ਦੁਖਦ ਖਬਰ ! ਪੰਜਾਬ ਦੇ ਨਾਮੀ ਸ਼ਾਇਰ ਤੇ ਗੀਤਕਾਰ ਹਰਜਿੰਦਰ ਬੱਲ ਦਾ ਹੋਇਆ ਦਿਹਾਂਤ, PGI 'ਚ ਲਏ ਆਖਰੀ ਸਾਹ
Punjabi lyricist Harjinder bal Death News: ਪੰਜਾਬ ਦੇ ਨਾਮੀ ਸ਼ਾਇਰ ਤੇ ਗੀਤਕਾਰ ਹਰਜਿੰਦਰ ਬੱਲ ਦਾ ਦਿਹਾਂਤ ਹੋ ਗਿਆ ਹੈ। ਪੀਜੀਆਈ ਚੰਡੀਗੜ੍ਹ 'ਚ ਉਨ੍ਹਾਂ ਨੇ ਆਖਰੀ ਸਾਹ ਲਏ। ਦਰਅਸਲ ਉਹ ਕਾਫੀ ਦਿਨਾਂ ਤੋਂ ਪੀਜੀਆਈ 'ਚ ਦਾਖ਼ਲ ਸਨ ਜਿੱਥੇ ਉਨ੍ਹਾਂ ਦੀ ਹਾਲਤ ਬੜੀ ਨਾਜ਼ੁਕ ਬਣੀ ਹੋਈ ਸੀ। ਪਹਿਲਾਂ ਵਿਦੇਸ਼ ਵਿੱਚ ਵੀ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ।
ਜਲੰਧਰ ਦੇ ਨਿੱਜੀ ਹਸਪਤਾਲ ਤੋਂ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ। ਦੇਸ਼ -ਵਿਦੇਸ਼ ਵਿਚ ਵੱਸਦੇ ਲੇਖਕ ਭਾਈਚਾਰੇ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਲਿਖੇ ਗੀਤਾਂ ਨੂੰ ਫ਼ਿਰੋਜ਼ ਖ਼ਾਨ, ਸਰਦੂਲ ਸਿਕੰਦਰ ਸਮੇਤ ਪੰਜਾਬ ਦੇ ਕਈ ਨਾਮੀ ਗਾਇਕ ਆਵਾਜ਼ ਦੇ ਚੁੱਕੇ ਹਨ। ਗੀਤਕਾਰੀ ਦੇ ਨਾਲ-ਨਾਲ ਉਹ ਗ਼ਜ਼ਲ ਦੇ ਖੇਤਰ ਵਿੱਚ ਵੀ ਬੜੇ ਮਕਬੂਲ ਹਨ। ਉਨ੍ਹਾਂ ਨੇ ਗ਼ਜ਼ਲ ਦੇ ਸਿਖਾਂਦਰੂਆਂ ਲਈ ਵੀ ਕਿਤਾਬਾਂ ਲਿਖੀਆਂ।
ਉਨ੍ਹਾਂ ਵੱਲੋਂ ਲਿਖੇ 'ਸੱਜਣਾ ਵੇ ਮਿਲਿਆਂ ਨੂੰ ਹੋ ਗਿਆ ਜ਼ਮਾਨਾ' ਤੇ 'ਫ਼ਸਲੀ ਬਟੇਰੇ ਮਿਲ ਜਾਣਗੇ ਬਥੇਰੇ' ਗੀਤ ਫਿਰੋਜ਼ ਖਾਨ ਨੇ ਗਾਏ ਹਨ ਜੋ ਕਾਫੀ ਹਿੱਟ ਹੋਏ। 'ਜਦੋਂ ਹੋ ਗਈ ਮੇਰੀ ਡੋਲੀ, ਮਾਏਂ ਅੱਖੀਆਂ ਤੋਂ ਓਹਲੇ...ਪਿੱਛੋਂ ਦੇਖ ਦੇਖ ਰੋਈਂ ਮੇਰੇ ਗੁੱਡੀਆਂ ਪਟੋਲੇ' ਨੂੰ ਸਰਦੂਲ ਸਿਕੰਦਰ ਨੇ ਆਪਣੀ ਆਵਾਜ਼ ਦਿੱਤੀ ਜੋ ਹਰੇਕ ਦੀ ਅੱਖ 'ਚ ਹੰਝੂ ਲਿਆਉਣ ਵਾਲਾ ਗੀਤ ਹੈ।
- PTC PUNJABI