Hola Mohalla 2024: ਕਿਉਂ ਮਨਾਇਆ ਜਾਂਦਾ ਹੈ ਹੋਲਾ ਮਹੱਲਾ ? ਕਿਸ ਨੇ ਕੀਤੀ ਸੀ ਸ਼ੁਰੂਆਤ? ਜਾਣੋ ਪੂਰਾ ਇਤਿਹਾਸ
Hola Mohalla 2024:ਸਿੱਖ ਧਰਮ ਵਿੱਚ ਹੋਲੇ ਮਹੱਲੇ ਦਾ ਬਹੁਤ ਮਹੱਤਵ ਹੈ,, ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਂਦੇ ਹੋਲ ਮਹੱਲੇ ਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਸੀ,, ਹੋਲੇ ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਦੇਸ਼ ਵਿਦੇਸ਼ ਤੋਂ ਪਹੁੰਚਦੀ ਹੈ। ਤਿੰਨ ਦਿਨਾਂ ਦੇ ਇਸ ਉੱਤਸਵ ਦੌਰਾਨ ਕਈ ਤਰ੍ਹਾਂ ਦੇ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ।
ਹੋਲੀ ਦੇ ਮੌਕੇ 'ਤੇ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੋਲਾ ਮਹੱਲਾ (Hola Mohalla) ਹਰ ਸਾਲ ਗੁਰੂਦਵਾਰਾ ਸ਼੍ਰੀ ਕੇਸਗੜ੍ਹ ਸਾਹਿਬ ਵਿੱਖੇ ਮਨਾਇਆ ਜਾਂਦਾ ਹੈ। ਹੋਲਾ ਮਹੱਲਾ ਦੀ ਸ਼ੁਰੂਆਤ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1757 (1701 ਈ.) ਨੂੰ ਚੇਤ ਦੀ ਇੱਕ ਤਾਰੀਖ ਨੂੰ ਕੀਤੀ ਸੀ। ਉਸ ਦਿਨ ਤੋਂ ਬਾਅਦ ਹਰ ਸਾਲ ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ।
ਹੋਲਾ ਮਹੱਲੇ ਦੇ ਮੇਲੇ ਮੌਕੇ ਅਨੰਦਪੁਰ ਸਾਹਿਬ ਸਣੇ ਸਮੁੱਚਾ ਇਲਾਕਾ ਖ਼ਾਲਸਾਈ ਰੰਗ ‘ਚ ਰੰਗਿਆ ਨਜ਼ਰ ਆਉਂਦਾ ਹੈ। 1699 ਈ. ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਹਾੜੇ ਸ਼੍ਰੀ ਕੇਸਗੜ੍ਹ ਸਾਹਿਬ ਵਿੱਖੇ ਅੰਮ੍ਰਿਤ ਸੰਚਾਰ ਕਰਕੇ ਖਾਲਸਾ ਪੰਥ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਕਈਂ ਹਿੰਦੁਸਤਾਨੀ ਅਤੇ ਬਾਹਰੀ ਰਾਜੇ ਖਾਲਸਾ ਪੰਥ ਅਤੇ ਗੁਰੂ ਸਾਹਿਬ ਦੇ ਖਿਲਾਫ ਹੋ ਗਏ ।
ਗੁਰੂ ਸਾਹਿਬ ਜੀ ਨੂੰ ਪਤਾ ਸੀ ਕਿ ਹੁਣ ਅਗੇ ਦਾ ਸਫ਼ਰ ਖਾਲਸਾ ਪੰਥ ਲਈ ਸੰਘਰਸ਼ ਦਾ ਦੌਰ ਰਹਿਣ ਵਾਲਾ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਖਾਲਸੇ ਦੀ ਫੌਜ ਨੂੰ ਯੁੱਧ ਦੇ ਲਈ ਤਿਆਰ ਕਰਨ ਦਾ ਫੈਸਲਾ ਲਿਆ। ਇਸ ਲਈ ਗੁਰੂ ਜੀ ਨੇ ਚੇਤ ਮਹੀਨੇ ਦੇ ਉਨ੍ਹਾਂ ਦਿਨਾਂ ਨੂੰ ਚੁਣਿਆ ਜਦੋ ਭਾਰਤ ਵਿਚ ਲੋਕੀ ਹੋਲੀ ਦਾ ਤਿਉਹਾਰ ਮਨਾਉਣ ਵਿੱਚ ਰੁੱਝੇ ਹੋਏ ਸੀ। ਗੁਰੂ ਜੀ ਨੇ ਆਪਣੀ ਪਿਆਰੀ ਫੌਜ ਨੂੰ ਸਸ਼ਤਰ-ਵਿੱਦਿਆ ਤੇ ਯੁੱਧ-ਕਲਾ ਵਿੱਚ ਨਿਪੁੰਨ ਕਰਨ ਲਈ ਦੋ ਦਲ ਬਣਾ ਕੇ, ਉਨ੍ਹਾਂ ਵਿਚ ਮਸਨੂਈ ਲੜਾਈ ਕਰਵਾਈ ਤੇ ਬਹਾਦਰ ਯੋਧਿਆ ਨੂੰ ਸਿਰੋਪੇ ਬਖ਼ਸੇ। ਉਦੋਂ ਤੋਂ ਹਰ ਸਾਲ ਅਨੰਦਪੁਰ ਵਿਚ ਹੋਲਾ ਮਹੱਲਾ ਮਨਾਇਆ ਜਾਣ ਲੱਗਾ।
ਗੁਰੂ ਜੀ ਨੇ ਆਪਣੇ ਖਾਲਸੇ ਨੂੰ ਇਹ ਆਦੇਸ਼ ਦਿੱਤਾ ਕਿ ਕੌਮ ਦੀ ਰੱਖਿਆ ਲਈ ਆਪਣੀ ਕੁਰਬਾਣੀ ਦੇਣ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਸਗੋਂ ਹੋਲਾ ਮਹੱਲਾ ਕਢਦੇ ਹੋਏ ਸਾਰੇ ਮਿਲ ਕੇ ਜੁਰਮ ਦਾ ਖ਼ਤਮ ਕਰਾਂਗੇ । ਗੁਰੂ ਜੀ ਦੀ ਇਸ ਸਿੱਖਿਆ ਤੇ ਚਲਦੇ ਹੋਏ ਉਨ੍ਹਾਂ ਦੇ ਖਾਲਸੇ ਨੇ ਕਈਂ ਵਾਰੀ ਮੈਦਾਨ ਫਤਹਿ ਕੀਤਾ । ਉਨ੍ਹਾਂ ਜੰਗੀ ਜੀਤ ਨੂੰ ਯਾਦ ਕਰਦੇ ਹੋਏ ਹਰ ਸਾਲ ਆਨੰਦਪੁਰ ਸਾਹਿਬ ਵਿੱਖੇ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਇਸ ਸਮਾਗਮ ਦੌਰਾਨ ਨਗਾਰਿਆਂ ਦੀ ਧੁਨੀ ਵਿਚ, ਸੱਜ-ਧੱਜ ਨਾਲ ਗੁਰੂ ਦੀ ਫੌਜ ਇਕ ਗੁਰਧਾਮ ਤੋਂ ਦੂਜੇ ਗੁਰਧਾਮ ਤੱਕ ਹੋਲਾ ਮਹੱਲਾ ਕਢਦੀ ਹੈ। ਇਸ ਵਿੱਚ ਨਿਹੰਗ, ਸਿੰਘ, ਪੁਰਾਤਨ ਫ਼ੌਜੀ ਆਨ ਬਾਨ ਅਤੇ ਸ਼ਾਨ ਨਾਲ ਸ਼ਾਮਲ ਹੁੰਦੇ ਅਤੇ ਸ਼ਸਤਰਾਂ ਦੇ ਦਸਤਕਾਰ ਵਿਖਾਉਂਦੇ ਹਨ।
ਸਿੱਖ ਇਤਿਹਾਸ ਵਿੱਚ ਇਸ ਗੱਲ ਦਾ ਜਿਕਰ ਹੈ ਕਿ ਹੋਲਾ ਮਹੱਲਾ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਆਪ ਇਸ ਮਸਨੂਈ ਲੜਾਈ ਨੂੰ ਵੇਖਦੇ ਅਤੇ ਦੋਵਾਂ ਦਲਾਂ ਨੂੰ ਲੋੜੀਂਦੀ ਸਿੱਖਿਆ ਪ੍ਰਦਾਨ ਕਰਦੇ ਸਨ। ਜਿਹੜਾ ਦਲ ਜੇਤੂ ਹੁੰਦਾ, ਉਨ੍ਹਾਂ ਨੂੰ ਦੀਵਾਨ ਵਿਚ ਸਿਰੋਪਾਓ ਬਖਸ਼ਿਸ਼ ਕਰਦੇ ਸਨ। ਇਸ ਮੇਲੇ ਦੌਰਾਨ ਘੋੜਸਵਾਰੀ ਤੇ ਗਤਕੇਬਾਜ਼ੀ ਦੇ ਜੰਗਜ਼ੂ ਕਰਤੱਬ ਦੇਖਣਯੋਗ ਹੁੰਦੇ ਸਨ। ਇਸ ਮੌਕੇ ਦੀਵਾਨ ਸੱਜਦੇ, ਕਥਾ ਕੀਰਤਨ ਹੁੰਦਾ, ਬੀਰਰਸੀ ਵਾਰਾਂ ਗਾਈਆਂ ਜਾਂਦੀਆਂ ਅਤੇ ਅਨੇਕ ਤਰ੍ਹਾਂ ਦੀਆਂ ਫੌਜੀ ਕਵਾਇਦਾਂ ਹੁੰਦੀਆਂ। ਹਰ ਪਾਸੇ ਚੜ੍ਹਦੀ ਕਲਾ ਦਾ ਮਾਹੌਲ ਬਣਿਆ ਰਹਿੰਦਾ। ਗੁਰੂ ਸਾਹਿਬ ਇਨ੍ਹਾਂ ਸਾਰੀਆਂ ਕਾਰਵਾਈਆਂ ਵਿਚ ਖੁਦ ਸ਼ਾਮਿਲ ਹੁੰਦੇ ਅਤੇ ਸਿੱਖਾਂ ਦਾ ਉਤਸ਼ਾਹ ਵਧਾਉਂਦੇ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਹੋਲਾ ਮਹੱਲਾ ਦੇ ਰੂਪ ਵਿਚ ਮਨਾਏ ਜਾਂਦੇ ਜੰਗਜ਼ੂ ਤਿਉਹਾਰ ‘ਤੇ ਸਿੰਘਾਂ ਦੀਆਂ ਆਪਸ ਵਿਚ ਲੜੀਆਂ ਜਾਂਦੀਆਂ ਅਭਿਆਸ ਰੂਪੀ ਮਸਨੂਈ ਲੜਾਈਆਂ ਨੇ ਭਾਰਤੀ ਲੋਕਾਂ ਦੇ ਮਨੋਬਲ ਨੂੰ ਉੱਚਾ ਕੀਤਾ।
ਗੁਰੂ ਗੋਬਿੰਦ ਸਿੰਘ ਦੁਆਰਾ ਆਨੰਦਪੁਰ ਸਾਹਿਬ ਵਿਚ ਸ਼ੁਰੂ ਕੀਤੀ ਹੋਲਾ ਮੁਹੱਲਾ ਕੱਢਣ ਦੀ ਰੀਤ ਵਰਤਮਾਨ ਸਮੇਂ ਵਿੱਚ ਵੀ ਜਾਰੀ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਲੱਗਣ ਵਾਲੇ ਇਸ ਮੇਲੇ ਵਿੱਚ ਦੂਰ-ਦੂਰ ਤੋਂ ਸੰਗਤਾਂ ਸ਼ਾਮਲ ਹੋਣ ਲਈ ਆਉਂਦੀਆਂ ਹਨ। ਆਨੰਦਪੁਰ ਸਾਹਿਬ ਦੇ ਨਾਲ ਗੁਰੂਦਵਾਰਾ ਸ਼੍ਰੀ ਹਜ਼ੂਰ ਸਾਹਿਬ (ਨਾਦੇੜ) ਵਿਚ ਵੀ ਹੋਲੇ ਮਹੱਲੇ ਦਾ ਆਯੋਜਨ ਕੀਤਾ ਜਾਂਦਾ ਹੈ। ਇੱਥੇ ਹੋਲਾ ਮਹੱਲਾ ਦੇ ਮੌਕੇ ਤੇ ਕਢੇ ਜਾਂਦੇ ਨਗਰ ਕੀਰਤਨ ਦੇ ਅੱਗੇ ਇੱਕ ਸ਼ਿੰਗਾਰਿਆਂ ਹੋਇਆ ਘੋੜਾ ਚੱਲਦਾ ਹੈ ਅਤੇ ਪਿੱਛੇ ਸੰਗਤਾਂ। ਫਿਰ ਕੁਝ ਸੂਰਮੇ ਹਵਾ ਵਿਚ ਫਾਇਰ ਕਰਦੇ ਹਨ, ਜਿਵੇਂ ਕਿਸੇ ਦੁਸ਼ਮਣ ਉੱਪਰ ਹਮਲਾ ਕੀਤਾ ਗਿਆ ਹੋਵੇ। ਘੋੜਾ ਬੜੀ ਤੇਜ਼ੀ ਨਾਲ ਦੌੜਦਾ ਹੈ ਤੇ ਉਸ ਪਿੱਛੇ ਸੰਗਤਾਂ ਦੌੜਦੀਆਂ ਹਨ। ਇਸ ਨੂੰ ਮਹੱਲਾ` ਕਿਹਾ ਜਾਂਦਾ ਹੈ। ਹੋਲੇ ਮਹੱਲੇ ਦਾ ਇਹ ਪ੍ਰੋਗਰਾਮ ਆਨੰਦਪੁਰ ਸਾਹਿਬ ਅਤੇ ਹਜ਼ੂਰ ਸਾਹਿਬ ਤੋਂ ਇਲਾਵਾਂ ਹੋਰ ਕਿਧਰੇ ਵੀ ਨਹੀਂ ਆਯੋਜਿਤ ਨਹੀਂ ਕੀਤਾ ਜਾਂਦਾ।
-