ਆਨੰਦ ਕਾਰਜ ਸਮੇਂ ਲਾੜੀਆਂ ਲਈ ਡਰੈੱਸ ਕੋਡ ਕੀਤਾ ਗਿਆ ਤੈਅ, ਲਾਵਾਂ ਵੇਲੇ ਲਹਿੰਗਾ ਪਹਿਨਣ ‘ਤੇ ਲਗੀ ਪਾਬੰਦੀ
Dress code for brides during Anand Karaj: ਸ੍ਰੀ ਗੁਰਦੁਆਰਾ ਸਾਹਿਬ ‘ਚ ਆਨੰਦ ਕਾਰਜ ਸਮੇਂ ਲਾੜੀਆਂ ਲਈ ਡਰੈੱਸ ਕੋਡ ਤੈਅ ਕੀਤਾ ਗਿਆ ਹੈ। ਸਿੱਖ (Sikh) ਧਰਮ ਦੇ 5 ਤਖ਼ਤਾਂ ਦੇ ਜਥੇਦਾਰਾਂ ਦੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਈ ਮੀਟਿੰਗ ਦੌਰਾਨ ਇਸ ਸਬੰਧੀ ਮਤਾ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਸਿੱਖ ਸੰਗਤ ਨੂੰ ਇਸ ਕੋਡ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਵੱਲੋਂ ਇਸ ਦੀ ਪਾਲਣਾ ਨਾ ਕੀਤੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਕੋਡ ਅਨੁਸਾਰ ਲਾਵਾਂ ਦੌਰਾਨ ਲਹਿੰਗਾ ਪਹਿਨਣ ‘ਤੇ ਪਾਬੰਦੀ ਲਗਾਈ ਗਈ ਹੈ ਅਤੇ ਹੋਏ ਵੀ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ।
ਜਾਰੀ ਕੀਤੀਆਂ ਗਈਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਵਿਆਹ ਦੇ ਜਲੂਸ ਦੌਰਾਨ ਲਾੜੀ ਨੂੰ ਭਾਰੀ ਲਹਿੰਗਾ ਨਹੀਂ ਪਾਉਣਾ ਚਾਹੀਦਾ। ਸਿਰ ‘ਤੇ ਚੁੰਨੀ ਅਤੇ ਕਮੀਜ਼-ਸਲਵਾਰ ਪਹਿਣਨ ਲਈ ਕਿਹਾ ਗਿਆ ਹੈ। ਮੀਟਿੰਗ ਦੌਰਾਨ ਸਿੰਘ ਸਾਹਿਬਾਨ ਨੇ ਲਾੜੀ ਨੂੰ ਫੁੱਲਾਂ ਵਾਲੀ ਚੁੰਨੀ ਨਾਲ ਢੱਕਣ ਤੇ ਵੀ ਇਤਰਾਜ਼ ਤਰਾਇਆ ਹੈ। ਉਨ੍ਹਾਂ ਕਿਹਾ ਕਿ ਆਨੰਦ ਕਾਰਜ ਸਮੇਂ ਲਾੜੀ ਨੂੰ ਚੁੰਨੀ ਜਾਂ ਫੁੱਲਾਂ ਨਾਲ ਢੱਕਣ ਦਾ ਰਿਵਾਜ ਠੀਕ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਇਹ ਗਲਤ ਰਿਵਾਜ਼ ਸ਼ੁਰੂ ਹੋ ਗਿਆ ਹੈ ਜਿਸ ਤੇ ਪਾਬੰਦੀ ਹੋਈ ਜਰੂਰੀ ਹੈ।
ਇਸ ਦੌਰਾਨ ਪੰਜ ਸਿੰਘ ਸਾਹਿਬਾਨ ਨੇ ਆਨੰਦ ਕਾਰਜ ਸਬੰਧੀ ਵਿਚਾਰ ਕਰਨ ਉਪਰੰਤ ਅਹਿਮ ਗੁਰਮਤਾ ਪਾਸ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਦੇਖਣ 'ਚ ਆਇਆ ਹੈ ਕਿ ਵਿਆਹ ਦੇ ਕਾਰਡ 'ਤੇ ਬੱਚਿਆਂ ਦੇ ਸਿੱਧੇ ਨਾਮ ਹੀ ਲਿਖ ਕੇ ਵੰਡ ਦਿਤੇ ਜਾਂਦੇ ਹਨ, ਜੋ ਗੁਰਮਤਿ ਤੋਂ ਉਲਟ ਹੈ।ਇਸ ਲਈ ਵਿਆਹ ਦੇ ਕਾਰਡ 'ਤੇ ਬੱਚਿਆਂ ਦੇ ਨਾਮ ਨਾਲ 'ਸਿੰਘ' ਅਤੇ 'ਕੌਰ' ਦੀ ਵਰਤੋਂ ਲਾਜ਼ਮੀ ਕਰਨ ਨੂੰ ਕਿਹਾ ਗਿਆ ਹੈ। ਗੁਰਮਤੇ 'ਚ ਕਿਹਾ ਗਿਆ ਕਿ ਇਹ ਵੀ ਦੇਖਣ ਨੂੰ ਆਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਤੋਂ ਪਹਿਲਾਂ ਜਦੋਂ ਲਾੜੀ ਦੀ ਐਂਟਰੀ ਹੁੰਦੀ ਹੈ ਤਾਂ ਉਸ ਮੌਕੇ ਉਸ ਦੇ ਸਿਰ 'ਤੇ ਚੁੰਨੀ ਜਾਂ ਫੁੱਲਾਂ ਦਾ ਛਤਰ ਬਣਾ ਉਸ ਦੇ ਰਿਸ਼ਤੇਦਾਰ ਉਸ ਨੂੰ ਗੁਰੂ ਸਾਹਿਬ ਦੀ ਹਜ਼ੂਰੀ 'ਚ ਲਿਆ ਕੇ ਬਿਠਾਉਂਦੇ ਹਨ, ਜੋ ਕਿ ਗੁਰਮਤਿ ਦੇ ਉਲਟ ਹੈ ਅਤੇ ਇਸ ਮਾਰਡਰਨ ਰਿਵਾਜ਼ 'ਤੇ ਤੁਰੰਤ ਪ੍ਰਭਾਵ ਨਾਲ ਸਿੰਘ ਸਾਹਿਬਾਨਾਂ ਵਲੋਂ ਪਾਬੰਦੀ ਲਗਾ ਦਿਤੀ ਗਈ ਹੈ।
ਅਖੀਰ ‘ਚ ਸਿੰਘ ਸਾਹਿਬਾਨਾਂ ਨੇ ਕਿਹਾ ਕਿ ਅਕਸਰ ਵੇਖਣ ਨੂੰ ਮਿਲ ਰਿਹਾ ਕਿ ਫੈਸ਼ਨ ਟਰੈਂਡ ਦੇ ਚਲਦੇ ਅੱਜ-ਕੱਲ੍ਹ ਲਾੜੀਆਂ ਬਹੁਤ ਭਾਰੀ ਲਹਿੰਗਾ ਪਾ ਕੇ ਆਉਂਦੀਆਂ ਨੇ , ਜਿਸ ਕਰਕੇ ਕਈ ਵਾਰ ਉਨ੍ਹਾਂ ਦਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਉੱਠਣਾ-ਬਹਿਣਾ ਅਤੇ ਇਥੇ ਤਕ ਕੇ ਮੱਥਾ ਟੇਕਣਾ ਵੀ ਬਹੁਤ ਔਖਾ ਹੋ ਜਾਂਦਾ ਹੈ। ਜਿਸ ਨੂੰ ਮੁੱਖ ਰੱਖਦਿਆਂ ਹੁਣ ਲਾੜੀ ਨੂੰ ਮਰਯਾਦਾ ਮੁਤਾਬਕ ਲਹਿੰਗਾ-ਚੋਲੀ ਦੀ ਥਾਂ ਕਮੀਜ਼-ਸਲਵਾਰ ਪਾਉਣ ਦੇ ਹੁਕਮ ਦਿਤੇ ਗਏ ਹਨ।
ਇਸ ਨਵੇਂ ਨਿਰਦੇਸ਼ਾਂ ਤੋਂ ਬਾਅਦ ਪਹਿਲਾਂ ਜੋ ਲਾੜੀ ਨੂੰ ਫੁੱਲਾਂ ਦੀ ਛਾਂ ਕਰਕੇ ਗੁਰੂ ਗ੍ਰੰਥ ਸਾਹਿਬ ਅੱਗੇ ਲੈ ਕੇ ਆਉਂਦੇ ਸਨ ਹੁਣ ਇਸ ਨੂੰ ਵਰਜਿਆ ਗਿਆ ਹੈ। ਅਜਿਹੇ ‘ਚ ਲਾਵਾਂ-ਫੇਰੇ ਦੌਰਾਨ ਗੁਰਦੁਆਰਿਆਂ ‘ਚ ਫੁੱਲ ਜਾਂ ਚੁੰਨੀ ਲੈ ਕੇ ਜਾਣ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਸਿੰਘ ਸਹਿਬਾਨਾ ਨੇ ਇਸ ਗੱਲ ਤੇ ਵੀ ਧਿਆਨ ਦਿੱਤਾ ਹੈ ਕਿ ਡੈਸਟੀਨੇਸ਼ਨ ਵਿਆਹ ਦੀ ਰਿਵਾਜ਼ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਦੇ ਚੱਲਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂਦੁਆਰੇ ਤੋਂ ਬਾਹਰ ਲਿਜਾਇਆ ਜਾਂਦਾ ਹੈ। ਇਸ ਤੇ ਹੁਣ ਪਾਬੰਦੀ ਲਗਾ ਦਿੱਤੀ ਗਈ ਹੈ। ਕਈ ਵਿਆਹਾਂ ਚ ਦੇਖਿਆ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਿਆਹ ਲਈ ਸਮੁੰਦਰ ਦੇ ਕੰਢੇ ਅਤੇ ਕਈ ਵਾਰ ਮਾਰੂਥਲ ਵਾਲੇ ਇਲਾਕਿਆ ਲਿਆਜਾਇਆ ਜਾਂਦਾ ਹੈ।
ਸਿੰਘ ਸਾਹਿਬਾਨਾਂ ਨੇ ਕਿਹਾ ਕਿ ਹਰ ਸਿੱਖ ਨੂੰ ਇਸ ਗੁਰਮਤੇ ਦੀ ਪਾਲਣਾ ਕਰਨੀ ਚਾਹੀਦੀ ਹੈ, ਜੋ ਵੀ ਸਿੱਖ ਇਸ ਦੇ ਉਲਟ ਜਾਵੇਗਾ, ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
- PTC PUNJABI