ਆਪਣੀ ਪਹਿਲੀ ਪੰਜਾਬੀ ਫ਼ਿਲਮ 'ਲੈਂਬਰਗਿੰਨੀ' ਰਾਹੀਂ ਅਦਾਕਾਰੀ ਦਾ ਹੁਨਰ ਦਿਖਾਉਣ ਲਈ ਤਿਆਰ ਮਾਹਿਰਾ ਸ਼ਰਮਾ
ਕਈ ਪੰਜਾਬੀ ਗਾਣਿਆਂ ਵਿੱਚ ਮਾਡਲਿੰਗ ਕਰਨ ਤੋਂ ਬਾਅਦ ਬਿੱਗ ਬੌਸ ਸੀਜ਼ਨ 13 ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਉਣ ਵਾਲੀ ਮਾਹਿਰਾ ਸ਼ਰਮਾ (Mahira Sharma) ਨੇ ਆਪਣੀ ਇੱਕ ਵੱਖਰੀ ਫੈਨ ਫਾਲੋਇੰਗ ਬਣਾ ਲਈ ਹੈ। ਬਿੱਗ ਬੌਸ ਸੀਜ਼ਨ 13 ਤੋਂ ਬਾਅਦ ਪੂਰੇ ਭਾਰਤ ਵਿੱਚ ਮਾਹਿਰਾ ਸ਼ਰਮਾ ਦੇ ਚਰਚੇ ਸਨ। ਭਾਵੇਂ ਉਹ ਇਸ ਸ਼ੋਅ ਵਿੱਚ ਜੇਤੂ ਨਹੀਂ ਸੀ ਪਰ ਮਾਹਿਰਾ ਸ਼ਰਮਾ ਨੇ ਲੋਕਾਂ ਦਾ ਦਿਲ ਜ਼ਰੂਰ ਜਿੱਤਿਆ। ਹੁਣ ਮਾਹਿਰਾ ਸ਼ਰਮਾ ਬਹੁਤ ਜਲਦ ਪੰਜਾਬੀ ਫ਼ਿਲਮ 'ਲੈਂਬਰਗਿੰਨੀ' ਦੇ ਲੀਡ ਰੋਲ ਵਿੱਚ ਨਜ਼ਰ ਆਵੇਗੀ। ਇਸ ਪੰਜਾਬੀ ਫ਼ਿਲਮ ਦਾ ਟਰੇਲਰ 13 ਮਈ ਨੂੰ ਰਿਲੀਜ਼ ਕੀਤਾ ਗਿਆ ਸੀ ਤੇ ਟਰੇਲਰ ਦੇਖ ਕੇ ਲੱਗ ਰਿਹਾ ਹੈ ਕਿ ਦਰਸ਼ਕਾਂ ਨੂੰ ਮਾਹਿਰਾ ਸ਼ਰਮਾ ਦੀ ਅਦਾਕਾਰੀ ਦੇ ਕਈ ਪੱਖ ਇਸ ਫ਼ਿਲਮ ਵਿੱਚ ਦੇਖਣ ਨੂੰ ਮਿਲਣਗੇ।
ਇਸ ਫ਼ਿਲਮ ਵਿੱਚ ਮਾਹਿਰਾ ਸ਼ਰਮਾ ਦੇ ਨਾਲ ਲੀਡ ਰੋਲ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨਜ਼ਰ ਆਉਣਗੇ। ਟਰੇਲਰ ਦੇਖ ਕੇ ਇੰਨਾ ਹੀ ਪਤਾ ਲੱਗਿਆ ਹੈ ਕਿ ਰਣਜੀਤ ਬਾਵਾ ਦਾ ਕਿਰਦਾਰ ਝੂਠ ਬਹੁਤ ਬੋਲਦਾ ਹੈ ਤੇ ਇਸੇ ਚੱਕਰ ਵਿੱਚ ਉਸ ਦੀ ਮੁਲਾਕਾਤ ਮਾਹਿਰਾ ਸ਼ਰਮਾ ਨਾਲ ਹੁੰਦੀ ਹੈ। ਇਸ ਤੋਂ ਇਲਾਵਾ ਇਸ ਫ਼ਿਲਮ ਵਿੱਚ ਸਰਬਜੀਤ ਚੀਮਾ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਫ਼ਿਲਮ ਰੋਮਾਂਟਿਕ ਕਾਮੇਡੀ ਤੇ ਇਮੋਸ਼ਨ ਦੋਵੇਂ ਪਹਿਲੁਆਂ ਦੇ ਇਰਦ-ਗਿਰਦ ਘੁੰਮਦੀ ਨਜ਼ਰ ਆਉਂਦੀ ਹੈ। ਟਰੇਲਰ ਦੇਖ ਕੇ ਲੱਗਦਾ ਹੈ ਕਿ ਮਾਹਿਰਾ ਸ਼ਰਮਾ ਨੇ ਆਪਣੇ ਇਸ ਰੋਲ ਲਈ ਕਾਫ਼ੀ ਮਿਹਨਤ ਕੀਤੀ ਹੈ।
ਆਨ ਸਕਰੀਨ ਮਾਹਿਰਾ ਸ਼ਰਮਾ ਤੇ ਰਣਜੀਤ ਬਾਵਾ ਦੀ ਕੈਮਿਸਟਰੀ ਦੇਖਣ ਲਈ ਲੋਕ ਕਾਫ਼ੀ ਬੇਸਬਰ ਨਜ਼ਰ ਆ ਰਹੇ ਹਨ। ਮਾਹਿਰਾ ਸ਼ਰਮਾ ਦੀ ਇਹ ਫ਼ਿਲਮ 2 ਜੂਨ ਨੂੰ ਰਿਲੀਜ਼ ਹੋਵੇਗੀ। ਮਾਹਿਰਾ ਸ਼ਰਮਾ ਦੇ ਫੈਨ ਇਸ ਫ਼ਿਲਮ ਨੂੰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਮਾਹਿਰਾ ਸ਼ਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਸਟੋਰੀ ਦੇ ਜ਼ਰੀਏ ਟਰੇਲਰ ਲਾਂਚ ਨੂੰ ਲੈ ਕੇ ਆਪਣਾ ਉਤਸ਼ਾਹ ਵੀ ਜ਼ਾਹਿਰ ਕੀਤਾ ਹੈ। ਇਸ ਤੋਂ ਇਲਾਵਾ ਮਾਹਿਰਾ ਸ਼ਰਮਾ ਓਟੀਟੀ ਉੱਤੇ ਵੀ ਸਾਨੂੰ ਜਲਦੀ ਨਜ਼ਰ ਆਵੇਗੀ। ਮਾਹਿਰਾ ਸ਼ਰਮਾ ਇਸ ਵੇਲੇ ਪੰਕਜ ਤ੍ਰਿਪਾਠੀ ਤੇ ਸ਼ਤਰੂਘਨ ਸਿਨਹਾ ਵਰਗੇ ਮਸ਼ਹੂਰ ਅਦਾਕਾਰਾਂ ਦੇ ਨਾਲ ਇੱਕ ਹਿੰਦੀ ਵੈੱਬ ਸੀਰੀਜ਼ ਵੀ ਕਰ ਰਹੀ ਹੈ। ਇਸ ਵੈੱਬ ਸੀਰੀਜ਼ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
- PTC PUNJABI