ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ 'ਜੋੜੀ' ਨੇ ਰਚਿਆ ਇਤਿਹਾਸ, ਤੋੜਿਆ ਇਸ ਪੰਜਾਬੀ ਫ਼ਿਲਮ ਦਾ ਰਿਕਾਰਡ
Punjabi film Jodi create history : ਪੰਜਾਬੀ ਫ਼ਿਲਮ 'ਜੋੜੀ' ਦੇ ਵਿੱਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਮੁੱਖ ਭੂਮਿਕਾਵਾਂ 'ਚ ਹਨ। ਦੱਸ ਦਈਏ ਕਿ ਇਸ ਫਿਲਮ 05 ਮਈ ਨੂੰ ਭਾਰਤ ਤੋਂ ਬਾਹਰ ਤੇ 6 ਮਈ ਨੂੰ ਭਾਰਤ ਵਿੱਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਦੀ ਕਹਾਣੀ ਨੇ ਹਰ ਕਿਸੇ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਤੇ ਹੁਣ ਫ਼ਿਲਮ ਵੇਖ ਕੇ ਆਏ ਲੋਕ ਜੋੜੀ ਦੀ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ। ਹਾਲ ਹੀ ਵਿੱਚ ਬਿਲਬੋਰਡ ਵੱਲੋਂ ਵੀ ਫ਼ਿਲਮ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ।
ਦਿਲਜੀਤ ਤੇ ਨਿਮਰਤ ਦੀ ਜੋੜੀ ਨੇ ਮੋਹਿਆ ਦਰਸ਼ਕਾਂ ਦਾ ਦਿਲ
ਇਸ ਫ਼ਿਲਮ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ‘ਚ ਦੋਵੇਂ ਸੰਗੀਤਕਾਰ 1980 ਦੇ ਦਹਾਕੇ ਦੇ ਪੰਜਾਬੀ ਲੋਕ ਸੰਗੀਤ ਦੇ ਦ੍ਰਿਸ਼ ਨੂੰ ਨਵਾਂ ਰੂਪ ਦੇਣ ਲਈ ਇੱਕ ਮਿਹਨਤੀ ਖੋਜ ਸ਼ੁਰੂ ਕਰਦੇ ਹਨ।
ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਸਟਾਰਰ ਫ਼ਿਲਮ 'ਜੋੜੀ' ਇਸੇ ਮਹੀਨੇ ਦੀ ਸ਼ੁਰੂਆਤ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਈ, ਜਿਸ ਨੂੰ ਲੋਕਾਂ ਵਲੋਂ ਰੱਜਵਾਂ ਪਿਆਰ ਮਿਲ ਰਿਹਾ ਹੈ। ਇਸ ਫ਼ਿਲਮ ਦੀ ਖ਼ਾਸ ਗੱਲ ਹੈ ਕਿ ਪਿਛਲੇ 25 ਦਿਨਾਂ ਤੋਂ 'ਜੋੜੀ' ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਅਦਾਕਾਰਾ ਤੇ ਗਾਇਕਾ ਨਿਮਰਤ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਇਸ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਫ਼ਿਲਮ 'ਜੋੜੀ ਦੀ 25 ਦਿਨਾਂ ਬਾਅਦ ਵੀ ਕਮਾਈ ਦੀ ਰਫਤਾਰ ਘੱਟ ਨਹੀਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਨੇ 25 ਕਰੋੜ ਦੇ ਕਰੀਬ ਕਾਰੋਬਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਫ਼ਿਲਮ ਨੇ ਅਮਰੀਕਾ-ਕੈਨੇਡਾ 'ਚ ਕਮਾਈ ਦੇ ਰਿਕਾਰਡ ਵੀ ਤੋੜ ਦਿੱਤੇ ਹਨ। ਫ਼ਿਲਮ 'ਜੋੜੀ ਨੇ ਅਮਰੀਕਾ ਕੈਨੇਡਾ 'ਚ 2.84 ਮਿਲੀਅਨ ਡਾਲਰ ਦੀ ਕਮਾਈ ਕਰ ਲਈ ਹੈ।
ਫ਼ਿਲਮ 'ਜੋੜੀ' ਨੇ ਤੋੜਿਆ ਫ਼ਿਲਮ 'ਚੱਲ ਮੇਰਾ ਪੁੱਤ-2' ਦਾ ਰਿਕਾਰਡ
ਇਸ ਦੇ ਨਾਲ ਹੀ ਫ਼ਿਲਮ 'ਜੋੜੀ' ਨੇ ਅਮਰਿੰਦਰ ਗਿੱਲ ਦੀ ਫ਼ਿਲਮ 'ਚੱਲ ਮੇਰਾ ਪੁੱਤ 2' ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਖ਼ਬਰਾਂ ਹਨ ਕਿ ਚੌਥੇ ਹਫ਼ਤੇ ਵੀ ਫ਼ਿਲਮ ਦੇ ਸ਼ੋਅਜ਼ ਹਾਊਸਫੁੱਲ ਚੱਲ ਰਹੇ ਹਨ। ਇਸ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫ਼ਿਲਮ ਜਲਦ ਹੀ ਪੂਰੀ ਦੁਨੀਆ 'ਚ 3 ਮਿਲੀਅਨ ਡਾਲਰ ਦਾ ਅੰਕੜਾ ਛੂਹ ਲਵੇਗੀ। ਇਸ ਬਾਰੇ ਨਿਮਰਤ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ।
ਬਿਲਬੋਰਡ 'ਤੇ ਵੀ ਛਾਈ ਦਿਲਜੀਤ ਤੇ ਨਿਮਰਤ ਦੀ ਜੋੜੀ
ਇਹ ਇੱਕ ਪੰਜਾਬੀ ਫ਼ਿਲਮ ਸਟੇਟਸਾਈਡ ਲਈ ਇੱਕ ਵੱਡੀ ਗਿਣਤੀ ਹੈ। ਇਹ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਦੁਨੀਆ ਭਰ ਤੋਂ ਪ੍ਰਸ਼ੰਸਕ ਆਪਣੇ ਚਹੇਤੇ ਕਲਾਕਾਰਾਂ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ। ਇਸ ਦੇ ਨਾਲ ਹੀ ਮਾਣ ਦੀ ਗੱਲ ਇਹ ਵੀ ਹੈ ਕਿ ਦਿਲਜੀਤ ਤੇ ਨਿਮਰਤ ਦੀ ਇਹ ਖੇਤਰੀ ਫ਼ਿਲਮ ਬਿਲਬੋਰਡ ‘ਤੇ ਛਾ ਗਈ ਹੈ। ਇਹ ਖ਼ਬਰ ਖੁਦ ਬਿਲਬੋਰਡ ਨੇ ਸਾਂਝੀ ਕੀਤੀ ਹੈ।
- PTC PUNJABI