ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਹੜ੍ਹ ਦਾ ਸਾਹਮਣਾ ਕਰ ਰਹੇ ਪੰਜਾਬੀਆਂ ਲਈ ਗਾਇਆ ਖ਼ਾਸ ਗੀਤ, ਕਿਹਾ -'ਓ ਰੱਬ ਦੀਆਂ ਕਰੀਆਂ ਦੇ ਭਾਣੇ ਮੰਨਦੇ ਤਾਂ ਹੀ ਸਦਾ ਚੜ੍ਹਦੀ ਕਲਾ 'ਚ ਰਹਿਨੇ ਆ'
ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਗਾਇਕ ਰੇਸ਼ਮ ਸਿੰਘ ਅਨਮੋਲ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਗਾਇਕ ਨੂੰ ਅਕਸਰ ਸਮਾਜ ਸੇਵਾ ਕਰਦੇ ਹੋਏ ਸਮਾਜਿਕ ਤੇ ਕਿਸਾਨਾਂ ਦੇ ਹੱਕਾਂ ਬਾਰੇ ਗੱਲ ਕਰਦੇ ਹੋਏ ਵੇਖਿਆ ਗਿਆ ਹੈ।
ਹਾਲ ਹੀ ਵਿੱਚ ਰੇਸ਼ਮ ਸਿੰਘ ਅਨਮੋਲ ਬੇਹੱਦ ਖ਼ਾਸ ਅੰਦਾਜ਼ 'ਚ ਹੜ੍ਹ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਲੋਕਾਂ ਦੀ ਹੌਸਲਾਅਫਜ਼ਾਈ ਕਰਦੇ ਨਜ਼ਰ ਆਏ। ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਹ ਹੜ੍ਹ ਵਰਗੇ ਮੁਸ਼ਕਲ ਹਲਾਤਾਂ 'ਚ ਰਹਿ ਰਹੇ ਪੰਜਾਬੀ ਲੋਕਾਂ ਤੇ ਹੜ੍ਹ ਪ੍ਰਭਾਵਿਤ ਕਿਸਾਨਾਂ ਦਾ ਹੌਸਲਾ ਵਧਾਉਂਦੇ ਹੋਏ ਤੇ ਸਿਫਤਾਂ ਕਰਦੇ ਨਜ਼ਰ ਆ ਰਹੇ ਹਨ।
ਇਸ ਵੀਡੀਓ ਨੂੰ ਪੋਸਟ ਕਰਦਿਆਂ ਗਾਇਕ ਨੇ ਪੰਜਾਬੀਆਂ ਦੇ ਨਾਂਅ ਖ਼ਾਸ ਸੁਨੇਹਾ ਵੀ ਲਿਖਿਆ ਹੈ। ਗਾਇਕ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਓ ਰੱਬ ਦੀਆਂ ਕਰੀਆਂ ਦੇ ਭਾਣੇ ਮੰਨਦੇ ਤਾਂ ਹੀ ਸਦਾ ਚੜ੍ਹਦੀ ਕਲਾ 'ਚ ਰਹਿਨੇ ਆ। ਚੜ੍ਹਦੀਕਲਾ ❤️😇 '
ਗਾਇਕ ਨੇ ਹੋਰਨਾਂ ਪੰਜਾਬੀ ਕਲਾਕਾਰਾਂ ਤੇ ਲੋਕਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਫੈਨਜ਼ ਗਾਇਕ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ। ਇਸ ਦੇ ਨਾਲ ਹੀ ਫੈਨਜ਼ ਖਾਲਸਾ ਏਡ ਟੀਮ ਦੇ ਮੈਂਬਰਾਂ ਦੀ ਵੀ ਤਰੀਫ ਕਰ ਰਹੇ ਹਨ ਜੋ ਕਿ ਲੋੜ ਪੈਣ 'ਤੇ ਹਮੇਸ਼ਾ ਲੋਕਾਂ ਦੀ ਮਦਦ ਲਈ ਅੱਗੇ ਆ ਕੇ ਕੰਮ ਕਰਦੇ ਹਨ।
ਦੱਸ ਦਈਏ ਕਿ ਬੀਤੇ ਦਿਨੀਂ ਹੜ੍ਹ ਕਾਰਨ ਪੰਜਾਬ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਹਨ। ਘੱਗਰ ਦਰੀਆ ,ਬਿਆਸ ਤੇ ਸਤਲੁਜ 'ਚ ਪਾਣੀ ਵੱਧਣ ਕਾਰਨ ਕਈ ਪਿੰਡ ਨੁਕਸਾਨੇ ਗਏ ਹਨ। ਇਸ ਵਿਚਾਲੇ ਪੰਜਾਬੀ ਗਾਇਕ ਤੇ ਕਲਾਕਾਰ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਇਨ੍ਹਾਂ 'ਚ ਅਦਾਕਾਰ ਗੈਵੀ ਚਾਹਲ, ਗਾਇਕ ਰੇਸ਼ਮ ਸਿੰਘ ਅਨਮੋਲ ਤੇ ਰਵਨੀਤ ਸਿੰਘ ਦੇ ਨਾਂਅ ਸ਼ਾਮਿਲ ਹਨ, ਜੋ ਕਿ ਖਾਲਸਾ ਏਡ ਦੀ ਟੀਮ ਨਾਲ ਮਿਲ ਕੇ ਲੋੜਵੰਦਾਂ ਤੱਕ ਰਾਹਤ ਸਮੱਗਰੀ ਪਹੁੰਚਾ ਰਹੇ ਹਨ।
- PTC PUNJABI