ਰਾਣਾ ਰਣਬੀਰ ਜਲਦ ਲੈ ਕੇ ਆ ਰਹੇ ਨੇ ਆਪਣੀ ਨਵੀਂ ਫ਼ਿਲਮ 'ਮਨਸੂਬਾ', ਜਾਣੋ ਕਿੱਥੇ ਹੋਵੇਗੀ ਫ਼ਿਲਮ ਦੀ ਸ਼ੂਟਿੰਗ

ਪਾਲੀਵੁੱਡ ਦੇ ਦਿੱਗਜ ਅਦਾਕਾਰ ਰਾਣਾ ਰਣਬੀਰ ਨੇ ਹਾਲ ਹੀ 'ਚ ਆਪਣੀ ਨਵੀਂ ਫ਼ਿਲਮ 'ਮਨਸੂਬਾ' ਦਾ ਐਲਾਨ ਕਰ ਦਿੱਤਾ ਹੈ, ਇਸ ਫ਼ਿਲਮ ਨੂੰ ਕੈਨੇਡਾ ਵਿਖੇ ਸ਼ੂਟ ਕੀਤਾ ਜਾਵੇਗਾ।

Reported by: PTC Punjabi Desk | Edited by: Pushp Raj  |  May 07th 2023 07:00 AM |  Updated: May 07th 2023 07:00 AM

ਰਾਣਾ ਰਣਬੀਰ ਜਲਦ ਲੈ ਕੇ ਆ ਰਹੇ ਨੇ ਆਪਣੀ ਨਵੀਂ ਫ਼ਿਲਮ 'ਮਨਸੂਬਾ', ਜਾਣੋ ਕਿੱਥੇ ਹੋਵੇਗੀ ਫ਼ਿਲਮ ਦੀ ਸ਼ੂਟਿੰਗ

Rana Ranbir new movie 'Mansuba': ਪੰਜਾਬੀ ਫ਼ਿਲਮ ਜਗਤ ਤੇ ਸਾਹਿਤ ਖੇਤਰ 'ਚ ਵਿਸ਼ੇਸ਼ ਸ਼ਖ਼ਸੀਅਤ ਵਜੋਂ ਮਾਣਮੱਤਾ ਨਾਂ ਕਾਇਮ ਕਰ ਚੁੱਕੇ ਰਾਣਾ ਰਣਬੀਰ ਜਲਦ ਹੀ ਮੁੜ ਆਪਣੀ ਨਵੀਂ ਫ਼ਿਲਮ ਮਨਸੂਬਾ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣਗੇ। ਰਾਣਾ ਰਣਬੀਰ  ਜਲਦ ਹੀ ਆਪਣੀ ਨਵੀਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਪੰਜਾਬੀ ਫ਼ਿਲਮ ‘ਮਨਸੂਬਾ’ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦੀ ਸ਼ੂਟਿੰਗ ਅੱਜ ਤੋਂ ਕੈਨੇਡਾ ਬ੍ਰਿਟਿਸ਼ ਕੰਲੋਬੀਆਂ ਖੇਤਰ 'ਚ ਸ਼ੁਰੂ ਕੀਤੀ ਜਾ ਰਹੀ ਹੈ।

ਪਿਛਲੇ ਸਮੇਂ ਵਿਚ ਆਈ ਗਿੱਪੀ ਗਰੇਵਾਲ ਸਟਾਰਰ ‘ਸਨੋਅ ਮੈਨ’ ਤੋਂ ਇਲਾਵਾ ‘ਪੋਸਤੀ’ ਅਤੇ ‘ਆਸੀਸ’ ਜਿਹੀਆਂ ਕਈ ਅਰਥ ਭਰਪੂਰ ਅਤੇ ਨਿਵੇਕਲੇ ਵਿਸ਼ੇ ਆਧਾਰਿਤ ਫਿਲਮਾਂ ਦਾ ਨਿਰਦੇਸ਼ਨ ਰਾਣਾ ਰਣਬੀਰ ਕਰ ਚੁੱਕੇ ਹਨ। ਜਿੰਨ੍ਹਾਂ ਦੀ ਇਹ ਨਵੀਂ ਫਿਲਮ ਵੀ ਅਲੱਗ ਕਹਾਣੀਸਾਰ ਅਧੀਨ ਬਣਾਈ ਜਾਵੇਗੀ ਅਤੇ ਇਸ ਵਿਚ ਪੰਜਾਬੀ ਸਿਨੇਮਾ ਦੇ ਕਈ ਮੰਨੇ ਪ੍ਰਮੰਨੇ ਚਿਹਰੇ ਮਹੱਤਵਪੂਰਨ ਭੂਮਿਕਾਵਾਂ 'ਚ ਨਜ਼ਰ ਆਉਣਗੇ।

ਰੰਗਮੰਚ ਜਗਤ ਤੋਂ ਆਪਣੇ ਅਭਿਨੈ ਸਫ਼ਰ ਦਾ ਆਗਾਜ਼ ਕਰਨ ਵਾਲੇ ਪ੍ਰਤਿਭਾਵਾਨ ਐਕਟਰ-ਲੇਖਕ-ਨਿਰਦੇਸ਼ਕ ਰਾਣਾ ਰਣਬੀਰ ਆਪਣੇ ਹੁਣ ਤੱਕ ਦੇ ਕਰੀਅਰ ਦੌਰਾਨ ਐਕਟਰ ਦੇ ਤੌਰ 'ਤੇ ਅਥਾਹ ਪੰਜਾਬੀ ਫਿਲਮਾਂ ਨੂੰ ਬੇਹਤਰੀਨ ਰੂਪ ਦੇਣ ਵਿਚ ਅਹਿਮ ਯੋਗਦਾਨ ਨਿਭਾ ਚੁੱਕੇ ਹਨ, ਜਿੰਨ੍ਹਾਂ ਦੀਆਂ ਚਰਚਿਤ ਅਤੇ ਕਾਮਯਾਬ ਰਹੀਆਂ ਫਿਲਮਾਂ ਵਿਚ ‘ਜੱਟ ਐਂਡ ਜੂਲੀਅਟ’, ‘ਮੇਰਾ ਪਿੰਡ’, ‘ਮਿੱਟੀ ਵਾਜਾਂ ਮਾਰਦੀ’, ‘ਦਿਲ ਆਪਣਾ ਪੰਜਾਬੀ’, ‘ਚੰਨਾ ਸੱਚੀ ਮੁੱਚੀ’, ਜਵਾਨਾਂ”, ‘ਅਰਦਾਸ’ ਆਦਿ ਸ਼ਾਮਿਲ ਰਹੀਆਂ ਹਨ।

ਪੰਜਾਬੀ ਸਿਨੇਮਾ ਦੇ ਨਿਰਦੇਸ਼ਕ ਮਨਮੋਹਨ ਸਿੰਘ ਦੀ ਫਿਲਮ ‘ਮੁੰਡੇ ਯੂ.ਕੇ ਦੇ’ ਨਾਲ ਆਪਣੇ ਲੇਖਨ ਪੈਂਡੇ ਦੀ ਸ਼ੁਰੂਆਤ ਕਰਨ ਵਾਲੇ ਰਾਣਾ ਰਣਬੀਰ ਦੀ ਨਿਰਦੇਸ਼ਿਤ ਕੀਤੀ ਪਲੇਠੀ ਪੰਜਾਬੀ ਫਿਲਮ ‘ਆਸੀਸ’ ਰਹੀ, ਜਿਸ ਨੂੰ ਦੇਸ਼ ਵਿਦੇਸ਼ ਵਿਚ ਦਰਸ਼ਕਾਂ ਅਤੇ ਆਲੋਚਕਾਂ ਦੀ ਖਾਸੀ ਸਰਾਹਣਾ ਮਿਲ ਚੁੱਕੀ ਹੈ।

ਉਕਤ ਨਵੇਂ ਪ੍ਰੋਜੈਕਟ ਸੰਬੰਧੀ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਰਾਣਾ ਰਣਬੀਰ ਦੱਸਦੇ ਹਨ ਕਿ ਆਪਣੀਆਂ ਨਿਰਦੇਸ਼ਿਤ ਕੀਤੀਆਂ ਜਾ ਚੁੱਕੀਆਂ ਫਿਲਮਾਂ ਤੋਂ ਬਾਅਦ ਜਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਜੁੜੇ ਵੱਖਰੇ ਅਤੇ ਪ੍ਰੇਰਨਾਦਾਇਕ ਵਿਸ਼ੇ 'ਤੇ ਇਕ ਫਿਲਮ ਬਣਾਉਣ ਦਾ ਖ਼ਵਾਹਿਸ਼ਮੰਦ ਸੀ, ਜਿਸ ਦੀ ਸਕਰਿਪਟ ਦੋ ਸਾਲਾਂ ਦੀ ਲੰਮੇਰੀ ਮਿਹਨਤ ਬਾਅਦ ਹੁਣ ਜਾ ਕੇ ਆਪਣੇ ਅੰਤਿਮ ਰੂਪ ਵਿਚ ਪੁੱਜੀ ਹੈ।

ਹੋਰ ਪੜ੍ਹੋ: ਮਸ਼ਹੂਰ ਯੂਟਿਊਬਰ ਅਗਸਤਿਆ ਚੌਹਾਨ ਦੀ ਸੜਕ ਹਾਦਸੇ 'ਚ ਹੋਈ ਮੌਤ, ਜਿਸ ਬਾਈਕ ਨਾਲ ਬਣਾਈ ਸੀ ਪਹਿਚਾਣ, ਉਹੀ ਬਣੀ ਕਾਲ

ਰਾਣਾ ਰਣਬੀਰ ਨੇ ਦੱਸਿਆ ਕਿ ਹਰ ਵਰਗ ਅਤੇ ਇਨਸਾਨ ਨੂੰ ਉਨ੍ਹਾਂ ਦੀ ਆਪਣੀ ਜਿੰਦਗੀ ਨਾਲ ਜੁੜੇ ਹੋਣ ਦਾ ਅਹਿਸਾਸ ਕਰਵਾਉਣ ਵਾਲੀ ਇਸ ਫਿਲਮ ਦੇ ਵਜੂਦ ਨੂੰ ਨੇਪਰ੍ਹੇ ਚਾੜ੍ਹਨ ਅਤੇ ਇਸ ਨੂੰ ਚਾਰ ਚੰਨ ਲਾਉਣ ਵਿਚ ਰਾਜਵੀਰ ਬੋਪਾਰਾਏ, ਮਨਜੋਤ ਢਿੱਲੋਂ, ਸੋਹੀ ਸਰਦਾਰ, ਮਲਕੀਤ ਰੌਣੀ ਅਤੇ ਇਸ ਖੇਤਰ ਨਾਲ ਜੁੜੀਆਂ ਹੋਰ ਕਈ ਸ਼ਾਨਦਾਰ ਸ਼ਖ਼ਸੀਅਤਾਂ ਅਹਿਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਦੱਸਿਆ ਕਿ 5 ਮਈ ਤੋਂ ਆਗਾਜ਼ ਵੱਲ ਵੱਧ ਰਹੀ ਇਸ ਫਿਲਮ ਦੀ ਜਿਆਦਾਤਰ ਸ਼ੂਟਿੰਗ ਕੈਨੇਡਾ ਦੇ ਬੀ.ਸੀ ਇਲਾਕੇ ਦੀਆਂ ਮਨਮੋਹਕ ਲੋਕੇਸ਼ਨਜ਼ 'ਤੇ ਪੂਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੁਝ ਹਿੱਸਾ ਪੰਜਾਬ ਵਿਖੇ ਵੀ ਫ਼ਿਲਮਾਇਆ ਜਾਵੇਗਾ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network