ਕਣਕ ਦੀ ਵਾਢੀ ਦੌਰਾਨ ਰੇਸ਼ਮ ਸਿੰਘ ਅਨਮੋਲ ਨੇ ਸਿੱਟੇ ਚੁਗਣ ਆਈਆਂ ਗਰੀਬ ਬੱਚੀਆਂ ਤੇ ਮਹਿਲਾਵਾਂ ਨੂੰ ਵੰਡੀ ਕਣਕ
ਪੰਜਾਬ ‘ਚ ਇਨ੍ਹੀਂ ਦਿਨੀਂ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ। ਕਿਸਾਨ ਆਪਣੀ ਕਣਕ ਦੀ ਫ਼ਸਲ ਵੱਢ ਕੇ ਮੰਡੀਆਂ ‘ਚ ਪਹੁੰਚਾ ਰਹੇ ਹਨ । ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ (Resham Singh Anmol) ਜਿੱਥੇ ਗਾਇਕ ਹੈ, ਉੱਥੇ ਹੀ ਇੱਕ ਕਾਮਯਾਬ ਕਿਸਾਨ ਵੀ ਹਨ । ਉਹ ਆਪਣੇ ਖੇਤਾਂ ‘ਚ ਖੁਦ ਵਾਹੀ ਕਰਦੇ ਹਨ ਅਤੇ ਫਸਲਾਂ ਉਗਾਉਂਦੇ ਹਨ । ਉਹਨਾਂ ਦੇ ਖੇਤਾਂ ‘ਚ ਵੀ ਵਾਢੀ ਚੱਲ ਰਹੀ ਹੈ । ਗਾਇਕ ਖੁਦ ਕੰਬਾਈਨ ਦੇ ਰਾਹੀਂ ਫਸਲ ਵਢਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਗੁਰੁ ਸਾਹਿਬਾਨ ਦੇ ਫਰਮਾਨ ਮੁਤਾਬਕ ਆਪਣੀ ਫ਼ਸਲ ਚੋਂ ਕੁਝ ਹਿੱਸਾ ਗਰੀਬਾਂ ਨੂੰ ਵੀ ਵੰਡਦੇ ਹੋਏ ਨਜ਼ਰ ਆ ਰਹੇ ਹਨ ।
ਦੱਸ ਦਈਏ ਕਿ ਕਣਕ ਦੀ ਵਾਢੀ ਤੋਂ ਬਾਅਦ ਕਈ ਗਰੀਬ ਤੇ ਜ਼ਰੂਰਤਮੰਦ ਲੋਕ ਅਕਸਰ ਖੇਤਾਂ ਚੋਂ ਕਣਕ ਦੇ ਸਿੱਟੇ ਚੁਗਣ ਦੇ ਲਈ ਆਉਂਦੇ ਹਨ ।ਪਰ ਰੇਸ਼ਮ ਸਿੰਘ ਅਨਮੋਲ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਅੱਗੇ ਆਉਂਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਖੇਤਾਂ ‘ਚ ਆਈਆਂ ਗਰੀਬ ਤੇ ਮਜ਼ਦੂਰ ਕੁੜੀਆਂ ਨੂੰ ਆਪਣੇ ਹੱਥੀਂ ਕਣਕ ਦਿੰਦਾ ਹੋਏ ਨਜ਼ਰ ਆ ਰਹੇ ਹਨ ।
ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।ਰੇਸ਼ਮ ਸਿੰਘ ਅਨਮੋਲ ਦੇ ਇਸ ਉਪਰਾਲੇ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਇੱਕ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ‘ਦਿਲ ਜਿੱਤ ਹੈ ਅਨਮੋਲ ਸਿਓਂ, ਦਰਿਆ ਦਿਲੀ ਸਿਰਫ਼ ਗੀਤਾਂ ਵਾਲਾ ਜੱਟ ਹੀ ਨਹੀਂ, ਅਸਲੀਅਤ ‘ਚ ਜੱਟਾ ਵਾਲਾ ਜੇਰਾ ਵੀ ਹੈ’।ਇੱਕ ਹੋਰ ਨੇ ਲਿਖਿਆ ‘ਇਹੀ ਹੁੰਦੀ ਆ ਅਸਲੀ ਇਨਸਾਨੀਅਤ, ਬੰਦਾ ਪੈਸੇ ਤੋਂ ਨਹੀਂ ਦਿਲੋਂ ਅਮੀਰ ਹੋਣਾ ਚਾਹੀਦਾ’।
- PTC PUNJABI