ਜਾਣੋ ਕੌਣ ਸੀ ਲੋਕ ਨਾਇਕ 'ਜਿਊਣਾ ਮੌੜ', ਜਿਸ ਦੀ ਜ਼ਿੰਦਗੀ ਦੀ ਕਹਾਣੀ 'ਤੇ ਬਣੀ ਹੈ ਐਮੀ ਵਿਰਕ ਤੇ ਦੇਵ ਖਰੌੜ ਦੀ ਫ਼ਿਲਮ 'ਮੌੜ'

ਪੰਜਾਬੀ ਗਾਇਕ ਐਮੀ ਵਿਰਕ ਤੇ ਦੇਵ ਖਰੌੜ ਦੀ ਫ਼ਿਲਮ ਮੌੜ ਵਿਸ਼ਵ ਭਰ ਵਿੱਚ ਰਿਲੀਜ਼ ਹੋ ਚੁੱਕੀ ਹੈ, ਪਰ ਕੀ ਤੁਸੀਂ ਜਾਣਦੇ ਇਹ ਫ਼ਿਲਮ ਲੋਕ ਨਾਇਕ ਜਿਊਣਾ ਮੌੜ ਦੇ ਜ਼ਿੰਦਗੀ 'ਤੇ ਅਧਾਰਿਤ ਹੈ।ਜਿਊਣਾ ਮੌੜ ਨੂੰ ਪੰਜਾਬੀਆਂ ਦਾ ਰੌਬਿਨਹੁੱਡ ਦੱਸਿਆ ਹੈ। ਮਾਨ ਨੇ ਕਿਹਾ ਕਿ ਜਿਊਣਾ ਮੌੜ ਲੋਕਾਂ ਦੀ ਲੁੱਟ ਕਰਨ ਵਾਲਿਆਂ ਲਈ ਡਰ ਅਤੇ ਪੁਲਿਸ ਦੀ ਮੁਖਬਰੀ ਕਰਨ ਵਾਲਿਆਂ ਲਈ ਖ਼ੌਫ਼ ਸੀ। ਗ਼ਰੀਬ ਲੋਕਾਂ ਦੀਆਂ ਲੁੱਟਾਂ ਕਰਨ ਵਾਲੇ ਅਖੌਤੀ ਸ਼ਾਹੂਕਾਰਾਂ ਲਈ ਭਾਵੇਂ ਉਹ ਡਾਕੂ ਸੀ ਪਰ ਆਪ ਲੋਕਾਂ ਲਈ ਮਸੀਹਾ ਸੀ। ਔਰਤ ਦੀ ਰਾਖੀ ਕਰਨਾ ਅਤੇ ਗ਼ਰੀਬ ਦੀ ਮਦਦ ਕਰਨ ਕਰਕੇ ਉਸ ਨੂੰ ਪੰਜਾਬ ਦਾ ਲੋਕ ਨਾਇਕ ਕਿਹਾ ਜਾਂਦਾ ਹੈ।

Reported by: PTC Punjabi Desk | Edited by: Pushp Raj  |  June 09th 2023 06:05 PM |  Updated: June 09th 2023 06:05 PM

ਜਾਣੋ ਕੌਣ ਸੀ ਲੋਕ ਨਾਇਕ 'ਜਿਊਣਾ ਮੌੜ', ਜਿਸ ਦੀ ਜ਼ਿੰਦਗੀ ਦੀ ਕਹਾਣੀ 'ਤੇ ਬਣੀ ਹੈ ਐਮੀ ਵਿਰਕ ਤੇ ਦੇਵ ਖਰੌੜ ਦੀ ਫ਼ਿਲਮ 'ਮੌੜ'

Film Maurh base on Lok Nayak Jeeuna Maurh Life:  ਪੰਜਾਬੀ ਫ਼ਿਲਮ ਇੰਡਸਟਰੀ ਦਿਨੋਂ ਦਿਨ ਤਰੱਕੀ ਕਰ ਰਹੀ ਹੈ। ਹਾਲ ਹੀ 'ਚ ਪੰਜਾਬੀ ਗਾਇਕ ਐਮੀ ਵਿਰਕ ਤੇ ਦੇਵ ਖਰੌੜ ਦੀ ਫ਼ਿਲਮ ਮੌੜ ਵਿਸ਼ਵ ਭਰ ਵਿੱਚ ਰਿਲੀਜ਼ ਹੋ ਚੁੱਕੀ ਹੈ, ਪਰ ਕੀ ਤੁਸੀਂ ਜਾਣਦੇ ਇਹ ਫ਼ਿਲਮ ਲੋਕ ਨਾਇਕ ਜਿਊਣਾ ਮੌੜ ਦੇ ਜ਼ਿੰਦਗੀ 'ਤੇ ਅਧਾਰਿਤ ਹੈ। ਆਓ ਜਾਣਦੇ ਹਾਂ ਕੋਣ ਹੈ ਲੋਕ ਨਾਇਕ ਜਿਊਣਾ ਮੌੜ।

ਪੰਜਾਬ ਦੀ ਧਰਤੀ ਜਿੱਥੇ ਜ਼ਰਖੇਜ਼ ਹੈ ਉੱਥੇ ਇਸ ਧਰਤੀ ਨੇ ਕਈ ਦੇਸ਼ ਭਗਤ, ਪੀਰ ਪੈਗੰਬਰ ਅਤੇ ਲੋਕਾਂ ਦੇ ਦਰਦ ਪਛਾਨਣ ਵਾਲੇ ਵਿਅਕਤੀ ਵੀ ਪੈਦਾ ਕੀਤੇ ਹਨ। ਜਿਸ ਤਰ੍ਹਾਂ ਆਜ਼ਾਦੀ ਦੇ ਪਰਵਾਨੇ ਸਾਰੇ ਦੇਸ਼ ਨਾਲੋਂ ਵੱਧ ਪੰਜਾਬ ਵਿੱਚੋਂ ਪੈਦਾ ਹੋਏ ਦੂਜੇ ਪਾਸੇ ਕੁਝ ਵਿਅਕਤੀ ਆਪਣੀ ਜ਼ਿੰਦਗੀ ਵਿਚ ਲੋਕਾਂ ਲਈ ਉਹ ਕੁਝ ਕਰ ਗਏ ਜਿਸ ਨਾਲ ਲੋਕ ਨਾਇਕ ਬਣ ਕੇ ਲੋਕ ਗਾਥਾਵਾਂ ਅਤੇ ਗੀਤਾਂ ਵਿਚ ਆ ਗਏ। ਮਾਲਵੇ ਦੇ ਪਿੰਡ ਮੌੜਾਂ ਦੇ 19ਵੀਂ ਸਦੀ ਵਿਚ ਲੋਕ ਨਾਇਕ ਬਣ ਕੇ ਉਭਰੇ ਜਿਊਣਾ ਮੌੜ ਬਾਰੇ ਵੀ ਦੰਦ ਕਾਥਾਵਾਂ ਪ੍ਰਚਲਿਤ ਹਨ। ਮਾਲਵਾ ਦੇ ਇਸ ਸਮੇਂ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੌੜਾਂ ਵਿਚ ਜਨਮੇ ਜਿਊਣਾ ਮੌੜ ਬਾਰੇ ਪਿੰਡ ਵਾਸੀ ਉਸ ਦਾ ਨਾਮ ਬੜੇ ਫ਼ਖ਼ਰ ਨਾਲ ਲੈਂਦੇ ਹਨ।

ਪਿੰਡ ਵਾਸੀਆਂ ਵੱਲੋਂ ਅਤੇ ਕੁਝ ਕਿੱਸਾਕਾਰਾਂ ਵੱਲੋਂ ਲਿਖੇ ਅਤੇ ਗਾਏ ਗਏ ਜਿਊਣਾ ਮੌੜ ਦੇ ਪ੍ਰਸੰਗ ਅਨੁਸਾਰ ਜਿਊਣਾ ਮੌੜ ਮਾਤਾ ਪ੍ਰੇਮ ਕੌਰ ਅਤੇ ਪਿਤਾ ਖੜਕ ਸਿੰਘ ਦੇ ਘਰ ਬਿਸ਼ਨਾ, ਕਿਸ਼ਨਾ ਅਤੇ ਬਿਸ਼ਨੀ ਭੈਣ ਦਾ ਸਭ ਤੋਂ ਛੋਟਾ ਭਰਾ ਸੀ। ਉਸ ਸਮੇਂ ਜਿਊਣਾ ਮੌੜ ਦਾ ਪਰਿਵਾਰ ਜੱਟਾਂ ਦੇ ਵਧੀਆ ਘਰਾਣੇ ਵਿੱਚੋਂ ਆਉਂਦਾ ਸੀ। ਮਾਨ ਗੋਟ ਨਾਲ ਸਬੰਧਤ ਜਿਊਣਾ ਮੌੜ ਦਾ ਵੱਡਾ ਭਰਾ ਕਿਸ਼ਨਾ ਵੀ ਘਰੇ ਕੰਮ ਕਾਰ ਕਰਨ ਲਈ ਠੀਕ ਠਾਕ ਹੀ ਸੀ ਜਾਂ ਇੰਝ ਕਹਿ ਲਵੋ ਕਿ ਉਸ ਸਮੇਂ ਖੇਤੀ ਕਰਨ ਵਾਲਿਆਂ ਦੀ ਆਰਥਿਕ ਹਾਲਤ ਪਤਲੀ ਹੀ ਹੁੰਦੀ ਸੀ। ਲੋਕ ਸਰਕਾਰੀ ਟੈਕਸ ਭਰਨਯੋਗੀ ਕਮਾਈ ਵੀ ਨਹੀਂ ਕਰ ਸਕਦੇ ਸਨ।

ਕਿਸ਼ਨੇ ਦੀ ਅਹਿਮਦ ਡੋਗਰ ਨਾਲ ਸਾਂਝ ਕਿਸ਼ਨਾ ਅਤੇ ਜਿਊਣਾ ਮੌੜ ਦੀ ਭੈਣ ਬਿਸ਼ਨੋਂ ਨੇ ਇਕ ਵਾਰ ਪਿੰਡ ਦੇ ਹੀ ਰਈਸ ਵਾਸਦੇਵ ਜਿਸ ਨੂੰ ਕਈ ਵਾਅਦੇਵ ਵੀ ਕਹਿੰਦੇ ਸੀ, ਦੇ ਖੇਤ ’ਚੋਂ ਸਾਗ ਤੋੜ ਲਿਆਈ। ਜਦੋਂ ਵਾਸਦੇਵ ਨੂੰ ਪਤਾ ਲੱਗਾ ਤਾਂ ਉਸ ਨੇ ਜਿਊਣਾ ਮੌੜ ਦੇ ਘਰ ਆ ਕੇ ਉਨ੍ਹਾਂ ਦੀ ਭੈਣ ਨੂੰ ਬੁਰਾ ਭਲਾ ਕਿਹਾ। ਜਦ ਕਿਸ਼ਨੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵਾਸਦੇਵ ਦੇ ਘਰ ਆਪਣੀ ਭੈਣ ਦੀ ਕੀਤੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਗਿਆ। ਉਸ ਦੇ ਘਰ ਲੁੱਟ ਅਤੇ ਕੁੱਟ ਮਾਰ ਕੀਤੀ। ਇਸ ਤੋਂ ਬਾਅਦ ਉਹ ਘਰੋਂ ਚਲਾ ਗਿਆ। ਉਸ ਦੀ ਬਦਮਾਸ਼ੀ ਦੀ ਚਰਚਾ ਇਸ ਕਰਕੇ ਹੋਣ ਲੱਗੀ ਕਿ ਉਸ ਨੇ ਪਿੰਡ ਦੇ ਧਨਾਢ ਵਿਅਕਤੀ ਨੂੰ ਕੁੱਟਿਆ ਅਤੇ ਲੁੱਟਿਆ ਸੀ।

ਪਿੰਡ ਹਰਿਆਊ ਦਾ ਰਹਿਣ ਵਾਲਾ ਅਹਿਮਦ ਡੋਗਰ ਉਸ ਸਮੇਂ ਕਰੀਬ ਇਕ ਦਰਜਨ ਪਿੰਡਾਂ ’ਤੇ ਆਪਣਾ ਰਾਜ ਕਾਇਮ ਕਰ ਕੇ ਬੈਠੇ ਸੀ। ਉਸ ਨੂੰ ਕਿਸ਼ਨੇ ਦੀ ਬਹਾਦਰੀ ਬਾਰੇ ਪਤਾ ਲੱਗਾ ਤਾਂ ਉਸ ਨੂੰ ਆਪਣੇ ਕੋਲ ਸੱਦ ਲਿਆ। ਡੋਗਰ ਵਰਗੇ ਵਿਅਕਤੀਆਂ ਨੂੰ ਲੋਕਾਂ ਉਤੇ ਧੌਂਸ ਕਾਇਮ ਰੱਖਣ ਲਈ ਕਿਸ਼ਨੇ ਵਰਗੇ ਬਦਮਾਸ਼ ਲੋਕਾਂ ਦੀ ਲੋੜ ਸੀ। ਕਿਸ਼ਨਾ ਡੋਗਰ ਨਾਲ ਰਲ ਕੇ ਡਾਕੇ ਮਾਰਨ ਲੱਗ ਪਿਆ। ਇਕ ਦਿਨ ਲੁੱਟ ਦਾ ਮਾਲ ਵੱਡੀ ਮਾਤਰਾ ਵਿਚ ਆਇਆ ਦੇਖ ਕੇ ਡੋਗਰ ਦੇ ਮਨ ਵਿਚ ਲਾਲਚ ਆ ਗਿਆ। ਉਸ ਸਮੇਂ ਕਿਸ਼ਨੇ ਦੇ ਸਿਰ ’ਤੇ ਪੁਲਿਸ ਨੇ 1000 ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਡੋਗਰ ਨੇ ਕਿਸ਼ਨੇ ਨੂੰ ਸ਼ਰਾਬ ਪਿਆ ਕੇ ਘਰੋਂ ਹੀ ਪੁਲਿਸ ਕੋਲ ਗ੍ਰਿਰਫ਼ਤਾਰ ਕਰਵਾ ਦਿੱਤਾ।

ਕੇਸ ਚੱਲਣ ਪਿੱਛੋਂ ਕਿਸ਼ਨੇ ਨੂੰ ਕਾਲੇਪਾਣੀ ਦੀ ਸਜ਼ਾ ਹੋ ਗਈ। ਉਸ ਤੋਂ ਬਾਅਦ ਜਿਊਣਾ ਮੌੜ ਆਪਣੇ ਭਰਾ ਕਿਸ਼ਨੇ ਨੂੰ ਲੱਭਦਾ ਰਿਹਾ। ਪੁਲਿਸ ਦੀ ਰੋਜ਼ ਦੀ ਮਾਰ ਕਾਰਨ ਉਹ ਵੀ ਘਰੋਂ ਨਿਕਲ ਕੇ ਲੁੱਟਾਂ ਖੋਹਾਂ ਕਰਨ ਲੱਗ ਪਿਆ। ਲੋਕ ਨਾਇਕ ਦੀ ਗੱਲ ਉਸ ਸਮੇਂ ਸਿੱਧ ਹੁੰਦੀ ਹੈ ਜਦੋਂ ਉਸ ਨੇ ਅਮੀਰਾਂ ਨੂੰ ਲੁੱਟਿਆ। ਉਹ ਲੁੱਟਿਆ ਹੋਇਆ ਸਾਰਾ ਮਾਲ ਗ਼ਰੀਬਾਂ ਵਿਚ ਵੰਡ ਦਿੰਦਾ ਸੀ। ਲੋਕ ਨਾਇਕ ਦੀ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਉਹ ਔਰਤ ਦੀ ਬਹੁਤ ਇੱਜ਼ਤ ਕਰਦਾ ਸੀ। ਇਕ ਵਾਰ ਉਹ ਕਿਸੇ ਅਮੀਰ ਘਰ ਦੀ ਬਰਾਤ ਲੁੱਟਣ ਚਲਾ ਗਿਆ ਤਾਂ ਉਸ ਬਰਾਤ ਵਿਚ ਦੁਲਹਣ ਬਣ ਕੇ ਆਈ ਸਮਾਣੇ ਦੇ ਖੱਤਰੀਆਂ ਦੀ ਲੜਕੀ ਜਿਸ ਨੂੰ ਵਿਆਹ ਕੇ ਲੌਂਗੋਵਾਲ ਲਿਜਾਇਆ ਜਾ ਰਿਹਾ ਸੀ, ਨੇ ਡਾਕੂਆਂ ਨੂੰ ਮਿਹਣਾ ਮਾਰਦੇ ਹੋਏ ਕਿਹਾ ਕਿ ਜੇਕਰ ਮੇਰੇ ਵੀਰ ਜਿਊਣੇ ਨੂੰ ਪਤਾ ਲੱਗਾ ਤਾਂ ਤੁਹਾਨੂੰ ਜਾਨੋਂ ਮਾਰ ਦੇਵੇਗਾ। ਔਰਤਾਂ ਵਿਚ ਆਪਣਾ ਇੱਜ਼ਤ-ਮਾਣ ਵੇਖ ਤੇ ਜਿਊਣਾ ਲੁੱਟਿਆ ਮਾਲ ਛੱਡ ਗਿਆ ਅਤੇ ਸ਼ਗਨ ਵੀ ਦੇ ਕੇ ਗਿਆ। ਇਸ ਤੋਂ ਬਾਅਦ ਉਹ ਹਰ ਸਾਲ ਲੌਂਗੋਵਾਲ ਤੀਆਂ ਵਾਲੇ ਦਿਨ ਸ਼ਗਨ ਦੇ ਕੇ ਆਉਂਦਾ ਸੀ।

ਕਿਸ਼ਨੇ ਦੀ ਚਿੱਠੀ ਆਈ

ਜਿਊਣਾ ਆਪਣੇ ਸਾਥੀ ਚਤਰਾ, ਅਤਰਾ, ਦੇਵਾ, ਦੁੱਲੀ, ਮਕੰਦੀ, ਪਚਾਦਾ ਅਤੇ ਬਚਨਾ ਸਮੇਤ ਪਿੰਡ ਹੰਸ ਡਾਇਰ ਦੇ ਜੰਗਲਾਂ ਵਿਚ ਲੁਕਿਆ ਬੈਠਾ ਸੀ। ਉਸ ਸਮੇਂ ਕਿਸ਼ਨੇ ਨਾਲ ਕਾਲੇ ਪਾਣੀ ਦੀ ਜੇਲ ਵਿੱਚੋਂ ਸਜ਼ਾ ਕੱਟ ਕੇ ਆਏ ਪਿੰਡ ਫਲੇੜਾ ਦੇ ਥੁੰਮਣ ਸਿੰਘ ਨੇ ਜਿਊਣੇ ਦੇ ਨਾਮ ਲਿਖੀ ਚਿੱਠੀ ਦਿੱਤੀ। ਚਿੱਠੀ ਪੜ੍ਹ ਕੇ ਜਿਊਣੇ ਦਾ ਖੂਨ ਉਬਾਲੇ ਖਾਣ ਲੱਗਾ। ਉਸ ਨੂੰ ਉਸ ਸਮੇਂ ਪਤਾ ਲੱਗਾ ਕਿ ਹਰਿਆਊ ਦੇ ਅਹਿਮਦ ਡੋਗਰ ਨੇ ਧੋਖਾ ਕਰ ਕੇ ਕਿਸ਼ਨੇ ਨੂੰ ਕਾਲੇ ਪਾਣੀ ਪਹੁੰਚਾਇਆ ਹੈ। ਉਸ ਸਮੇਂ ਹੀ ਜਿਊਣੇ ਨੇ ਕਿਸ਼ਨੇ ਨਾਲ ਕੀਤੇ ਧੋਖੇ ਦਾ ਬਦਲਾ ਲੈਣ ਲਈ ਕਸਮ ਖਾਧੀ। ਜਿਊਣਾ ਅਤੇ ਉਸ ਦੇ ਸਾਥੀਆਂ ਨੇ ਪਿੰਡ ਹਰਿਆਊ ਜਾ ਕੇ ਅਹਿਮਦ ਡੋਗਰ ਨੂੰ ਚਿੱਠੀ ਲਿਖੀ ਜਿਸ ਵਿਚ ਉਸ ਵੱਲੋਂ ਕੀਤੀ ਗਦਾਰੀ ਦਾ ਜ਼ਿਕਰ ਕੀਤਾ ਗਿਆ ਸੀ।

ਡੋਗਰ ਜਿਊਣੇ ਤੋਂ ਡਰਦਾ ਘਰੋਂ ਭੱਜਿਆ ਪਰ ਫੇਰ ਵੀ ਦੋਦੇ ਭਾਦੜੇ ਦੇ ਟਿੱਬਿਆਂ ਵਿੱਚ ਜਿਊਣੇ ਨੇ ਉਸ ਨੂੰ ਮਾਰ ਮੁਕਾਇਆ। ਡੋਗਰ ਦੀ ਮੌਤ ਤੋਂ ਬਾਅਦ ਜਿਊਣੇ ਦਾ ਆਪਣੇ ਇਲਾਕੇ ਵਿਚ ਰਹਿਣਾ ਮੁਸ਼ਕਲ ਹੋ ਗਿਆ। ਇਸ ਕਰਕੇ ਉਹ ਭੇਸ ਬਦਲ ਕੇ ਸਾਧੂ ਬਣ ਕੇ ਨੈਣਾ ਦੇਵੀ ਦੇ ਮੰਦਰ ਨੇੜੇ ਪਹਾੜਾਂ ਵਿਚ ਰਹਿਣ ਲੱਗ ਪਿਆ। ਉਸ ਦੇ ਕੁਝ ਸਾਥੀ ਪੁਲਿਸ ਦੇ ਅੜਿੱਕੇ ਆ ਗਏ। ਉਸ ਦੇ ਇਕ ਸਾਥੀ ਵੱਲੋਂ ਮੁਖਬਰੀ ਕਰਨ ’ਤੇ ਪੁਲਿਸ ਨੇ ਨੈਣਾ ਦੇਵੀ ਜਾ ਕੇ ਜਿਊਣੇ ਨੂੰ ਦਬੋਚ ਲਿਆ। ਇਕ ਮਤ ਇਹ ਵੀ ਹੈ ਕਿ ਜਿਊਣਾ ਮੌੜ ਦੀ ਮੌਤ ਨੈਣਾ ਦੇਵੀ ਨਹੀਂ ਹੋਈ। ਉਸ ਨੂੰ 1903 ਵਿਚ ਹਿਸਾਰ (ਹੁਣ ਹਰਿਆਣਾ) ਦੀ ਜੇਲ੍ਹ ਵਿਚ ਫ਼ਾਂਸੀ ਦਿੱਤੀ ਗਈ ਸੀ।

ਡੋਗਰ ਦੀ ਕਬਰ ਦੀ ਰਾਖੀ ਕਰਨ ਵਾਲਾ ਕੋਈ ਨਹੀਂ

ਇਸ ਸਾਰੀ ਕਹਾਣੀ ਵਿਚ ਮਾੜਾ ਕਿਰਦਾਰ ਰਹੇ ਅਹਿਮਦ ਡੋਗਰ ਦੇ ਪਿੰਡ ਜਾ ਕੇ ਵੇਖਿਆ ਗਿਆ ਤਾਂ ਪਤਾ ਲੱਗਾ ਕਿ ਉਸ ਦੀ ਕਬਰ ਖੰਡਰ ਬਣ ਚੁੱਕੀ ਹੈ ਦੂਜੇ ਪਾਸੇ ਜਿੱਥੇ ਉਸ ਦੀ ਘੋੜੀ ਨੂੰ ਦਫਨਾਇਆ ਗਿਆ ਸੀ ਉਹ ਵੀ ਖੰਡਰ ਬਣ ਚੁੱਕੀ ਹੈ। ਪਿੰਡ ਦੇ ਹੀ ਨੌਜਵਾਨ ਸ਼ੌਕਤ ਅਲੀ ਅਤੇ ਜੱਗਾ ਸਿੰਘ ਨਾਲ ਗੱਲਬਾਤ ਹੋਈ ਤਾਂ ਉਸ ਨੇ ਦੱਸਿਆ ਕਿ ਅਹਿਮਦ ਡੋਗਰ ਉਨ੍ਹਾਂ ਦੇ ਪਿੰਡ ਦਾ ਹੀ ਰਹਿਣ ਵਾਲਾ ਸੀ। ਉਸ ਦੀ ਕਬਰ ਦੀ ਹੋਈ ਅਣਦੇਖੀ ਬਾਰੇ ਉਨ੍ਹਾਂ ਕਿਹਾ ਕਿ ਡੋਗਰ ਨੇ ਆਪਣੇ ਦੋਸਤ ਨਾਲ ਗਦਾਰੀ ਕਰ ਕੇ ਸਾਰੇ ਪਿੰਡ ਨੂੰ ਕਲੰਕਿਤ ਕੀਤਾ ਹੈ ਇਸ ਕਰਕੇ ਉਸ ਦੀ ਕਬਰ ਦੀ ਕਦਰ ਕਰਨ ਵਾਲਾ ਕੋਈ ਨਹੀਂ ਹੈ। ਡੋਗਰ ਦਾ ਪਰਿਵਾਰ ਆਜ਼ਾਦੀ ਤੋਂ ਬਾਅਦ ਬਟਵਾਰੇ ਕਾਰਨ ਪਾਕਿਸਤਾਨ ਚਲਾ ਗਿਆ ਅਤੇ ਉਸ ਦੇ ਪਰਿਵਾਰ ਨੇ ਕਦੇ ਪਿੱਛੇ ਕੋਈ ਪਹੁੰਚ ਨਹੀਂ ਕੀਤੀ। ਡੋਗਰ ਦੀ ਹਵੇਲੀ ਜੋ ਕਿ ਹੁਣ ਇਕ ਵੱਡੇ ਘਰ ਦਾ ਰੂਪ ਧਾਰਨ ਕਰ ਚੁੱਕੀ ਹੈ, ਵਿਚ ਰਹਿ ਰਹੇ ਜਸਪਾਲ ਸਿੰਘ ਨੇ ਦੱਸਿਆ ਕਿ ਹੁਣ ਇਸ ਘਰ ਵਿਚ ਡੋਗਰ ਦੀ ਕੋਈ ਨਿਸ਼ਾਨੀ ਨਹੀਂ ਰਹੀ। ਉਸ ਦਾ ਇਹ ਘਰ ਪਹਿਲਾਂ ਛੋਟੀਆਂ ਇੱਟਾਂ ਦੀਆਂ ਚੌੜੀਆਂ ਕੰਧਾਂ ਨਾਲ ਬਣਿਆ ਹੋਇਆ ਸੀ।

ਇਲਾਕੇ ਦੇ ਲੋਕਾਂ ਦੀ ਸ਼ਿਕਾਇਤ ਹੈ ਕਿ ਪੰਜਾਬ ਦੇ ਲੋਕ ਨਾਇਕ ਨੂੰ ਸਮੇਂ ਦੀਆਂ ਸਰਕਾਰਾਂ ਵੱਲੋਂ ਅਣਦੇਖਿਆ ਕੀਤਾ ਗਿਆ ਹੈ। ਜਿੰਨਾ ਬੁਲੰਦ ਜਿਊਣੇ ਦਾ ਨਾਮ ਹੈ, ਉਸ ਦੇ ਕੱਦ ਅਨੁਸਾਰ ਉਸ ਨੂੰ ਯਾਦ ਨਹੀਂ ਕੀਤਾ ਜਾਂਦਾ। ਪਿੰਡ ਵਿਚ ਜਿਊਣੇ ਮੌੜ ਦਾ ਇਕ ਬੁੱਤ ਵੀ ਲੱਗਾ ਹੋਇਆ ਹੈ।

ਹੋਰ ਪੜ੍ਹੋ: Happy Birthday Sonam Kapoor:  ਇੱਕ ਸਫ਼ਲ ਅਭਿਨੇਤਰੀ ਤੋਂ ਫੈਸ਼ਨ ਦੀਵਾ ਤੱਕ ਵੇਖੋ ਸੋਨਮ ਕਪੂਰ ਦੇ ਇਹ ਖੂਬਸੂਰਤ ਲੁੱਕਸ 

ਜਿਊਣਾ ਮੌੜ ਪੰਜਾਬੀਆਂ ਲਈ ਰੌਬਿਨਹੁੱਡ ਸੀ : ਡਾ. ਤੇਜਵੰਤ ਮਾਨ

ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਿੰਡ ਮੌੜਾਂ ਦੇ ਜੰਮਪਲ ਡਾ. ਤੇਜਵੰਤ ਸਿੰਘ ਮਾਨ ਨੇ ਜਿਊਣਾ ਮੌੜ ਨੂੰ ਪੰਜਾਬੀਆਂ ਦਾ ਰੌਬਿਨਹੁੱਡ ਦੱਸਿਆ ਹੈ। ਮਾਨ ਨੇ ਕਿਹਾ ਕਿ ਜਿਊਣਾ ਮੌੜ ਲੋਕਾਂ ਦੀ ਲੁੱਟ ਕਰਨ ਵਾਲਿਆਂ ਲਈ ਡਰ ਅਤੇ ਪੁਲਿਸ ਦੀ ਮੁਖਬਰੀ ਕਰਨ ਵਾਲਿਆਂ ਲਈ ਖ਼ੌਫ਼ ਸੀ। ਗ਼ਰੀਬ ਲੋਕਾਂ ਦੀਆਂ ਲੁੱਟਾਂ ਕਰਨ ਵਾਲੇ ਅਖੌਤੀ ਸ਼ਾਹੂਕਾਰਾਂ ਲਈ ਭਾਵੇਂ ਉਹ ਡਾਕੂ ਸੀ ਪਰ ਆਪ ਲੋਕਾਂ ਲਈ ਮਸੀਹਾ ਸੀ। ਔਰਤ ਦੀ ਰਾਖੀ ਕਰਨਾ ਅਤੇ ਗ਼ਰੀਬ ਦੀ ਮਦਦ ਕਰਨ ਕਰਕੇ ਉਸ ਨੂੰ ਪੰਜਾਬ ਦਾ ਲੋਕ ਨਾਇਕ ਕਿਹਾ ਜਾਂਦਾ ਹੈ।

ਫਰਵਰੀ ਮਹੀਨੇ ਲੱਗਦਾ ਹੈ ਮੇਲਾ

ਸੰਗਰੂਰ ਤੋਂ ਦਿੱਲੀ ਵਾਇਆ ਜੀਂਦ ਹੋ ਕੇ ਜਾਂਦੇ ਨੈਸ਼ਨਲ ਮਾਰਗ ਉੱਤੇ ਦਿੜ੍ਹਬਾ ਨੇੜੇ ਵਸਿਆ ਪਿੰਡ ਮੌੜਾਂ ਵਿਖੇ ਹਰ ਸਾਲ ਲੋਕ ਨਾਇਕ ਜਿਊਣਾ ਮੌੜ ਦੀ ਯਾਦ ਵਿਚ ਪਿੰਡ ਵਾਸੀਆਂ ਵੱਲੋਂ ਮੇਲਾ ਲਾਇਆ ਜਾਂਦਾ ਹੈ ਜੋ ਕਿ ਤਿੰਨ ਦਿਨ ਚੱਲਦਾ ਹੈ। ਇਸ ਮੇਲੇ ਵਿਚ ਢਾਡੀ, ਕਵੀਸ਼ਰ, ਗਾਇਕ ਅਤੇ ਹੋਰ ਲੋਕ ਵੰਨਗੀਆਂ ਪੇਸ਼ ਕਰਨ ਵਾਲੇ ਕਲਾਕਾਰ ਆਉਂਦੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network