Inderjit Nikku and Baba Dherendra Shastri : ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਬੀਤੇ ਦਿਨੀਂ ਗਾਇਕ ਵੱਲੋਂ ਬਾਬਾ ਬਾਗੇਸ਼ਵਰ ਧਾਮ ਪਹੁੰਚਣ 'ਤੇ ਉਹ ਵਿਵਾਦਾਂ 'ਚ ਘਿਰ ਗਏ ਸੀ। ਹਾਲ ਹੀ 'ਚ ਗਾਇਕ ਨੂੰ ਲੈ ਕੇ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਗਾਇਕ ਇੰਦਰਜੀਤ ਨਿੱਕੂ , ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸਤਰੀ ਦੇ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ।
ਦੱਸ ਦਈਏ ਕਿ ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸਤਰੀ ਸ਼ਨੀਵਾਰ ਨੂੰ ਅੰਮ੍ਰਿਤਸਰ ਪੁੱਜੇ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਧੀਰੇਂਦਰ ਸ਼ਾਸਤਰੀ ਨੇ ਪੀਲੇ ਰੰਗ ਦੀ ਪੱਗ ਬੰਨ੍ਹੀ ਹੋਈ ਸੀ, ਜਿਸ ਨੇ ਹਰ ਕਿਸੇ ਦਾ ਧਿਆਨ ਖਿਚਿਆ।
ਇੱਥੇ ਉਨ੍ਹਾਂ ਨੇ ਗੁਰਘਰ ਨਤਮਸਤਕ ਹੋ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਤੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਮਾਣਿਆ। ਇਸ ਦੌਰਾਨ ਬਾਬਾ ਬਾਗੇਸ਼ਵਰ ਯਾਨੀ ਕਿ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੇ ਨਾਲ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਵੀ ਨਜ਼ਰ ਆਏ। ਇਸ ਦੌਰਾਨ ਬਾਬਾ ਬਾਗੇਸ਼ਵਰ ਸਿਰ 'ਤੇ ਪੱਗ ਬੰਨ ਕੇ ਗੁਰੂ ਘਰ ਪਹੁੰਚੇ, ਜਿਸ ਕਾਰਨ ਲੋਕ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ।
ਬਾਬਾ ਧੀਰੇਂਦਰ ਸ਼ਾਸਤਰੀ ਨੇ ਕਿਹਾ ਕਿ ਮੈਂ ਅੱਜ ਪੱਗ ਬੰਨ੍ਹਦਾ ਹਾਂ, ਇਹ ਪੰਜਾਬ ਦੀ ਰਵਾਇਤ ਹੈ। ਪੰਜਾਬ ਆ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਉਨ੍ਹਾਂ ਕਿਹਾ ਕਿ ਮੈਂ ਖ਼ੁਦ ਨੂੰ ਬੇਹੱਦ ਕਿਸਮਤ ਵਾਲਾ ਮੰਨਦਾ ਹਾਂ ਕਿ ਮੈਨੂੰ ਗੁਰੂ ਘਰ ਹਾਜ਼ਰੀ ਲਾਉਣ ਦਾ ਮੌਕਾ ਮਿਲਿਆ। ਦੱਸਣਯੋਗ ਹੈ ਕਿ ਬਾਬਾ ਧੀਰੇਂਦਰ ਸ਼ਾਸਤਰੀ 21 ਤੋਂ 23 ਅਕਤੂਬਰ ਤੱਕ ਪਠਾਨਕੋਟ ਵਿੱਚ ਹੋਣ ਵਾਲੇ ਇੱਕ ਇਕੱਠ ਵਿੱਚ ਸ਼ਿਰਕਤ ਕਰਨ ਪਹੁੰਚੇ ਹਨ।
- PTC PUNJABI