Sharry Mann: ਆਖ਼ਰੀ ਐਲਬਮ ਰਿਲੀਜ਼ ਕਰਨ ਮਗਰੋਂ ਸ਼ੈਰੀ ਮਾਨ ਦੋਸਤਾਂ ਨਾਲ ਦੁਬਈ 'ਚ ਮਾਣ ਰਹੇ ਨੇ ਛੁੱਟੀਆਂ ਦਾ ਆਨੰਦ, ਕਿਹਾ- 'ਯਾਰਾਂ ਨਾਲ ਬਹਾਰਾਂ'
Sharry Mann enjoy vacations in Dubai: ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਨੇ ਬੀਤੇ ਦਿਨੀਂ ਗਾਇਕੀ ਛੱਡਣ ਦਾ ਐਲਾਨ ਕਰਦੇ ਹੋਏ ਆਪਣੀ ਆਖ਼ਰੀ ਐਲਬਮ ਰਿਲੀਜ਼ ਕੀਤੀ ਸੀ। ਇਸ ਐਲਬਮ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਹੁਣ ਆਪਣੀ ਆਖਰੀ ਐਲਬਮ ਰਿਲੀਜ਼ ਕਰਨ ਮਗਰੋਂ ਸ਼ੈਰੀ ਮਾਨ ਆਪਣੇ ਦੋਸਤਾਂ ਨਾਲ ਦੁਬਈ 'ਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਸ਼ੈਰੀ ਮਾਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਹੁਣ ਤੱਕ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਹੁਣ ਸ਼ੈਰੀ ਨੇ ਆਪਣੀ ਆਖਰੀ ਐਲਬਮ 'ਦ ਲਾਸਟ ਗੁੱਡ ਐਲਬਮ' ਰਿਲੀਜ਼ ਕੀਤੀ ਹੈ। ਇਸ ਤੋਂ ਬਾਅਦ ਤੋਂ ਹੀ ਸ਼ੈਰੀ ਮਾਨ ਲਗਾਤਾਰ ਸੁਰਖੀਆਂ 'ਚ ਬਣੇ ਰਹਿੰਦੇ ਹਨ।
ਹੁਣ ਐਲਬਮ ਰਿਲੀਜ਼ ਕਰਨ ਤੋਂ ਬਾਅਦ ਸ਼ੈਰੀ ਮਾਨ ਦੁਬਈ ਪਹੁੰਚੇ ਹਨ। ਸ਼ੈਰੀ ਮਾਨ ਇੱਥੇ ਆਪਣੇ ਦੋਸਤਾਂ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਇਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਸ਼ੈਰੀ ਮਾਨ ਨੇ ਆਪਣੇ ਦੋਸਤਾਂ ਲਈ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਗਾਇਕ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, 'ਜਦੋਂ ਦੋਸਤ ਤੁਹਾਡੇ ਨਾਲ ਹੋਣ ਤਾਂ ਉਹ ਸਮਾਂ ਖੁਦ- ਬ -ਖੁਦ ਚੰਗਾ ਬਣ ਜਾਂਦਾ ਹੈ। ਦੁਬਈ 'ਚ ਛੁੱਟੀਆਂ ਬਿਤਾ ਰਿਹਾ ਹਾਂ, ਇੱਥੇ ਮੈਂ ਰਾਤਾਂ ਨੂੰ ਜਾਗ ਕੇ ਯਾਦਾਂ ਸੰਜੋਈਆਂ ਤੇ ਦਿਨ ਵੇਲੇ ਸੌਂਦਾ ਰਿਹਾ।'
ਇਸ ਦੇ ਨਾਲ ਨਾਲ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰਕੇ ਦੁਬਈ ਦੇ ਬੇਹੱਦ ਖੂਬਸੂਰਤ ਨਜ਼ਾਰੇ ਵੀ ਦਿਖਾਏ ਹਨ। ਇਸ ਦੌਰਾਨ ਸ਼ੈਰੀ ਮਾਨ ਆਪਣੇ ਦੋਸਤ ਨਾਲ ਚਿੱਲ ਕਰਦੇ ਤੇ ਕੂਲ ਅੰਦਾਜ਼ 'ਚ ਨਜ਼ਰ ਆਏ। ਫੈਨਜ਼ ਗਾਇਕ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਸ਼ੈਰੀ ਮਾਨ ਹਾਲ ਹੀ 'ਚ ਕਾਫੀ ਜ਼ਿਆਂਦਾ ਸੁਰਖੀਆਂ 'ਚ ਰਹੇ ਸੀ। ਸ਼ੈਰੀ ਨੇ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਇਸ਼ਾਰਾ ਦਿੱਤਾ ਸੀ ਕਿ ਉਹ ਗਾਇਕੀ ਨੂੰ ਅਲਵਿਦਾ ਕਹਿਣ ਜਾ ਰਹੇ ਹਨ।
- PTC PUNJABI