ਸਰਬਜੀਤ ਚੀਮਾ ਦਾ ਅੱਜ ਹੈ ਜਨਮ ਦਿਨ, ਫੈਨਸ ਵੀ ਦੇ ਰਹੇ ਵਧਾਈ
ਸਰਬਜੀਤ ਚੀਮਾ (Sarbjit Cheema) ਦਾ ਅੱਜ ਜਨਮਦਿਨ ਹੈ । ਅੱਜ ਉਨ੍ਹਾਂ ਦੇ ਜਨਮਦਿਨ ‘ਤੇ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਮਿਊਜ਼ਿਕ ਕਰੀਅਰ ਦੇ ਨਾਲ ਜੁੜੀਆਂ ਗੱਲਾਂ ਦੱਸਣ ਜਾ ਰਹੇ ਹਾਂ । ਸਰਬਜੀਤ ਚੀਮਾ ਦਾ ਜਨਮ ਜਲੰਧਰ ਦੇ ਚੀਮਾ ਕਲਾਂ ‘ਚ 14 ਜੂਨ 1968 ਨੂੰ ਹੋਇਆ । ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਜਲੰਧਰ ਦੇ ਨੂਰ ਮਹਿਲ ਤੋਂ ਹਾਸਲ ਕੀਤੀ । ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਗ੍ਰੈਜੁਏਸ਼ਨ ਪੂਰੀ ਕੀਤੀ ।
ਮਿਊਜ਼ਿਕ ਕਰੀਅਰ ਦੀ ਸ਼ੁਰੂਆਤ
ਸਰਬਜੀਤ ਚੀਮਾ ਨੇ ਆਪਣੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ 1993 ‘ਚ ‘ਯਾਰ ਨੱਚਦੇ’ ਦੇ ਨਾਲ ਕੀਤੀ ਸੀ । ਇਹ ਗੀਤ ਜ਼ਿਆਦਾ ਤਾਂ ਨਹੀਂ ਚੱਲਿਆ ਪਰ ਇਸ ਗੀਤ ਦੇ ਨਾਲ ਉਹ ਇੰਡਸਟਰੀ ‘ਚ ਜਾਣੇ ਜਾਣ ਲੱਗ ਪਏ ਸਨ ।
ਜਿਸ ਤੋਂ ਬਾਅਦ ਉਨ੍ਹਾਂ ਨੇ ‘ਰੰਗਲਾ ਪੰਜਾਬ’ ਦੇ ਨਾਲ ਇੰਡਸਟਰੀ ‘ਚ ਧੱਕ ਪਾਈ ਅਤੇ ਇਹ ਗੀਤ ਸਰੋਤਿਆਂ ‘ਚ ਬਹੁਤ ਜ਼ਿਆਦਾ ਮਕਬੂਲ ਹੋਇਆ ।
ਜਿਸ ਤੋਂ ਬਾਅਦ ਇੱਕ ਹੋਰ ਗੀਤ ‘ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ, ਰੀਰੀ ਰਾਰਾ’, ਢੋਲ ਵੱਜਦਾ, ਮੇਲਾ ਸਣੇ ਕਈ ਹਿੱਟ ਗੀਤ ਬਹੁਤ ਹੀ ਮਕਬੂਲ ਹੋਏ ਸਨ ।ਸਰਬਜੀਤ ਚੀਮਾ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ ।
ਇਸ ਤੋਂ ਇਲਾਵਾ ਉਨ੍ਹਾਂ ਨੇ ‘ਪਿੰਡ ਦੀ ਕੁੜੀ’ ਫ਼ਿਲਮ ‘ਚ ਆਪਣੀ ਅਦਾਕਾਰੀ ਦਾ ਜਲਵਾ ਵੀ ਵਿਖਾਇਆ ਅਤੇ ਹਾਲ ਹੀ ‘ਚ ਉਹ ਫ਼ਿਲਮ ‘ਲੈਂਬਰ ਗਿੰਨੀ’ ‘ਚ ਵੀ ਦਿਖਾਈ ਦਿੱਤੇ। ਸਰਬਜੀਤ ਚੀਮਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਦੋ ਪੁੱਤਰ ਹਨ । ਗਾਇਕੀ ਦੇ ਨਾਲ ਨਾਲ ਪੜ੍ਹਾਈ ਦੇ ਦਿਨਾਂ ਦੌਰਾਨ ਸਰਬਜੀਤ ਚੀਮਾ ਹਾਕੀ ਟੀਮ ਦੇ ਕੈਪਟਨ ਵੀ ਰਹੇ ਹਨ ।
- PTC PUNJABI