍ਹਾਂ ਦੇ ਡਰਾਈਵਰ ਤੇਜਪਾਲ ਸਿੰਘ ਦੀ ਮੌਤ ਹੋ ਗਈ। ਮਾਨ ਡਰਾਈਵਰ ਨੂੰ ਆਪਣਾ ਚੰਗਾ ਦੋਸਤ ਵੀ ਸਮਝਦੇ ਸੀ।
ਗੁਰਦਾਸ ਮਾਨ ਆਪਣੇ ਗੀਤਾਂ ‘ਚ ਹਮੇਸ਼ਾ ਕੋਈ ਨਾ ਕੋਈ ਸੁਨੇਹਾ ਸਮਾਜ ਨੂੰ ਦੇਣ ਦੀ ਕੋਸ਼ਿਸ਼ ਕਰਦੇ ਹਨ । ਲੱਖ ਪ੍ਰਦੇਸੀ ਹੋਈਏ ‘ਚ ਉਨ੍ਹਾਂ ਨੇ ਜਿੱਥੇ ਆਪਣੇ ਦੇਸ਼ ਪ੍ਰਤੀ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਕੀ ਬਣੂੰ ਦੁਨੀਆ ਦਾ ਗੀਤ ‘ਚ ਉਨ੍ਹਾਂ ਆਧੁਨਿਕੀਕਰਨ ਦੇ ਵਹਿਣ ‘ਚ ਵਹਿੰਦੇ ਨੌਜਵਾਨਾਂ ਦੀ ਗੱਲ ਕੀਤੀ ਸੀ । ਜਦੋਂਕਿ ਗੀਤ ਬੂਟ ਪਾਲਸ਼ਾਂ ਕਰੀਏ ‘ਚ ਉਨ੍ਹਾਂ ਨੇ ਹਰ ਕਿਸੇ ਨੂੰ ਕਰੜੀ ਮਿਹਨਤ ਕਰਨ ਦਾ ਸੁਨੇਹਾ ਦਿੱਤਾ ਸੀ ।
-