ਪੰਜਾਬੀ ਗਾਇਕ K.S ਮੱਖਣ ਦੀਆਂ ਵਧੀਆਂ ਮੁਸ਼ਕਲਾਂ, ਆਪਣੇ ਗੀਤ 'ਜ਼ਮੀਨ ਦਾ ਰੌਲਾ' ਨੂੰ ਲੈ ਕੇ ਵਿਵਾਦਾਂ 'ਚ ਘਿਰੇ ਗਾਇਕ
Punjabi Singer KS Makkhan : ਮਸ਼ਹੂਰ ਪੰਜਾਬੀ ਗਾਇਕ ਕੇ ਐਸ ਮੱਖਣ (KS Makkhan) ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਵਿਵਾਦਾਂ 'ਚ ਘਿਰੇ ਰਹਿੰਦੇ ਹਨ। ਹਾਲ ਹੀ 'ਚ ਗਾਇਕ ਕੇ ਐਸ ਮੱਖਣ ਨੂੰ ਲੈ ਕੇ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ। ਗਾਇਕ ਮੁੜ ਆਪਣੇ ਇੱਕ ਗੀਤ ਨੂੰ ਲੈ ਕੇ ਵਿਵਾਦਾਂ 'ਚ ਘਿਰ ਗਏ ਹਨ ਤੇ ਉਨ੍ਹਾਂ ਦੇ ਖਿਲਾਫ ਪੁਲਿਸ ਨੇ ਸ਼ਿਕਾਇਤ ਦਰਜ ਕਰ ਲਈ ਹੈ। ਮੀਡੀਆ ਰਿਪੋਰਸਟ ਦੇ ਮੁਤਾਬਕ ਪੰਜਾਬੀ ਗਾਇਕ ਕੇ ਐਸ ਮੱਖਣ ਯਾਨੀ ਕਿ ਕੁਲਦੀਪ ਸਿੰਘ ਤੱਖਣ ਆਪਣੇ ਗੀਤ 'ਜ਼ਮੀਨ ਦਾ ਰੌਲਾ' ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ।
ਪੰਡਿਤ ਰਾਓ ਧਰਨੇਵਰ ਨਾਂਅ ਦੇ ਵਿਅਕਤੀ ਨੇ ਗਾਇਕ ਦੇ ਖਿਲਾਫ ਬਠਿੰਡਾ ਦੇ ਐਸਐਸਪੀ ਅਤੇ ਡੀਸੀ ਨੂੰ ਨਵੇਂ ਗੀਤ ਜ਼ਮੀਨ ਦਾ ਰੌਲਾ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਕਰਤਾ ਦੇ ਮੁਤਾਬਕ ਗਾਇਕ ਕੇ ਐਸ ਮੱਖਣ ਤੇ ਉਨ੍ਹਾਂ ਦੇ ਸਾਥੀ ਸੱਤੀ ਲੋਹਾ ਖੇੜਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਸ਼ਿਕਾਇਤ ਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਕੇ ਐਸ ਮੱਖਣ ਦੇ ਨਵੇਂ ਗੀਤ ਜ਼ਮੀਨ ਦਾ ਰੌਲਾ ਵਿੱਚ ਹਥਿਆਰਾਂ ਨੂੰ ਪ੍ਰਮੋਟ ਕੀਤਾ ਗਿਆ ਹੈ। ਇਹ ਗੀਤ ਅਜੇ ਰਿਲੀਜ਼ ਨਹੀਂ ਹੋਇਆ ਹੈ, ਪਰ ਇਸ ਦੇ ਰਿਲੀਜ਼ ਹੋਣ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਪੁਲਿਸ ਵੱਲੋਂ ਇਸ ਮਾਮਲੇ 'ਤੇ ਅਗਲੀ ਕਾਰਵਾਈ ਜਾਰੀ ਹੈ।
ਦੱਸ ਦੇਈਏ ਕਿ ਕੇਐਸ ਮੱਖਣ ਦੇ ਇਸ ਗੀਤ ਦੀ ਸ਼ੂਟਿੰਗ ਦੀਆਂ ਕੁਝ ਝਲਕੀਆਂ ਪਹਿਲਾਂ ਹੀ ਵਾਇਰਲ ਹੋ ਚੁੱਕੀਆਂ ਹਨ। ਜਿਸ 'ਚ ਕੁਝ ਨੌਜਵਾਨ ਹਥਿਆਰਾਂ ਨਾਲ ਖੜ੍ਹੇ ਦਿਖਾਈ ਦਿੱਤੇ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਗੀਤ 'ਚੋਂ ਹਥਿਆਰਾਂ ਵਾਲੇ ਸੀਨ ਨੂੰ ਕਦੋਂ ਤੱਕ ਹਟਾਇਆ ਜਾਵੇਗਾ। ਗਾਇਕ ਕੇਐਸ ਮੱਖਣ ਨੇ ਚਾਰ ਸਾਲ ਪਹਿਲਾਂ ਵਨ ਨੇਸ਼ਨ ਵਨ ਲੈਂਗੂਏਜ਼ ਵਿਵਾਦ ਤੋਂ ਬਾਅਦ ਆਪਣੇ ਆਪ ਨੂੰ ਧਾਰਮਿਕ ਵਿਸ਼ਵਾਸਾਂ ਤੋਂ ਮੁਕਤ ਕਰਨਾ ਉਚਿਤ ਸਮਝਿਆ ਸੀ। 2014 ਵਿੱਚ ਲੋਕ ਸਭਾ ਚੋਣ ਲੜ ਚੁੱਕੇ ਗਾਇਕ ਮੱਖਣ ਨੇ ਹਾਲ ਹੀ ਵਿੱਚ ਦੇਸ਼ ਦੇ ਤਤਕਾਲੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇੱਕ ਦੇਸ਼, ਇੱਕ ਭਾਸ਼ਾ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਗਾਇਕ ਗੁਰਦਾਸ ਮਾਨ ਦਾ ਸਮਰਥਨ ਕੀਤਾ ਸੀ।
ਫੇਸਬੁੱਕ 'ਤੇ ਲਾਈਵ ਹੋ ਕੇ ਮੱਖਣ ਨੇ ਕਿਹਾ ਸੀ ਕਿ ਕੁਝ ਲੋਕ ਉਨ੍ਹਾਂ ਦੇ ਨਾਂ ਨਾਲ ਧਾਰਮਿਕ ਵਿਵਾਦ ਜੋੜ ਰਹੇ ਹਨ, ਪਰ ਉਹ ਕੋਈ ਵਿਵਾਦ ਨਹੀਂ ਚਾਹੁੰਦੇ। ਚਾਰ ਸਾਲ ਪਹਿਲਾਂ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੋ ਕੇ ਮੱਖਣ ਨੇ ਗੁਰਦੁਆਰੇ ਜਾ ਕੇ ਸਿੱਖੀ ਦੀਆਂ ਨਿਸ਼ਾਨੀਆਂ ਗੁਰੂ ਚਰਨਾਂ 'ਚ ਅਰਪਿਤ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਜੇਕਰ ਮੈਂ ਸਿੱਖੀ ਰਾਹੀਂ ਕਿਸੇ ਨੂੰ ਲਾਭ ਨਹੀਂ ਪਹੁੰਚਾ ਸਕਦਾ ਤਾਂ ਮੈਂ ਕਿਸੇ ਨੁਕਸਾਨ ਦੇ ਹੱਕ ਵਿੱਚ ਵੀ ਨਹੀਂ ਹਾਂ। ਕੁਝ ਲੋਕ ਮੇਰੇ ਨਾਂ ਨਾਲ ਧਾਰਮਿਕ ਵਿਵਾਦ ਜੋੜ ਰਹੇ ਹਨ। ਮੇਰਾ ਨਾਂ ਲੈ ਕੇ ਧਰਮ ਦੇ ਨਾਂ 'ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਮੈਂ ਨਹੀਂ ਚਾਹੁੰਦਾ ਕਿ ਉਸ ਕਾਰਨ ਕੋਈ ਧਾਰਮਿਕ ਵਿਵਾਦ ਸ਼ੁਰੂ ਹੋਵੇ, ਇਸੇ ਲਈ ਉਹ ਆਪਣਾ ਸਿੱਖੀ ਸਰੂਪ ਛੱਡ ਰਿਹਾ ਹੈ।
- PTC PUNJABI