Sidhu Moose Wala: ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਪੁੱਤ ਨੂੰ ਯਾਦ ਕਰ ਹੋਈ ਭਾਵੁਕ, ਪੋਸਟ ਕਰ ਕਿਹਾ-'ਇੱਕ ਸਾਲ ਇੱਕ ਮਹੀਨਾ ਹੋ ਗਿਆ, ਅੱਜ ਵੀ ਤੈਨੂੰ ਯਾਦ ਕਰਦੇ ਹਾਂ'
Sidhu Moose Wala Mother Charan Kaur Emotional Post: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਪੂਰਾ ਹੋ ਚੁੱਕਿਆ ਹੈ। ਉਹ ਅੱਜ ਵੀ ਆਪਣੇ ਗੀਤਾਂ ਰਾਹੀਂ ਚਾਹੁਣ ਵਾਲਿਆਂ ਦੇ ਦਿਲਾਂ 'ਚ ਜ਼ਿੰਦਾ ਹੈ। ਜਦੋਂ ਵੀ ਉਸ ਦੇ ਚਾਹੁਣ ਵਾਲਿਆ ਨੂੰ ਮੂਸੇਵਾਲਾ ਦੀ ਯਾਦ ਆਉਂਦੀ ਹੈ ਤਾਂ ਉਹ ਉਸ ਦੇ ਗਾਣੇ ਸੁਣ ਲੈਂਦੇ ਹਨ। ਪਰ ਇੰਜ ਲੱਗਦਾ ਹੈ ਜਿਵੇਂ ਮੂਸੇਵਾਲਾ ਦੇ ਮਾਪਿਆਂ ਲਈ ਸਮਾਂ 29 ਮਈ 2022 ;ਤੇ ਹੀ ਰੁਕ ਗਿਆ ਹੈ।
ਸਿੱਧੂ ਮੂਸੇਵਾਲਾ ਦੀ ਮਾਂ ਆਪਣੀ ਪੁੱਤਰ ਦੀ ਮੌਤ ਤੋਂ ਬਾਅਦ ਇੱਕ ਇੱਕ ਦਿਨ ਗਿਣ ਰਹੀ ਹੈ। ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਇਹ ਪੋਸਟ ਦੇਖ ਕੇ ਤਾਂ ਇੰਜ ਹੀ ਲੱਗ ਰਿਹਾ ਹੈ ਜਿਵੇਂ ਕਿ ਇੱਕ ਮਾਂ ਹਰ ਦਿਨ, ਹਰ ਪਲ, ਹਰ ਸਕਿੰਟ ਬੱਸ ਆਪਣੇ ਪੁੱਤਰ ਬਾਰੇ ਹੀ ਸੋਚਦੀ ਰਹਿੰਦੀ ਹੈ।
ਚਰਨ ਕੌਰ ਨੇ ਇੱਕ ਪੋਸਟ ਬੀਤੇ ਦਿਨੀਂ ਯਾਨਿ 29 ਜੂਨ ਨੂੰ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਲਿਿਖਿਆ, 'ਅੱਜ ਇੱਕ ਸਾਲ ਇੱਕ ਮਹੀਨਾ ਹੋ ਗਿਆ ਪੁੱਤ ਤੈਨੂੰ ਘਰੋਂ ਗਿਆਂ ਨੂੰ, ਅੱਜ ਵੀ ਤੈਨੂੰ ਉਡੀਕਦੇ ਰਹਿੰਦੇ ਹਾਂ। ਸੁੰਨੇ ਘਰ ਵਿੱਚ ਤੁਹਾਡੀ ਮੌਜੂਦਗੀ ਮਹਿਸੂਸ ਕਰਨੀ ਔਖੀ ਹੈ, ਪਰ ਤੁਹਾਡੇ ਬਿਨਾਂ ਤੁਹਾਡੇ ਵਾਸਤੇ ਜੀ ਰਹੇ ਹਾਂ।
ਮਾਂ ਚਰਨ ਕੌਰ ਨੇ ਆਪਣੀ ਪੋਸਟ 'ਚ ਅੱਗੇ ਲਿਖਿਆ, ' ਸ਼ੁੱਭ ਪੁੱਤ ਇੱਕ ਸਾਲ ਤੇ ਇੱਕ ਮਹੀਨੇ ਵਿੱਚ ਦੇਸ਼ ਵਿਦੇਸ਼ ਤੋਂ ਤੁਹਾਡੇ ਚਾਹੁਣ ਵਾਲੇ ਤੁਹਾਡੇ ਭੈਣ ਭਰਾ ਤੇ ਬਜ਼ੁਰਗ ਸਾਡੇ ਦੁੱਖ ਵਿੱਚ ਸਾਨੂੰ ਸਹਾਰਾ ਦੇਣ ਆਏ, ਪਰ ਸਾਨੂੰ ਇਨ੍ਹਾਂ ਹਾਲਾਤਾਂ ਵਿੱਚ ਲਿਆਉਣ ਵਾਲੇ ਉਨ੍ਹਾਂ ਮੁੱਖ ਸਾਜਸ਼ ਘਾੜਿਆਂ ਦੇ ਚਿਹਰੇ ਤੇ ਨਾਮ ਹਜੇ ਤੱਕ ਸਾਹਮਣੇ ਨਹੀਂ ਆਏ। ਤੇ ਪੁੱਤ ਸਾਨੂੰ ਤੁਹਾਡੇ ਇਨਸਾਫ ਦੇਣ ਦੇ ਦਾਅਵੇ ਤੇ ਵਾਅਦੇ ਕਰਨ ਵਾਲੇ ਸਮੇਂ ਦੇ ਸ਼ਾਸਕ ਵੀ ਜਿਵੇਂ ਸਭ ਕੁੱਝ ਦੇਖਦਿਆਂ ਅਣਦੇਖਾ ਕਰ ਚੁੱਪ ਵੱਟੀ ਬੈਠੇ ਆ। ਪੁੱਤ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦੀ ਕਿ ਤੁਹਾਡੇ ਬਾਅਦ ਅਸੀਂ ਦੋਵਾਂ ਨੇ ਕਿੰਨਾ ਕੁੱਝ ਦੇਖ ਲਿਆ ਐ, ਪਰ ਪੁੱਤ ਅਸੀਂ ਤੁਹਾਡੇ ਮੇਹਨਤ ਤੇ ਲਗਨ ਨਾਲ ਕਮਾਏ ਨਾਮ ਨੂੰ ਵਿਅਰਥ ਨਹੀਂ ਜਾਣ ਦਿਆਂਗੇ। ਪੁੱਤ ਅਸੀਂ ਤੁਹਾਡੇ ਇਨਸਾਫ ਲਈ ਆਪਣੇ ਆਖਰੀ ਸਾਹਾਂ ਤੱਕ ਲੜਾਂਗੇ ਤੇ ਸਾਡੇ ਇਨਸਾਫ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਰਹਾਂਗੇ।'
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਇੱਕ ਸਾਲ ਬਾਅਦ ਹਾਲੇ ਤੱਕ ਵੀ ਇਨਸਾਫ ਅਧੂਰਾ ਹੈ। ਉਸ ਦਾ ਪਰਿਵਾਰ ਤੇ ਚਾਹੁਣ ਵਾਲੇ ਉਸ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ।
- PTC PUNJABI