ਜਾਣੋ ਕਿਉਂ ਗੁਰਦਾਸ ਮਾਨ ਨੇ ਹਿੰਦੀ ਭਾਸ਼ਾ ਨੂੰ ਕਿਹਾ ਸੀ ਮਾਸੀ, ਜਿਸ ਬਿਆਨ ਦੇ ਚੱਲਦੇ ਵਿਵਾਦਾਂ 'ਚ ਘਿਰ ਗਏ ਸੀ ਗਾਇਕ

ਅੱਜ ਯਾਨੀ ਕਿ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ ਜਾ ਰਿਹਾ ਹੈ। ਹਿੰਦੀ ਭਾਸ਼ਾ ਹੁਣ ਇੱਕ ਗਲੋਬਲ ਭਾਸ਼ਾ ਵਜੋਂ ਜਾਣੀ ਜਾਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋਏ ਹਿੰਦੀ ਭਾਸ਼ਾ ਲਈ ਦਿੱਤੇ ਇੱਕ ਬਿਆਨ ਦੇ ਚੱਲਦੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ ਆਓ ਜਾਣਦੇ ਹਾਂ ਕਿਉਂ ?

Reported by: PTC Punjabi Desk | Edited by: Pushp Raj  |  September 14th 2023 05:36 PM |  Updated: September 14th 2023 05:36 PM

ਜਾਣੋ ਕਿਉਂ ਗੁਰਦਾਸ ਮਾਨ ਨੇ ਹਿੰਦੀ ਭਾਸ਼ਾ ਨੂੰ ਕਿਹਾ ਸੀ ਮਾਸੀ, ਜਿਸ ਬਿਆਨ ਦੇ ਚੱਲਦੇ ਵਿਵਾਦਾਂ 'ਚ ਘਿਰ ਗਏ ਸੀ ਗਾਇਕ

Gurdas Maan called Hindi Language 'Massi': ਅੱਜ ਯਾਨੀ ਕਿ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ ਜਾ ਰਿਹਾ ਹੈ। ਹਿੰਦੀ ਭਾਸ਼ਾ ਹੁਣ ਇੱਕ ਗਲੋਬਲ ਭਾਸ਼ਾ ਵਜੋਂ ਜਾਣੀ ਜਾਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋਏ ਹਿੰਦੀ ਭਾਸ਼ਾ ਲਈ ਦਿੱਤੇ ਇੱਕ ਬਿਆਨ ਦੇ ਚੱਲਦੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ ਆਓ ਜਾਣਦੇ ਹਾਂ ਕਿਉਂ ? 

ਲੰਬੇ ਸਮੇਂ ਤੋਂ ਆਪਣੇ ਗੀਤਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਸਾਲ 2019 'ਚ ਗੁਰਦਾਸ ਮਾਨ ਨੂੰ 'ਇੱਕ ਨੇਸ਼ਨ ਇੱਕ ਭਾਸ਼ਾ' ਦੀ ਬਹਿਸ ਦੌਰਾਨ ਇਸ ਵਿਚਾਰ ਦਾ ਸਮਰਥਨ ਕਰਕੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ। 

ਗਾਇਕ ਨੇ ਹਿੰਦੀ ਭਾਸ਼ਾ ਨੂੰ ਲੈ ਕੇ ਦਿੱਤਾ ਸੀ ਬਿਆਨ

ਦਰਅਸਲ ਗੁਰਦਾਸ ਮਾਨ ਨੇ ਇੱਕ ਕੈਨੇਡੀਅਨ ਰੇਡੀਓ ਚੈਨਲ 'ਤੇ ਦਿੱਤੇ ਇੰਟਰਵਿਊ ਵਿੱਚ 'ਹਿੰਦੋਸਤਾਨੀ ਬੋਲੀ' ਦੀ ਹਮਾਇਤ ਕੀਤੀ। ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਇਸ ਬਿਆਨ ਦੀ ਨਿੰਦਾ ਕੀਤੀ।

ਦਰਅਸਲ, ਰੇਡੀਓ ਹੋਸਟ ਨੇ ਗੁਰਦਾਸ ਮਾਨ ਤੋਂ ਪੰਜਾਬੀ ਬਨਾਮ ਹਿੰਦੀ ਬੋਲੀ ਸਬੰਧੀ ਸੋਸ਼ਲ ਮੀਡੀਆ 'ਤੇ ਚਲਦੀ ਬਹਿਸ ਬਾਰੇ ਸਵਾਲ ਪੁੱਛਿਆ ਸੀ।

ਗੁਰਦਾਸ ਮਾਨ ਨੂੰ ਪੁੱਛਿਆ ਗਿਆ ਸੀ, “ਇਸ ਵੇਲੇ ਇਹ ਬਹਿਸ ਬਹੁਤ ਚੱਲਦੀ ਹੈ ਕਿ ਪੰਜਾਬੀ ਬੋਲਦੇ ਸਮੇਂ ਇਸ 'ਚ ਹਿੰਦੀ ਦੇ ਸ਼ਬਦ ਕਿਉਂ ਬੋਲ ਦਿੱਤੇ ਜਾਂਦੇ ਹਨ? ਆ ਹੁਣੇ ਪੰਜਾਬ 'ਚ ਪੰਜਾਬੀ ਤੇ ਹਿੰਦੀ ਦੇ ਲੇਖਕਾਂ ਦੀ ਬਹਿਸ ਹੋਈ...ਤੁਸੀਂ ਹਿੰਦੀ ਵਿੱਚ ਵੀ ਗੀਤ ਗਾਏ ਹਨ , ਕਈ ਉਰਦੂ ਦੇ ਸ਼ਬਦ ਵੀ ਇਸਤੇਮਾਲ ਕਰਦੇ ਹੋ, ਪੰਜਾਬੀ ਬੋਲੀ ਦੇ ਬਾਰੇ ਜਦੋਂ ਵੀ ਕੋਈ ਕਲੇਸ਼ ਪੈਂਦਾ ਹੈ ਤਾਂ ਤੁਹਾਨੂੰ ਕਿਵੇਂ ਲੱਗਦਾ ਹੈ?”

ਗੁਰਦਾਸ ਮਾਨ ਦਾ ਜਵਾਬ  

ਜਵਾਬ ਵਿੱਚ ਗੁਰਦਾਸ ਮਾਨ ਨੇ ਕਿਹਾ, “ਇਹ ਵਿਹਲਿਆਂ ਦੇ ਕਲੇਸ਼ ਨੇ, ਜੋ ਵਿਹਲੇ ਨੇ ਉਹ ਵਟਸਐਪ 'ਤੇ ਲੱਗੇ ਹੋਣਗੇ ਜਾਂ ਫੇਸਬੁੱਕ 'ਤੇ... ਨਿੰਦਿਆ-ਚੁਗਲੀ, ਕਦੇ ਕਿਸੇ ਨੂੰ ਫੜ ਲਿਆ, ਕਦੇ ਕਿਸੇ ਨੂੰ। ਜਿਹੜੇ ਕੰਮ ਕਰਨ ਵਾਲੇ ਬੰਦੇ ਨੇ, ਜਿਹੜੇ ਲਗਨ ਨਾਲ ਜੁੜੇ ਹੋਏ ਆ, ਜਿੰਨ੍ਹਾਂ ਦਾ ਮਕਸਦ ਹੀ ਇਹ ਹੈ ਕਿ ਇਸ ਨੂੰ ਹੋਰ ਉੱਚਾ ਚੁੱਕਿਆ ਜਾਵੇ, ਆਪਣੀ ਮਾਂ ਬੋਲੀ ਨੂੰ, ਕਲਚਰ ਨੂੰ...ਉਹ ਆਪਣੇ ਤਰੀਕੇ ਨਾਲ ਲੱਗੇ ਨੇ। ਪਰ ਹੁਣ ਹਰ ਸ਼ਬਦ ਜਿਹੜਾ ਹੈ, ਸਾਡਾ ਸਾਰਿਆਂ ਦਾ ਸਾਂਝਾ ਬਣ ਗਿਆ।”

“ਹੁਣ ਹਿੰਦੀ ਦੀ ਗੱਲ ਚੱਲ ਰਹੀ ਹੈ ਕਿ ਹਿੰਦੀ ਹੋਣੀ ਚਾਹੀਦੀ ਹੈ, ਮੈਂ ਕਹਿਨਾ 'ਹਿੰਦੁਸਤਾਨੀ' ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਉਰਦੂ ਵੀ ਹੋਵੇ, ਪੰਜਾਬੀ ਵੀ ਹੋਵੇ...ਸਾਰੇ ਅੱਖਰ ਜਿਹੜੇ ਸਾਂਝੇ ਨੇ ਉਹ ਸ਼ਾਮਿਲ ਹੋ ਜਾਣ ਤਾਂ ਮੇਰੇ ਹਿਸਾਬ ਨਾਲ ਇਹਦੇ ਵਿੱਚ ਕੋਈ ਬੁਰੀ ਗੱਲ ਨਹੀਂ, ਕਿਉਂਕਿ ਲੋਕ ਹਿੰਦੀ ਫਿਲਮਾਂ ਵੀ ਦੇਖਦੇ ਆ, ਹਿੰਦੀ ਗਾਣੇ ਵੀ ਸੁਣਦੇ ਹਾਂ ਅਸੀਂ ਰੋਜ਼।”

“ਜੇ ਤੁਸੀਂ ਹਿੰਦੀ ਸੁਣ ਸਕਦੇ ਹੋ ਤਾਂ ਹਿੰਦੀ ਪੜ੍ਹ ਵੀ ਸਕਦੇ ਹੋ, ਤੁਸੀਂ ਲਿਖ ਵੀ ਸਕਦੇ ਹੋ। ਤੁਹਾਨੂੰ ਪੜ੍ਹਨੀ ਵੀ ਚਾਹੀਦੀ ਹੈ, ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ...ਪਰ ਪੱਕੀ ਵੇਖ ਕੇ ਕੱਚੀ ਨਹੀਂ ਢਾਹੀਦੀ। ਇਹ ਜ਼ਰੂਰੀ ਹੈ ਕਿ ਇੱਕ ਨੇਸ਼ਨ ਦੀ ਇੱਕ ਜ਼ਬਾਨ ਤਾਂ ਹੋਣੀ ਹੀ ਚਾਹੀਦੀ ਹੈ, ਤਾਂ ਕਿ ਸਾਊਥ ਵਿੱਚ ਜਾ ਕੇ ਵੀ ਬੰਦਾ ਕਹਿ ਸਕੇ ਤੇ ਗੱਲ ਆਪਣੀ ਸਮਝਾ ਸਕੇ, ਜੇ ਉੱਥੇ ਸਮਝ ਨਾ ਆ ਸਕੀ ਤਾਂ ਫਾਇਦਾ ਕੀ ਹੈ ਹਿੰਦੁਸਤਾਨੀ ਹੋਣ ਦਾ।” 

“ਫਰਾਂਸ ਦੀ ਆਪਣੀ ਜ਼ਬਾਨ ਹੈ, ਉਹ ਸਾਰੇ ਬੋਲਦੇ ਨੇ...ਜਰਮਨੀ ਦੀ ਆਪਣੀ ਜ਼ਬਾਨ ਹੈ ਸਾਰਾ ਦੇਸ਼ ਬੋਲਦਾ ਹੈ, ਤੇ ਜੇ ਸਾਡਾ ਦੇਸ਼ ਬੋਲਣ ਲੱਗ ਜਾਊਗਾ ਤਾਂ ਫਿਰ ਕੀ ਹੈ..ਬੋਲਣੀ ਚਾਹੀਦੀ ਵੀ ਹੈ, ਜੇ ਮਾਂ ਬੋਲੀ 'ਤੇ ਅਸੀਂ ਇੰਨਾ ਜ਼ੋਰ ਦੇ ਰਹੇ ਹਾਂ ਤਾਂ ਮਾਸੀ 'ਤੇ ਵੀ ਦੇਣਾ ਚਾਹੀਦਾ ਹੈ, ਮਾਸੀ ਨੂੰ ਵੀ ਬਹੁਤ ਪਿਆਰ ਕਰਦੇ ਹਾਂ।" ਇਸ ਬਿਆਨ ਵਿੱਚ ਗੁਰਦਾਸ ਮਾਨ ਜੀ  ਨੇ ਪੰਜਾਬੀ ਭਾਸ਼ਾ ਨੂੰ ਆਪਣੀ ਮਾਂ ਬੋਲੀ ਤੇ ਹਿੰਦੀ ਭਾਸ਼ਾ ਨੂੰ ਵੀ ਬਰਾਬਰ ਦਾ ਸਨਮਾਨ ਦਿੰਦੀਆਂ ਮਾਸੀ ਸ਼ਬਦ ਨਾਲ ਸੰਬੋਧਤ ਕੀਤਾ ਸੀ। 

ਇੱਕ ਨੇਸ਼ਨ ਇੱਕ ਜ਼ਬਾਨ 'ਤੇ ਜਵਾਬ

ਇਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੌਰਾਨ ਇੱਕ ਪੱਤਰਕਾਰ ਨੇ ਹਿੰਦੀ ਬਾਰੇ ਸਵਾਲ ਪੁੱਛਿਆ , ਸਵਾਲ ਸੀ ਕਿ ਭਾਰਤ ਵਿਚ ਜਿਹੜਾ ਕਿਹਾ ਜਾ ਰਿਹਾ ਹੈ ਕਿ ਹਿੰਦੀ ਨੂੰ ਪ੍ਰਮੋਟ ਕੀਤਾ ਜਾਵੇ, ਤੁਸੀਂ ਮਾਂ ਬੋਲੀ ਦੀ ਸੇਵਾ ਕਰਦੇ ਹੋ, ਪੰਜਾਬੀ ਪੁੱਤ ਹੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ, ਸਾਰਾ ਪੰਜਾਬ ਜਾਣਨਾ ਚਾਹੁੰਦਾ ਹੈ?

"ਮੇਰਾ ਖ਼ਿਆਲ਼ ਹੈ ਕਿ ਇੱਕ ਦੇਸ ਦੀ ਇੱਕ ਭਾਸ਼ਾ ਤਾਂ ਹੋਣੀ ਜ਼ਰੂਰੀ ਹੈ, ਤੁਸੀਂ ਆਪਣੀ ਭਾਸ਼ਾ ਨੂੰ ਹਮੇਸ਼ਾ ਤਰਜੀਹ ਦਿਓ...ਪਿਆਰ ਦਿਓ...ਸਿਖਾਓ..ਉਹ ਜ਼ਰੂਰੀ ਹੈ ਕਿਉਂਕਿ ਉਹ ਮਾਂ ਬੋਲੀ ਹੈ।”

“ਪਰ ਮਾਸੀ ਵੀ ਤਾਂ ਕੋਈ ਚੀਜ਼ ਹੁੰਦੀ ਹੈ..ਬਾਬਾ ਜੀ। ਸੋ ਮਾਂ ਦੇ ਨਾਲ ਮਾਸੀ ਨੂੰ ਵੀ ਪਿਆਰ ਦੇਣਾ ਚਾਹੀਦਾ ਹੈ...ਪਰ ਜਦੋਂ ਅਸੀਂ ਪੂਰੇ ਦੇਸ ਦੀ ਗੱਲ ਕਰਦੇ ਹਾਂ, ਫਿਰ ਭਾਰਤ ਸਾਡੀ ਮਾਂ ਹੈ...ਉਹ ਧਰਤੀ ਹੈ... ਧਰਤੀ ਦੀ ਜਿਹੜੀ ਜ਼ਬਾਨ ਹੈ..ਉਸ ਨੂੰ ਇੱਜ਼ਤ ਦੇਣੀ ਚਾਹੀਦੀ ਹੈ..ਕਿਉਂਕਿ ਇੱਕ ਨੇਸ਼ਨ ਇੱਕ ਜ਼ੁਬਾਨ ਹੋਣੀ ਚਾਹੀਦੀ ਹੈ।"

ਹੋਰ ਪੜ੍ਹੋ: Hindi Diwas 2023 : ਅੱਜ ਮਨਾਇਆ ਜਾ ਰਿਹਾ ਹੈ ਹਿੰਦੀ ਦਿਵਸ, ਜਾਣੋ ਇਸ ਦਿਨ ਦਾ ਇਤਿਹਾਸ ਤੇ ਮਹੱਤਤਾ

ਗੁਰਦਾਸ ਮਾਨ ਦੇ ਇਸ ਬਿਆਨ ਦੇ ਕਾਰਨ ਉਨ੍ਹਾਂ ਨੂੰ ਕਾਫੀ ਟ੍ਰੋਲ ਵੀ ਹੋਣਾ ਪਿਆ। ਗਾਇਕ ਨੇ ਆਪਣੇ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਰਾਹੀਂ ਆਪਣਾ ਦਰਦ ਬਿਆਨ ਕੀਤਾ। ਹਾਲਾਂਕਿ ਕਿ ਗਾਇਕ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਦੀ ਭਾਵਨਾਵਾਂ ਨੂੰ ਆਹਤ ਕਰਨ ਲਈ ਨਹੀਂ ਸਗੋਂ ਪੰਜਾਬੀ ਤੇ ਹਿੰਦੀ ਦੋਹਾਂ  ਭਾਸ਼ਾਵਾਂ ਨੂੰ ਬਰਾਬਰ ਮਾਣ ਦੇਣ ਲਈ ਇਹ ਬਿਆਨ ਦਿੱਤਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network