Sidhu Moose Wala: ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਪਿੰਡ ਮੂਸਾ 'ਚ ਲਗਾਇਆ ਜਾਵੇਗਾ ਖੂਨਦਾਨ ਕੈਂਪ ਤੇ ਗੁਰਦੁਆਰਾ ਸਾਹਿਬ 'ਚ ਪਾਏ ਜਾਣਗੇ ਭੋਗ
Sidhu Moose Wala Death Aniversary: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੇ ਬੇਹੱਦ ਘੱਟ ਉਮਰ 'ਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ, ਪਰ ਉਨ੍ਹਾਂ ਵੱਲੋਂ ਗਾਇਕੀ ਵਿੱਚ ਹਾਸਿਲ ਕੀਤੀ ਕਾਮਯਾਬੀ ਅਜੇ ਵੀ ਬਰਕਰਾਰ ਹੈ। 29 ਮਈ ਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਹੈ। ਇਸ ਖ਼ਾਸ ਮੌਕੇ 'ਤੇ ਗਾਇਕ ਦੇ ਪਿੰਡ ਮੂਸਾ ਵਿਖੇ ਖ਼ਾਸ ਪ੍ਰੋਗਰਾਮ ਓਲੀਕੇ ਗਏ ਹਨ, ਜਿਨ੍ਹਾਂ ਵਿੱਚ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਸਾਹਿਬ ਦੇ ਭੋਗ ਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਵੇਗਾ।
29 ਮਈ ਨੂੰ ਸਿੱਧੂ ਮੂਸੇਵਾਲਾ ਦੀ ਦਿਹਾਂਤ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ। ਮੂਸੇਵਾਲਾ ਨੂੰ ਦੁਨੀਆ ਤੋਂ ਗਏ ਭਾਵੇਂ ਇੱਕ ਸਾਲ ਹੋ ਗਿਆ, ਪਰ ਉਹ ਆਪਣੇ ਗੀਤਾਂ ਰਾਹੀਂ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਅੱਜ ਵੀ ਜ਼ਿੰਦਾ ਹਨ। ਗਾਇਕ ਦੇ ਫੈਨਜ਼ ਉਨ੍ਹਾਂ ਨੂੰ ਗੀਤਾਂ ਰਾਹੀਂ ਯਾਦ ਕਰਦੇ ਹਨ।
ਹੁਣ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੇ ਪਿਤਾ ਦੇ ਵੱਡੇ ਭਰਾ ਯਾਨੀ ਸਿੱਧੂ ਦੇ ਤਾਏ ਚਮਕੌਰ ਸਿੰਘ ਵੱਲੋਂ ਪਿੰਡ ਮੂਸਾ ਦੇ ਗੁਰਦੁਆਰਾ ਸਾਹਿਬ 'ਚ ਸ੍ਰੀ ਅਖੰਡ ਸਾਹਿਬ ਪਾਠ ਦੇ ਭੋਗ ਪਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ- ਨਾਲ ਪਿੰਡ 'ਚ ਸਿੱਧੂ ਮੂਸੇਵਾਲਾ ਦੀ ਯਾਦ 'ਚ ਇੱਕ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ।
ਚਮਕੌਰ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮੂਸੇਵਾਲਾ ਦੀ ਯਾਦ ਵਿੱਚ ਮਾਨਸਾ ਦੇ ਗੁਰਦੁਆਰਾ ਚੌਕ ਤੋਂ ਬੱਸ ਅੱਡਾ ਚੌਕ ਤੱਕ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਰੋਸ ਮਾਰਚ ਵੀ ਕੱਢਿਆ ਜਾਵੇਗਾ। ਇਸ ਗਾਇਕ ਦੇ ਫੈਨਜ਼ ਨੂੰ ਮੂਸਾ ਪਿੰਡ ਪੁੱਜਣ ਦੀ ਵੀ ਅਪੀਲ ਕੀਤੀ ਗਈ ਹੈ।
ਇਸ ਤੋਂ ਇਲਾਵਾ ਕੈਨੇਡਾ ਦੇ ਸਰੀ 'ਚ ਵੀ ਮੂਸੇਵਾਲਾ ਦੀ ਯਾਦ 'ਚ 28 ਮਈ ਐਤਵਾਰ ਨੂੰ ਗੁਰਦੁਆਰਾ ਸਾਹਿਬ 'ਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣੇ ਹਨ। ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗਾਇਕ ਦੀ ਮੌਤ ਨੂੰ ਇੱਕ ਸਾਲ ਪੂਰਾ ਹੋ ਹੀ ਗਿਆ ਹੈ, ਪਰ ਹਾਲੇ ਤੱਕ ਉਸ ਦੇ ਪਰਿਵਾਰ ਤੇ ਚਾਹੁਣ ਵਾਲਿਆਂ ਨੂੰ ਇਨਸਾਫ ਨਹੀਂ ਮਿਲ ਸਕਿਆ ਹੈ। ਗਾਇਕ ਦੇ ਮਾਤਾ-ਪਿਤਾ 'ਤੇ ਫੈਨਜ਼ ਲਗਾਤਾਰ ਸਰਕਾਰ ਕੋਲੋਂ ਗਾਇਕ ਲਈ ਇਨਸਾਫ ਦੀ ਮੰਗ ਕਰ ਰਹੇ ਹਨ।
- PTC PUNJABI