PK Rosy Birth Anniversary: ਗੂਗਲ ਨੇ ਡੂਡਲ ਬਣਾ ਕੇ ਸਿਨੇਮਾ ਦੀ ਪਹਿਲੀ ਅਦਾਕਾਰਾ ਨੂੰ ਕੀਤਾ ਯਾਦ, ਜਾਣੋ ਪੀਕੇ ਰੋਜ਼ੀ ਨਾਲ ਜੁੜੀਆਂ ਖ਼ਾਸ ਗੱਲਾਂ
PK Rosy 120th Birth Anniversary: ਮਲਿਆਲਮ ਸਿਨੇਮਾ ਦੀ ਪਹਿਲੀ ਮਹਿਲਾ ਅਭਿਨੇਤਰੀ ਬਣੀ ਪੀਕੇ ਰੋਜ਼ੀ (PK Rosy )ਸਨਮਾਨ ਵਿੱਚ ਗੂਗਲ ਨੇ ਅੱਜ ਦਾ ਡੂਡਲ ਬਣਾਇਆ ਹੈ। ਗੂਗਲ ਡੂਡਲ (Google Doodle)ਦੀ ਸ਼ਾਨ ਬਣੀ ਇਸ ਅਭਿਨੇਤਰੀ ਬਾਰੇ ਬੇਹੱਦ ਹੀ ਘੱਟ ਲੋਕ ਜਾਣਦੇ ਹਨ। ਅੱਜ ਅਦਾਕਾਰਾ ਪੀਕੇ ਰੋਜ਼ੀ ਦੀ 120ਵੀਂ ਜਯੰਤੀ ਹੈ। ਇਸ ਖ਼ਾਸ ਮੌਕੇ 'ਤੇ ਆਓ ਜਾਣਦੇ ਹਾਂ ਕਿ ਪੀਕੇ ਰੋਜ਼ੀ ਕੌਣ ਸੀ, ਉਹ ਕਿਵੇਂ ਮਲਿਆਲਮ ਸਿਨੇਮਾ ਦੀ ਪਹਿਲੀ ਅਭਿਨੇਤਰੀ ਬਣੀ ਤੇ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ।
image source: Google
ਪੀਕੇ ਰੋਜ਼ੀ (PK Rosy) ਦਾ ਜਨਮ
ਰੋਜ਼ੀ ਦਾ ਜਨਮ 10 ਫਰਵਰੀ 1903 ਵਿੱਚ, ਤਿਰੂਵਨੰਤਪੁਰਮ, ਪਹਿਲਾਂ ਤ੍ਰਿਵੇਂਦਰਮ (ਕੇਰਲ ਦੀ ਰਾਜਧਾਨੀ) ਵਿੱਚ ਰਾਜਅੰਮਾ ਵਜੋਂ ਹੋਇਆ ਸੀ।ਰੋਜ਼ੀ ਨੂੰ ਬਚਪਨ ਤੋਂ ਹੀ ਐਕਟਿੰਗ ਕਰਨ ਦਾ ਜਨੂੰਨ ਸੀ।
ਅਦਾਕਾਰਾ ਦੇ ਸੰਘਰਸ਼ ਦੀ ਕਹਾਣੀ
ਪੀਕੇ ਰੋਜ਼ੀ ਦੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਹ ਇੱਕ ਅਜਿਹੇ ਸਮੇਂ ਵਿੱਚ ਲੀਡ ਅਦਾਕਾਰਾ ਬਣੀ ਜਦੋਂ ਲੋਕ ਸਿਨੇਮਾ ਵਿੱਚ ਔਰਤਾਂ ਦੇ ਕੰਮ ਕਰਨ ਨੂੰ ਚੰਗਾ ਨਹੀਂ ਮੰਨਦੇ ਸਨ। ਇੱਕ ਅਜਿਹੇ ਸਮੇਂ ਵਿੱਚ ਜਦੋਂ ਐਕਟਿੰਗ ਦੀ ਕਲਾ ਨੂੰ ਸਮਾਜ ਵਿੱਚ ਚੰਗੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ ਸੀ, ਖ਼ਾਸ ਕਰਕੇ ਔਰਤਾਂ ਲਈ ਪੀਕੇ ਰੋਜ਼ੀ ਨੇ ਮਲਿਆਲਮ ਫ਼ਿਲਮ ਵਿਗਾਥਾਕੁਮਾਰਨ (ਦਿ ਲੌਸਟ ਚਾਈਲਡ) ਵਿੱਚ ਆਪਣੀ ਭੂਮਿਕਾ ਨਾਲ ਇਨ੍ਹਾਂ ਭਰਮਾਂ ਤੇ ਸਮਾਜਿਕ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਸੀ।
ਅੱਜ ਵੀ ਪੀਕੇ ਰੋਜ਼ੀ ਦੀ ਕਹਾਣੀ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਦਾ ਕੰਮ ਕਰਦੀ ਹੈ। ਉਸ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਗੁਮਨਾਮ ਹੋ ਕੇ ਗੁਜ਼ਾਰਨੀ ਪਈ। ਅੱਜ ਵੀ ਗੂਗਲ 'ਤੇ ਮਹਿਜ਼ ਅਦਾਕਾਰਾ ਦੀ ਇੱਕੋ ਤਸਵੀਰ ਮਿਲਦੀ ਹੈ ਜੋ ਕਿ ਬੇਹੱਦ ਧੁੰਧਲੀ ਹੈ। ਨਾਂ ਤਾਂ ਉਸ ਦਾ ਕੋਈ ਫੋਟੋਸ਼ੂਟ ਹੋਇਆ ਤੇ ਨਾਂ ਹੀ ਕਦੇ ਤਸਵੀਰਾਂ ਖਿੱਚਿਆਂ ਗਈਆਂ ਸਨ।
image source: Google
ਪਹਿਲੀ ਫ਼ਿਲਮ ਰਿਲੀਜ਼ ਹੁੰਦੇ ਹੀ ਲੋਕਾਂ ਨੇ ਸਾੜ ਦਿੱਤਾ ਸੀ ਅਦਾਕਾਰਾ ਦਾ ਘਰ
ਸਾਲ 1928 ਵਿੱਚ ਪੀਕੇ ਰੋਜ਼ੀ ਪਹਿਲੀ ਮਲਿਆਲਮ ਫ਼ਿਲਮ ਵਿਗਾਥਾਕੁਮਾਰਨ (ਦਿ ਲੌਸਟ ਚਾਈਲਡ) ਵਿੱਚ ਇੱਕ ਲੀਡ ਅਦਾਕਾਰਾ ਦੀ ਭੂਮਿਕਾ ਅਦਾ ਕਰ ਰਹੀ ਸੀ। ਉਹ ਮਲਿਆਲਮ ਸਿਨੇਮਾ ਦੀ ਪਹਿਲੀ ਅਭਿਨੇਤਰੀ ਅਤੇ ਭਾਰਤੀ ਸਿਨੇਮਾ ਦੀ ਪਹਿਲੀ ਦਲਿਤ ਅਭਿਨੇਤਰੀ ਸੀ।
ਫ਼ਿਲਮ ਵਿੱਚ ਰੋਜ਼ੀ ਨੇ ਸਰੋਜਨੀ ਨਾਂ ਦੀ ਉੱਚੇ ਵਰਗ ਦੀ ਔਰਤ ਦਾ ਕਿਰਦਾਰ ਨਿਭਾਇਆ ਸੀ। ਜਦੋਂ ਫਿਲਮ ਰਿਲੀਜ਼ ਹੋਈ, ਤਾਂ ਇੱਕ ਭਾਈਚਾਰੇ ਦੇ ਮੈਂਬਰ ਕਥਿਤ ਤੌਰ 'ਤੇ ਇੱਕ ਦਲਿਤ ਔਰਤ ਨੂੰ ਉੱਚ ਵਰਗ ਦੀ ਮਹਿਲਾ ਦਰਸਾਉਣ ਲਈ ਗੁੱਸੇ ਵਿੱਚ ਆ ਗਏ। ਅਦਾਕਾਰਾ ਦਾ ਲਗਾਤਾਰ ਵਿਰੋਧ ਕੀਤਾ ਜਾਣ ਲੱਗਾ। ਉਸ ਦੇ ਘਰ ਨੂੰ ਕਥਿਤ ਤੌਰ 'ਤੇ ਕੁਝ ਉੱਚ ਜਾਤੀਆਂ ਵਾਲੇ ਲੋਕਾਂ ਵੱਲੋਂ ਅੱਗ ਲਾ ਕੇ ਸਾੜ ਦਿੱਤਾ ਗਿਆ।
ਆਖ਼ਿਰ ਪੀਕੇ ਰੋਜ਼ੀ ਨੂੰ ਕਿਉਂ ਗੁਜ਼ਾਰਨੀ ਪਈ ਗੁਮਨਾਮ ਜ਼ਿੰਦਗੀ
ਜਦੋਂ ਅਦਾਕਾਰਾ ਦੇ ਘਰ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਤਾਂ ਆਪਣੀ ਜਾਨ ਬਚਾਉਣ ਲਈ, ਰੋਜ਼ੀ ਇੱਕ ਲੌਰੀ ਵਿੱਚ ਛੁੱਪ ਕੇ ਭੱਜ ਗਈ ਜੋ ਤਾਮਿਲਨਾਡੂ ਵੱਲ ਜਾ ਰਹੀ ਸੀ। ਕਿਹਾ ਜਾਂਦਾ ਹੈ ਕਿ ਅਦਾਕਾਰਾ ਨੇ ਉਸੇ ਲਾਰੀ ਡਰਾਈਵਰ ਕੇਸ਼ਵਨ ਪਿੱਲਈ ਨਾਲ ਵਿਆਹ ਕੀਤਾ ਅਤੇ ਆਪਣੀ ਜ਼ਿੰਦਗੀ 'ਰਾਜਮਲ ਪਿੱਲਈ 'ਦੇ ਰੂਪ ਵਿੱਚ ਬਤੀਤ ਕੀਤੀ। ਇਸ ਘਟਨਾ ਤੋਂ ਬਾਅਦ ਉਹ ਮੁੜ ਕਦੇ ਫ਼ਿਲਮਾਂ ਲਈ ਵਾਪਿਸ ਨਹੀਂ ਮੁੜੀ ਤੇ ਨਾਂ ਹੀ ਉਸ ਨੇ ਕਦੇ ਪ੍ਰਸਿੱਧੀ ਵੱਲ ਨਹੀਂ ਵਧੀ। ਪੀਕੇ ਰੋਜ਼ੀ ਕਦੇ ਮੁੜ ਆਪਣੇ ਪਰਿਵਾਰ ਕੋਲ ਜਾਂ ਰਿਸ਼ਤੇਦਾਰਾਂ ਕੋਲ ਵਾਪਿਸ ਨਹੀਂ ਗਈ।
image source: Google
ਮਲਿਆਮ ਸਿਨੇਮਾਂ ਵਿੱਚ ਪੀਕੇ ਰੋਜ਼ੀ ਨੂੰ ਅਭਿਨੇਤਰਿਆਂ ਨੇ ਦਿੱਤਾ ਸਨਮਾਨ
ਮਲਿਆਲਮ ਸਿਨੇਮਾ ਵਿੱਚ ਮਹਿਲਾ ਅਭਿਨੇਤਰੀਆਂ ਦੀ ਇੱਕ ਸੁਸਾਇਟੀ ਨੇ ਪੀਕੇ ਰੋਜ਼ੀ ਨੂੰ ਸਨਮਾਨ ਦੇਣ ਲਈ ਆਪਣਾ ਨਾਮ ਪੀਕੇ ਰੋਜ਼ੀ ਫ਼ਿਲਮ ਸੋਸਾਇਟੀ ਰੱਖਿਆ ਹੈ। ਹਾਲਾਂਕਿ ਪੀਕੇ ਰੋਜ਼ੀ ਬਾਰੇ ਲੋਕਾਂ ਨੂੰ ਜ਼ਿਆਦਾ ਨਹੀਂ ਪਤਾ , ਪਰ ਅੱਜ ਗੂਗਲ ਵੱਲੋਂ ਡੂਡਲ ਬਣਾ ਕੇ ਪੀਕੇ ਰੋਜ਼ੀ ਨੂੰ ਸਨਮਾਨ ਦਿੱਤਾ ਹੈ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਉਸ ਦੀ ਸੰਘਰਸ਼ ਭਰੀ ਕਹਾਣੀ ਤੋਂ ਜਾਣੂ ਕਰਵਾਇਆ ਹੈ।