ਜਾਣੋ ਦੀਪ ਸਿੱਧੂ ਦੇ ਫ਼ਿਲਮੀ ਕਰੀਅਰ ਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਪੰਜਾਬੀ ਅਦਾਕਾਰ , ਮਾਡਲ , ਵਕੀਲ ਅਤੇ ਸਮਾਜਿਕ ਕਾਰਕੁਨ ਵੱਜੋਂ ਆਪਣੀ ਪਛਾਣ ਕਾਇਮ ਕਰਨ ਵਾਲਾ ਮਰਹੂਮ ਦੀਪ ਸਿੱਧੂ ਕਿਸੇ ਹੋਰ ਪਛਾਣ ਦਾ ਮੁਥਾਜ ਨਹੀਂ ਸੀ। ਉੱਚਾ-ਲੰਮਾ ਕੱਦ-ਕਾਠ ਅਤੇ ਪ੍ਰਭਾਵੀ ਬੋਲਚਾਲ ਵਾਲਾ ਦੀਪ ਸਿੱਧੂ ਬਹੁਤ ਹੀ ਤਰਕ ਨਾਲ ਆਪਣੀ ਗੱਲ ਰੱਖਦਾ ਸੀ। 2 ਅਪ੍ਰੈਲ 1984 ਨੂੰ ਪੰਜਾਬ ਦੇ ਮੁਕਤਸਰ ਜ਼ਿਲ੍ਹਾ ਦੇ ਇੱਕ ਪਿੰਡ ਉਦੇਕਰਨ ਵਿਖੇ ਜਨਮੇ ਸੰਦੀਪ ਸਿੰਘ ਸਿੱਧੂ ਉਰਫ਼ ਦੀਪ ਸਿੱਧੂ (Deep Sidhu) 15 ਫਰਵਰੀ 2022 ਨੂੰ ਇੱਕ ਸੜਕ ਹਾਦਸੇ ਦੌਰਾਨ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।
ਦੀਪ ਸਿੱਧੂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ। ਸੋਹਣੀ ਦਿੱਖ ਦੇ ਮਾਲਕ ਹੋਣ ਕਰਕੇ ਸਿੱਧੂ ਨੇ ਬਤੌਰ ਮਾਡਲ ਕੰਮ ਕਰਨਾ ਸ਼ੁਰੂ ਕੀਤਾ ਪਰ ਮਾਡਲੰਿਗ ਦੇ ਆਪਣੇ ਕਰੀਅਰ ਤੋਂ ਅਸੁੰਤਸ਼ਟ ਸਿੱਧੂ ਨੇ ਵਕਾਲਤ ਕਰਨ ਦਾ ਸੋਚਿਆ। ਦੀਪ ਸਿੱਧੂ ਨੇ ਸਹਾਰਾ ਇੰਡੀਆ ਨਾਲ ਕਾਨੂੰਨੀ ਸਲਾਹਕਾਰ ਵੱਜੋਂ ਅਤੇ ਬਾਲਾਜੀ ਟੈਲੀਫਿਲਮਜ਼ ਦੇ ਨਾਲ ਕਾਨੂੰਨੀ ਮੁੱਖੀ ਵੱਜੋਂ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਕਈ ਸੰਸਥਾਵਾਂ ਨੂੰ ਆਪਣੀਆਂ ਵਕਾਲਤ ਸੇਵਾਵਾਂ ਪ੍ਰਦਾਨ ਕੀਤੀਆਂ।
ਦੀਪ ਸਿੱਧੂ ਨੇ ਸਾਲ 2015 ਵਿੱਚ ਪੰਜਾਬੀ ਫਿਲਮ ‘ਰਮਤਾ ਜੋਗੀ’ ਨਾਲ ਆਪਣੇ ਐਕਟਿੰਗ ਕਰੀਅਰ ਦਾ ਆਗਾਜ਼ ਕੀਤਾ ਅਤੇ ਸਾਲ 2016 ’ਚ ਉਨ੍ਹਾਂ ਨੂੰ ਪੰਜਾਬੀ ਸਿਨੇਮਾ ’ਚ ਸਰਵੋਤਮ ਪੁਰਸ਼ ਡੈਬਿਊ ਲਈ ਪੀਟੀਸੀ ਪੰਜਾਬੀ ਫਿਲਮ ਅਵਾਰਡ ਨਾਲ ਸਨਮਾਨਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਸਿਨੇਮਾ ਨੂੰ ਜੋਰਾ 10 ਨੰਬਰੀਆ (2017), ਰੰਗ ਪੰਜਾਬ (2018), ਸਾਡੇ ਆਲੇ (2018), ਦੇਸੀ (2019) ਅਤੇ ਜੋਰਾ: ਦ ਸੈਕਿੰਡ ਚੈਪਟਰ (2020) ਵਰਗੀਆਂ ਫਿਲਮਾਂ ਦਿੱਤੀਆਂ।
ਸਾਲ 2019 ਦੀਆਂ ਆਮ ਚੋਣਾਂ ਦੌਰਾਨ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਦੇ ਲਈ ਚੋਣ ਪ੍ਰਚਾਰ ਕਰਦਿਆਂ ਰਾਜਨੀਤੀ ਵਿੱਚ ਪੈਰ ਧਰਿਆ ਸੀ।
ਸਤੰਬਰ 2020 ’ਚ ਕਿਸਾਨ ਅੰਦੋਲਨ ਨਾਲ ਜੁੜਨ ਤੋਂ ਬਾਅਦ ਦੀਪ ਸਿੱਧੂ ਸੋਸ਼ਲ ਮੀਡੀਆ ’ਤੇ ਇੱਕ ਚਰਚਿਤ ਚਿਹਰਾ ਬਣ ਗਏ ਸਨ। ਪਰ ਥੋੜ੍ਹੇ ਸਮੇਂ ਬਾਅਦ ਹੀ ਉਨ੍ਹਾਂ ’ਤੇ ਭਾਜਪਾ ਅਤੇ ਆਰਐਸਐਸ ਦਾ ਕਾਰਕੁਨ ਹੋਣ ਦੇ ਇਲਜ਼ਾਮ ਆਇਦ ਹੋਣ ਲੱਗ ਪਏ ਸਨ ਅਤੇ ਕਿਸਾਨ ਜਥੇਬੰਦੀਆਂ ਨੇ ਆਪਣੇ ਆਪ ਨੂੰ ਉਨ੍ਹਾਂ ਤੋਂ ਵੱਖ ਕਰ ਲਿਆ ਸੀ। ਜਿਸ ਤੋਂ ਬਾਅਦ ਸਿੱਧੂ ਨੇ ਪੰਜਾਬ-ਹਰਿਆਣਾ ਸਰਹੱਦ ’ਤੇ ਪੈਂਦੇ ਸ਼ੰਭੂ ਬਾਰਡਰ ’ਤੇ ਆਪਣੀ ਵੱਖਰੀ ਸਟੇਜ ਲਗਾ ਲਈ ਸੀ। ਉਨ੍ਹਾਂ ਦੀ ਤਰਕ ਭਰਪੂਰ ਗੱਲਬਾਤ ਅਤੇ ਸਵਾਲ ਕਈਆਂ ਨੂੰ ਰੜਕ ਰਹੇ ਸਨ ।
26 ਜਨਵਰੀ 2021 ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਸਿੱਧੂ ਖੂਬ ਚਰਚਾ ‘ਚ ਆਏ। ਦਰਅਸਲ ਕਿਸਾਨ ਟਰੈਕਟਰ ਪਰੇਡ ਦੇ ਮਿੱਥੇ ਰੂਟ ਤੋਂ ਵੱਖ ਹੋ ਕੇ ਕੁਝ ਲੋਕ ਲਾਲ ਕਿਲ੍ਹੇ ਵੱਲ ਮੁੜ ਗਏ ਸਨ। ਕੁਝ ਮੁਜ਼ਾਰਾਕਾਰੀਆਂ ਨੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਕੇਸਰੀ ਨਿਸ਼ਾਨ ਅਤੇ ਕਿਸਾਨ ਯੂਨੀਅਨ ਦੇ ਝੰਡੇ ਨੂੰ ਲਾਲ ਕਿਲ੍ਹੇ ਦੀ ਫ਼ਸੀਲ ’ਤੇ ਚੜ੍ਹਾ ਦਿੱਤਾ ਸੀ। ਜਿਸ ਸਮੇਂ ਇਹ ਸਭ ਵਾਪਰਿਆ ਉਸ ਸਮੇਂ ਦੀਪ ਸਿੱਧੂ ਵੀ ਉੱਥੇ ਹੀ ਮੌਜੂਦ ਸਨ ਅਤੇ ਵੀਡੀਓ ਬਣਾ ਰਹੇ ਸਨ।
ਦੀਪ ਸਿੱਧੂ ਨੇ ਲਾਲ ਕਿਲ੍ਹੇ ’ਤੇ ਭੜਕਾਊ ਕਾਰਜ ਕਰਨ ਦੇ ਲੱਗੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ ਹੈ ਅਤੇ ਨਾ ਹੀ ਇਹ ਕੋਈ ਸੋਚੀ ਸਮਝੀ ਸਾਜਿਸ਼ ਸੀ।
26 ਜਨਵਰੀ ਦੀ ਘਟਨਾ ਤੋਂ ਬਾਅਦ ਗਏ ਜੇਲ੍ਹ
ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਤੇ ਜੋ ਕੁਝ ਵੀ ਵਾਪਰਿਆ ਉਸ ਤੋਂ ਬਾਅਦ ਦੀਪ ਸਿੱਧੂ ’ਤੇ ਕਈ ਸਵਾਲ ਚੁੱਕੇ ਜਾਣ ਲੱਗੇ। ਕਿਸਾਨ ਆਗੂ ਵੀ ਉਨ੍ਹਾਂ ਦੇ ਖਿਲਾਫ ਹੋ ਗਏ ਸਨ।ਸਿੱਧੂ ਦੀ ਗ੍ਰਿਫਤਾਰੀ ਲਈ ਦਿੱਲੀ ਪੁਲਿਸ ਨੇ 1 ਲੱਖ ਰੁਪਏ ਦੀ ਇਨਾਮ ਰਾਸ਼ੀ ਦਾ ਵੀ ਐਲਾਨ ਕੀਤਾ ਸੀ। ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲਿਆ ਪਰ ਜਲਦੀ ਹੀ ਉਨ੍ਹਾਂ ਦੀ ਜ਼ਮਾਨਤ ਹੋ ਗਈ ਸੀ। ਜੇਲ੍ਹ ਤੋਂ ਬਾਹਰ ਆ ਕੇ ਵੀ ਉਹ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹੇ।
29 ਸਤੰਬਰ 2021 ਨੂੰ ਦੀਪ ਸਿੱਧੂ ਨੇ ‘ਵਾਰਿਸ ਪੰਜਾਬ ਦੇ’ ਨਾਂ ਦੀ ਇੱਕ ਜਥੇਬੰਦੀ ਦੀ ਸ਼ੁਰੂਆਤ ਕੀਤੀ, ਜਿਸ ਦਾ ਮਕਸਦ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਖੜਣਾ ਅਤੇ ਪੰਜਾਬ ਦੇ ਅਸਲ ਵਿਰਸੇ ਨੂੰ ਵਾਪਸ ਲਿਆਉਣਾ ਸੀ।ਕਿਸੇ ਲਈ ਨਾਇਕ ਅਤੇ ਕਿਸੇ ਲਈ ਖਲਨਾਇਕ ਬਣੇ ਦੀਪ ਸਿੱਧੂ ਦੇ ਅੱਜ ਵੀ ਕਈ ਪ੍ਰਸ਼ੰਸਕ ਹਨ। ਊਣਤਾਈਆਂ ਹਰ ਕਿਸੇ ’ਚ ਹੁੰਦੀਆਂ ਹਨ ਅਤੇ ਹਰ ਕੋਈ ਉਨ੍ਹਾਂ ਤੋਂ ਉੱਪਰ ਨਹੀਂ ਉੱਠ ਸਕਦਾ ਹੈ। ਜੇਕਰ ਲੋਕਾਂ ਦੀ ਜ਼ੁਬਾਨ ‘ਤੇ ਉਸ ਬੰਸ਼ੀਦੇ ਦਾ ਨਾਮ ਅੱਜ ਵੀ ਹੈ ਤਾਂ ਜ਼ਰੂਰ ਉਸ ਨੇ ਕੁਝ ਨਾ ਕੁਝ ਖੱਟਿਆ ਹੀ ਹੋਵੇਗਾ।
-